5 Dariya News

ਪੰਜਾਬ ਸਰਕਾਰ ਕਾਰੋਬਾਰੀਆਂ ਤੇ ਉਦਯੋਗਪਤੀਆਂ ਦੀਆਂ ਮੁਸ਼ਕਲਾਂ ਦੇ ਹੱਲ ਲਈ ਵਚਨਬੱਧ - ਚੇਅਰਮੈਨ ਅਨਿਲ ਠਾਕੁਰ

ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ ਉਦਯੋਗਪਤੀਆਂ, ਵਪਾਰੀਆਂ ਤੇ ਸਰਕਾਰ ਦਰਮਿਆਨ ਕਰ ਰਿਹੈ ਪੁਲ੍ਹ ਦਾ ਕੰਮ

5 Dariya News

ਫ਼ਤਹਿਗੜ੍ਹ ਸਾਹਿਬ 24-Apr-2025

ਮੁੱਖ ਮੰਤਰੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ‘ਆਪ ਦੀ ਸਰਕਾਰ ਆਪ ਦੇ ਦੁਆਰ’ ਮੁਹਿੰਮ ਤਹਿਤ ਪੰਜਾਬ ਰਾਜ ਟ੍ਰੇਡਰਜ਼ ਕਮਿਸ਼ਨ (ਆਬਕਾਰੀ ਤੇ ਕਰ ਵਿਭਾਗ) ਦੇ ਚੇਅਰਮੈਨ ਅਨਿਲ ਠਾਕੁਰ ਨੇ ਫ਼ਤਹਿਗੜ੍ਹ ਸਾਹਿਬ ਜ਼ਿਲ੍ਹੇ ਦੇ ਵਪਾਰੀਆਂ, ਕਾਰੋਬਾਰੀਆਂ ਤੇ ਉਦਯੋਗਪਤੀਆਂ ਨਾਲ ਬੱਚਤ ਭਵਨ ਵਿਖੇ ਮੀਟਿੰਗ ਕਰਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਸੁਣੀਆਂ ਅਤੇ ਵਪਾਰੀਆਂ, ਕਾਰੋਬਾਰੀਆਂ ਅਤੇ ਉਦਯੋਗਪਤੀਆਂ ਦੇ ਮਾਮਲਿਆਂ ਸਬੰਧੀ ਵਿਚਾਰ ਵਟਾਂਦਰਾ ਕੀਤਾ।  

ਉਨ੍ਹਾਂ ਆਬਕਾਰੀ, ਜੀ ਐਸ ਟੀ ਵਿਭਾਗ ਵਿਭਾਗ ਨੂੰ ਕਰ ਮਾਲੀਆ ਵਧਾਉਣ ਲਈ ਵਿਭਾਗ ਅਤੇ ਵਪਾਰੀ ਭਾਈਚਾਰੇ ਦਰਮਿਆਨ ਸੁਖਾਵਾਂ ਤਾਲਮੇਲ ਬਣਾਉਣ ਲਈ ਕਿਹਾ। ਇਸ ਮੌਕੇ ਚੇਅਰਮੈਨ ਅਨਿਲ ਠਾਕੁਰ ਨੇ ਕਿਹਾ ਕਿ ਪੰਜਾਬ ਦੀ ਸ. ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸਰਕਾਰ ਵੱਲੋਂ ਰਾਜ ਦੇ ਜੀ ਐਸ ਟੀ ਕਰ ਮਾਲੀਏ ਵਿੱਚ 62 ਫ਼ੀਸਦੀ ਵਾਧਾ ਕੀਤਾ ਗਿਆ ਹੈ। ਇਸੇ ਤਰਾਂ ਆਬਕਾਰੀ ਮਾਲੀਏ ਵਿੱਚ 63 ਫੀਸਦੀ ਵਾਧਾ ਕੀਤਾ ਗਿਆ ਹੈ। 

