"ਪੰਜਾਬ ਸਿੱਖਿਆ ਕ੍ਰਾਂਤੀ" : ਘਨੌਲਾ ਪਿੰਡ ਦੇ ਪ੍ਰਾਇਮਰੀ ਤੇ ਹਾਈ ਸਕੂਲ ਨੂੰ ਦਿੱਤੀ ਗਈ 70 ਲੱਖ ਰੁਪਏ ਦੀ ਗ੍ਰਾਂਟ
ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ : ਦਿਨੇਸ਼ ਕੁਮਾਰ ਚੱਢਾ
5 Dariya News
ਰੂਪਨਗਰ 21-Apr-2025
ਮੁੱਖ ਮੰਤਰੀ ਸ.ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਸੂਬੇ ਦੇ ਵਿਦਿਆਰਥੀਆਂ ਨੂੰ ਸਮੇਂ ਦੇ ਹਾਣ ਦੀ ਆਧੁਨਿਕ ਸਿੱਖਿਆ ਮੁਹੱਈਆ ਕਰਵਾਉਣ ਲਈ ਵਚਨਬੱਧ ਹੈ ਅਤੇ ਇਸੇ ਵਚਨਬੱਧਤਾ ਤਹਿਤ ਸਰਕਾਰ ਵੱਲੋਂ ਸਿੱਖਿਆ ਦੇ ਖੇਤਰ ਵਿੱਚ ਨਵੇਂ ਮੀਲ ਪੱਥਰ ਸਥਾਪਤ ਕੀਤੇ ਜਾ ਰਹੇ ਹਨ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਹਲਕਾ ਵਿਧਾਇਕ ਰੂਪਨਗਰ ਐਡਵੋਕੇਟ ਸ਼੍ਰੀ ਦਿਨੇਸ਼ ਕੁਮਾਰ ਚੱਢਾ ਵੱਲੋਂ ਅੱਜ ਹਲਕਾ ਰੂਪਨਗਰ ਵਿੱਚ ਪੈਂਦੇ ਸਰਕਾਰੀ ਹਾਈ ਸਕੂਲ ਘਨੌਲਾ ਵਿਖੇ "ਪੰਜਾਬ ਸਿੱਖਿਆ ਕ੍ਰਾਂਤੀ" ਤਹਿਤ ਅੱਜ 18.26 ਲੱਖ ਰੁਪਏ ਦੀ ਲਾਗਤ ਨਾਲ ਕੀਤੇ ਗਏ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਮੌਕੇ ਕੀਤਾ।
ਇਸ ਮੌਕੇ ਸੰਬੋਧਨ ਕਰਦਿਆਂ ਵਿਧਾਇਕ ਚੱਢਾ ਨੇ ਕਿਹਾ ਕਿ ਅੱਜ ਸਰਕਾਰੀ ਹਾਈ ਸਕੂਲ ਘਨੌਲਾ ਵਿਖੇ 18.26 ਲੱਖ ਰੁਪਏ ਖਰਚ ਕਰਕੇ ਆਰਟ ਅਤੇ ਕਰਾਫਟ ਰੂਮ (7.51 ਲੱਖ ਰੁਪਏ), ਲਾਇਬ੍ਰੇਰੀ (9.65 ਲੱਖ) ਅਤੇ ਬੈਡਮਿੰਟਨ ਕੋਰਟ (1.1 ਲੱਖ) ਤਿਆਰ ਕੀਤੇ ਗਏ ਹਨ, ਜਿਸਦਾ ਅੱਜ ਉਦਘਾਟਨ ਕੀਤਾ ਗਿਆ।