ਉਨ੍ਹਾਂ ਕਿਹਾ ਕਿ ਸਰਕਾਰ ਵੱਲੋਂ ਰਵਾਇਤੀ ਵੈਟ ਪ੍ਰਣਾਲੀ ਤਹਿਤ ਬਕਾਇਆਂ ਦੇ ਇਕਮੁਸ਼ਤ ਹੱਲ ਲਈ ਲਾਗੂ ਕੀਤੀ ਓ ਟੀ ਐਸ ਸਕੀਮ ਦਾ 70311 ਡੀਲਰਾਂ ਨੂੰ ਲਾਭ ਹੋਇਆ ਹੈ, ਜਿਸ ਤਹਿਤ ਉਨ੍ਹਾਂ ਨੂੰ 867 ਕਰੋੜ ਦਾ ਬਕਾਇਆ ਦੇਣਦਾਰੀਆਂ ਚ ਲਾਭ ਮਿਲਿਆ ਹੈ। ਮੀਟਿੰਗ ਨੂੰ ਸੰਬੋਧਨ ਕਰਦਿਆਂ ਚੇਅਰਮੈਨ ਅਨਿਲ ਠਾਕੁਰ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਉਨ੍ਹਾਂ ਨੂੰ ਪੇਸ਼ ਆ ਰਹੀਆਂ ਜਾਇਜ਼ ਮੁਸ਼ਕਿਲਾਂ/ਮੰਗਾਂ ਦਾ ਹੱਲ ਕਰਨ ਲਈ ਹਰ ਸੰਭਵ ਯਤਨ ਕੀਤਾ ਜਾਵੇਗਾ।

ਚੇਅਰਮੈਨ ਅਨਿਲ ਠਾਕੁਰ ਨੇ ਜੀ ਐਸ ਟੀ ਅਤੇ ਆਬਕਾਰੀ ਵਿੰਗ ਦੇ ਅਧਿਕਾਰੀਆਂ ਨੂੰ ਟੈਕਸ ਵਸੂਲੀ ਵਿੱਚ ਮੌਜੂਦ ਖ਼ਾਮੀਆਂ ਨੂੰ ਦੂਰ ਕਰਨ ਲਈ ਢੁਕਵੇਂ ਕਦਮ ਚੁੱਕਣ ਲਈ ਕਿਹਾ। ਉਨ੍ਹਾਂ ਨੇ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਕਿਹਾ ਪੰਜਾਬ ਦੀ ਤਰੱਕੀ ਅਤੇ ਖ਼ਸ਼ਹਾਲੀ ਲਈ ਬਣਦੇ ਟੈਕਸ ਇਮਾਨਦਾਰੀ ਨਾਲ ਅਤੇ ਸਮੇਂ ਸਿਰ ਜਮ੍ਹਾਂ ਕਰਵਾਏ ਜਾਣ ਤਾਂ ਜੋ ਮਾਲੀਏ ਵਿੱਚ ਵਾਧਾ ਹੋਣ ਨਾਲ ਸਰਕਾਰੀ ਖਜ਼ਾਨੇ ਨੂੰ ਲਾਭ ਪੁੱਜ ਸਕੇ।  

ਚੇਅਰਮੈਨ ਠਾਕੁਰ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਹਦਾਇਤਾਂ ’ਤੇ ਕਮਿਸ਼ਨ ਅਤੇ ਵਿਭਾਗ ਸੂਬੇ ’ਚ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਹਾਂ-ਪੱਖੀ ਅਤੇ ਸੁਖਾਵਾਂ ਮਾਹੌਲ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ। ਉਨ੍ਹਾਂ ਇਸ ਮੌਕੇ ਸਟੇਟ ਜੀ ਐਸ ਟੀ ਦੇ ਮੌਕੇ ’ਤੇ ਮੌਜੂਦ ਅਧਿਕਾਰੀਆਂ ਨੂੰ ਵਪਾਰੀਆਂ ਵੱਲੋਂ ਰੱਖੀਆਂ ਮੁਸ਼ਕਿਲਾਂ ਦਾ ਤੁਰੰਤ ਹੱਲ ਕਰਨ ਅਤੇ ਸੁਣਵਾਈ ਕਰਨ ਲਈ ਕਿਹਾ।