ਉਨ੍ਹਾਂ ਕਿਹਾ ਕਿ ਜਦੋਂ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ, ਉਦੋਂ ਤੋਂ ਸਰਕਾਰੀ ਹਾਈ ਸਕੂਲ ਘਨੌਲਾ ਅਤੇ ਸਰਕਾਰੀ ਪ੍ਰਾਇਮਰੀ ਸਕੂਲ ਘਨੌਲਾ ਨੂੰ ਲਗਭਗ 70 ਲੱਖ ਰੁਪਏ ਦੀ ਗ੍ਰਾਂਟ ਜਾਰੀ ਕੀਤੀ ਜਾ ਚੁੱਕੀ ਹੈ, ਜਿਸਦੇ ਵਿੱਚ ਸਰਕਾਰੀ ਪ੍ਰਾਇਮਰੀ ਸਕੂਲ ਘਨੌਲਾ ਨੂੰ 48 ਲੱਖ ਰੁਪਏ ਅਤੇ ਸਰਕਾਰੀ ਹਾਈ ਸਕੂਲ ਘਨੌਲਾ ਨੂੰ 22 ਲੱਖ ਰੁਪਏ ਦੀ ਗ੍ਰਾਂਟ ਦਿੱਤੀ ਗਈ ਹੈ, ਜਿਸਦੇ ਨਾਲ ਸਕੂਲ ਦੇ ਵਿਕਾਸ ਕਾਰਜ ਕਰਵਾਏ ਗਏ ਹਨ।
ਐਡਵੋਕੇਟ ਸ਼੍ਰੀ ਦਿਨੇਸ਼ ਚੱਢਾ ਨੇ ਕਿਹਾ ਕਿ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਸੂਬਾ ਸਰਕਾਰ ਵੱਲੋਂ "ਪੰਜਾਬ ਸਿੱਖਿਆ ਕ੍ਰਾਂਤੀ" ਤਹਿਤ ਸਰਕਾਰੀ ਸਕੂਲਾਂ ਦੀ ਨੁਹਾਰ ਬਦਲੀ ਜਾ ਰਹੀ ਹੈ। ਉਨ੍ਹਾਂ ਕਿਹਾ ਸਿੱਖਿਆ ਪ੍ਰਣਾਲੀ ਨੂੰ ਬਿਹਤਰ ਬਣਾਉਣ ਲਈ ਸਰਕਾਰ ਵੱਲੋਂ ਬਜ਼ਟ ਵਿਚ ਸਿੱਖਿਆ ਲਈ 17 ਹਜ਼ਾਰ ਕਰੋੜ ਰੁਪਏ ਰੱਖੇ ਗਏ ਹਨ ਜਿਸ ਰਾਹੀਂ ਸਰਕਾਰੀ ਸਕੂਲਾਂ ਵਿਚ ਕਿਸੇ ਕਿਸਮ ਦੀ ਕੋਈ ਕਮੀ ਨਹੀਂ ਰਹਿਣ ਦਿੱਤੀ ਜਾਵੇਗੀ।
ਉਨ੍ਹਾਂ ਕਿਹਾ ਕਿ "ਪੰਜਾਬ ਸਿੱਖਿਆ ਕ੍ਰਾਂਤੀ" ਮੁਹਿੰਮ ਦੌਰਾਨ ਸਰਕਾਰੀ ਸਕੂਲਾਂ ਵਿਚ ਇਨਕਲਾਬੀ ਬਦਲਾਅ ਵਿਖਾਉਣ ਲਈ ਅਸੀਂ ਮਾਪਿਆਂ ਦੇ ਰੂ ਬ ਰੂ ਹੋ ਰਹੇ ਹਾਂ ਤਾਂ ਕਿ ਮਾਪਿਆਂ ਦਾ ਸਰਕਾਰੀ ਸਕੂਲਾਂ ਵਿਚ ਵਿਸਵਾਸ਼ ਕਾਇਮ ਹੋਵੇ ਅਤੇ ਹਰ ਬੱਚਾ ਸਰਕਾਰੀ ਸਕੂਲਾਂ ਵਿਚ ਦਾਖਲਾ ਲਵੇ।
ਵਿਧਾਇਕ ਨੇ ਕਿਹਾ ਕਿ ਸਕੂਲਾਂ ਦੀਆਂ ਚਾਰਦੀਵਾਰੀਆਂ ਬਣਾਉਣ ਨਾਲ ਸਕੂਲ ਅਤੇ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਗਿਆ ਹੈ ਉੱਥੇ ਹੀ ਸਮਾਰਟ ਕਲਾਸਰੂਮ, ਲਾਇਬ੍ਰੇਰੀਆਂ ਅਤੇ ਬੁਨਿਆਦੀ ਢਾਂਚੇ ਤੋਂ ਇਲਾਵਾ ਚੰਗੇ ਅਧਿਆਪਕ ਤੇ ਸਿੱਖਿਆ ਮੁਹੱਈਆ ਕਰਵਾਈ ਜਾ ਰਹੀ ਹੈ।
ਇਸ ਮੌਕੇ ਉਨ੍ਹਾਂ ਸਕੂਲ ਦੇ ਸਟਾਫ਼ ਦੀ ਵਿਸ਼ੇਸ਼ ਤੌਰ ਤੇ ਪ੍ਰਸ਼ੰਸ਼ਾ ਕੀਤੀ ਤੇ ਕਿਹਾ ਕਿ ਇੰਨੇ ਮਿਹਨਤੀ ਸਟਾਫ਼ ਦੀ ਬਦੌਲਤ ਹੀ ਸਕੂਲ ਇਸ ਬੁਲੰਦੀਆਂ ਤੇ ਪਹੁੰਚਿਆ ਹੈ। ਇਸ ਮੌਕੇ ਸਾਬਕਾ ਜ਼ਿਲ੍ਹਾ ਸਿੱਖਿਆ ਅਫ਼ਸਰ ਰਾਜ ਕੁਮਾਰ ਖੋਸਲਾ, ਸਕੂਲ ਪ੍ਰਿੰਸੀਪਲ ਰਮੇਸ਼ ਸਿੰਘ, ਬੀਐਨਓ ਪ੍ਰਿੰਸੀਪਲ ਪੂਜਾ ਗੋਇਲ, ਪ੍ਰਿੰਸੀਪਲ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਨੌਲੀ ਸਕੂਲ ਮੈਡਮ ਇੰਦੂ, ਸਰਪੰਚ ਘਨੌਲਾ ਹਰਜੀਤ ਸਿੰਘ, ਬਿੱਕੋਂ ਪਿੰਡ ਤੋਂ ਸਰਪੰਚ ਰੋਮੀ, ਢੱਕੀ ਸਰਪੰਚ ਮਨਜੀਤ ਸਿੰਘ, ਨੰਬਰਦਾਰ ਘਨੋਲਾ ਗੁਰਪ੍ਰੀਤ ਸਿੰਘ ਤੇ ਗੁਰਦਿਆਲ ਸਿੰਘ, ਸਕੂਲ ਸਟਾਫ਼ ਸੰਦੀਪ ਸਿੰਘ, ਪੱਲਵੀ ਮੋਹਨ, ਡੀਪੀ ਦਵਿੰਦਰ ਸਿੰਘ, ਨਵਦੀਪ ਕੌਰ, ਗੁਰਪ੍ਰੀਤ ਕੌਰ, ਸੀਮਾ ਰਾਣੀ, ਜਸਪ੍ਰੀਤ ਕੌਰ, ਪ੍ਰਮਿਲਾ ਸ਼ਰਮਾ, ਗੁਰਿੰਦਰ ਕੌਰ ਤੋਂ ਇਲਾਵਾ ਸਕੂਲ ਦੇ ਵਿਦਿਆਰਥੀ ਅਤੇ ਉਨ੍ਹਾਂ ਦੇ ਮਾਪੇ ਹਾਜ਼ਰ ਸਨ।