ਉਨ੍ਹਾਂ ਕਿਹਾ ਕਿ ਉਹ ਪੰਜਾਬ ਸਰਕਾਰ ਪਾਸੋਂ ਪ੍ਰਾਪਤ ਆਦੇਸ਼ਾਂ ਅਨੁਸਾਰ ਰਾਜ ’ਚ ਸਨਅਤਕਾਰਾਂ ਅਤੇ ਵਪਾਰੀਆਂ ਨਾਲ ਮੁਲਾਕਾਤ ਕਰਕੇ ਉਨ੍ਹਾਂ ਨਾਲ ਕੀਤੇ ਵਾਅਦਿਆਂ ਮੁਤਾਬਕ ਉਨ੍ਹਾਂ ਨੂੰ ਰਾਜ ਵਿੱਚ ਸੁਖਾਵਾਂ ਮਾਹੌਲ ਦੇਣ ਅਤੇ ਉਨ੍ਹਾਂ ਦੀਆਂ ਮੁਸ਼ਕਿਲਾਂ ਹੱਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵਪਾਰੀਆਂ ਅਤੇ ਉਦਯੋਗਪਤੀਆਂ ਦੀਆਂ ਸਾਰੀਆਂ ਸਮੱਸਿਆਵਾਂ ਦੇ ਯੋਗ ਹੱਲ ਲਈ ਸਰਕਾਰ ਅਤੇ ਇਸ ਦੇ ਸਾਰੇ ਵਿੰਗ ਉਪਰਾਲੇ ਕਰ ਰਹੇ ਹਨ ਅਤੇ ਜੇਕਰ ਕਿਸੇ ਵੀ ਵਪਾਰੀ ਨੂੰ ਕੋਈ ਦਿੱਕਤ ਪੇਸ਼ ਆਉਂਦੀ ਹੈ ਤਾਂ ਉਹ ਉਨ੍ਹਾਂ ਨਾਲ ਸੰਪਰਕ ਕਰ ਸਕਦੇ ਹਨ।

ਉਨ੍ਹਾਂ ਮੀਟਿੰਗ ਵਿੱਚ ਪਹੁੰਚੇ ਵੱਖ-ਵੱਖ ਵਪਾਰੀਆਂ ਅਤੇ ਉਦਯੋਗਪਤੀਆਂ ਨੂੰ ਕਿਹਾ ਕਿ ਜੇਕਰ ਉਨ੍ਹਾਂ ਦੇ ਕੋਈ ਸੁਝਾਅ/ਮੰਗਾਂ ਹਨ ਤਾਂ ਉਹਨਾਂ ਨੂੰ ਲਿਖਤੀ ਤੌਰ ਤੇ ਪੇਸ਼ ਕੀਤੀਆਂ ਜਾਣ ਅਤੇ ਉਨ੍ਹਾਂ ਵੱਲੋਂ ਭਰੋਸਾ ਦਿਵਾਇਆ ਕਿ ਸਰਕਾਰ ਅਤੇ ਕਮਿਸ਼ਨ ਉਨ੍ਹਾਂ ਦੇ ਹਰ ਇੱਕ ਸੁਝਾਅ ਨੂੰ ਗੰਭੀਰਤਾ ਨਾਲ ਲਵੇਗਾ ਤਾਂ ਜੋ ਉਨ੍ਹਾਂ ਦੀਆਂ ਜਾਇਜ਼ ਮੁਸ਼ਕਿਲਾਂ ਦਾ ਢੁੱਕਵਾਂ ਹੱਲ ਕੀਤਾ ਜਾਵੇਗਾ।

ਇਸ ਮੌਕੇ ਲੁਧਿਆਣਾ ਡਵੀਜ਼ਨ ਦੇ ਡੀ.ਸੀ.ਐਸ.ਟੀ. ਸ਼੍ਰੀਮਤੀ ਰਣਧੀਰ ਕੌਰ, ਏ.ਸੀ.ਐਸ.ਟੀ. ਫ਼ਤਹਿਗੜ੍ਹ ਸਾਹਿਬ ਸ਼੍ਰੀਮਤੀ ਜੀਤਪਾਲ ਕੌਰ, ਐਕਸਾਈਜ਼ ਅਫਸਰ ਰਾਕੇਸ਼ ਕੁਮਾਰ, ਇਨਫੋਟੈੱਕ ਦੇ ਡਾਇਰੈਕਟਰ ਓਂਕਾਰ ਚੌਹਾਨ, ਐਸ.ਟੀ.ਓ. ਪ੍ਰਦੀਪ ਕੁਮਾਰ ਸਿੰਗਲਾ, ਐਸ.ਟੀ.ਓ. ਚਰਨਜੀਤ ਸਿੰਘ, ਏ.ਐਸ.ਟੀ.ਓ. ਤਰਨਬੀਰ ਸਿੰਘ ਤੋਂ ਇਲਾਵਾ ਮੰਡੀ ਗੋਬਿੰਦਗੜ੍ਹ, ਫ਼ਤਹਿਗੜ੍ਹ ਸਾਹਿਬ ਤੇ ਖੰਨਾਂ ਦੇ ਵੱਖ-ਵੱਖ ਉਦਯੋਗਪਤੀਆਂ ਨੇ ਭਾਗ ਲਿਆ ਤੇ ਆਪਣੀਆਂ ਮੁਸ਼ਕਲਾਂ ਤੇ ਸੁਝਾਓ ਕਮਿਸ਼ਨ ਨੂੰ ਦੱਸੇ।