5 Dariya News

ਬਾਬਾ ਸਾਹਿਬ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਜਾਵੇਗੀ : ਕੁਲਤਾਰ ਸਿੰਘ ਸੰਧਵਾਂ

ਸਪੀਕਰ ਸ. ਸੰਧਵਾਂ ਨੇ ਡਾ. ਅੰਬੇਦਕਰ ਲਾਇਬਰੇਰੀ ਲਈ 5 ਲੱਖ ਰੁਪਏ ਦਿੱਤੇ

5 Dariya News

ਕੋਟਕਪੂਰਾ 14-Apr-2025

ਡਾ. ਬੀ ਆਰ ਅੰਬੇਦਕਰ ਸੁਸਾਇਟੀ ਕੋਟਕਪੂਰਾ ਵੱਲੋਂ ਭਾਰਤੀ ਸੰਵਿਧਾਨ ਦੇ ਨਿਰਮਾਤਾ,  ਮਹਾਨ ਰਾਜਨੀਤੀਵਾਨ ਅਤੇ ਪ੍ਰਸਿੱਧ ਸਮਾਜ ਸੁਧਾਰਕ ਭਾਰਤ ਰਤਨ ਡਾ. ਭੀਮ ਰਾਓ ਅੰਬੇਦਕਰ ਜੀ ਦੇ 134 ਵੇਂ ਜਨਮ ਦਿਵਸ ਨੂੰ ਸਮਰਪਿਤ ਕੋਟਕਪੂਰਾ ਵਿਖੇ ਸਮਾਗਮ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਪੰਜਾਬ ਵਿਧਾਨ ਸਭਾ ਦੇ ਸਪੀਕਰ ਸ. ਕੁਲਤਾਰ ਸਿੰਘ ਸੰਧਵਾਂ ਨੇ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ।

ਇਸ ਮੌਕੇ ਉਨ੍ਹਾਂ ਕਿਹਾ ਕਿ ਡਾ. ਅੰਬੇਡਕਰ ਇੱਕ ਅਜਿਹੇ ਮਹਾਨ ਪੁਰਸ਼ ਸਨ ਜਿਨ੍ਹਾਂ ਨੇ ਆਪਣਾ ਸਮੁੱਚਾ ਜੀਵਨ ਸਮਾਜਿਕ ਬਰਾਬਰੀ, ਨਿਆਂ ਅਤੇ ਮਨੁੱਖੀ ਅਧਿਕਾਰਾਂ ਦੀ ਸਥਾਪਨਾ ਲਈ ਸਮਰਪਿਤ ਕਰ ਦਿੱਤਾ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਕੇਵਲ ਦਲਿਤਾਂ ਤੇ ਪਛੜੇ ਵਰਗਾਂ ਦੇ ਮਸੀਹਾ ਹੀ ਨਹੀਂ ਸਗੋਂ ਹਰੇਕ ਵਰਗ ਦੇ ਮਸੀਹਾ ਹਨ, ਜਿਨ੍ਹਾਂ ਨੇ ਭਾਰਤੀ ਸਮਾਜ ਵਿੱਚ ਫੈਲੀਆਂ ਜਾਤੀਵਾਦੀ ਕੁਰੀਤੀਆਂ ਅਤੇ ਭੇਦਭਾਵ ਵਿਰੁੱਧ ਸਖ਼ਤ ਸੰਘਰਸ਼ ਕੀਤਾ ਅਤੇ ਹਾਸ਼ੀਏ 'ਤੇ ਧੱਕੇ ਗਏ ਲੋਕਾਂ ਨੂੰ ਸਨਮਾਨ ਅਤੇ ਅਧਿਕਾਰ ਦਿਵਾਉਣ ਲਈ ਅਣਥੱਕ ਯਤਨ ਕੀਤੇ ਅਤੇ ਸੰਵਿਧਾਨ ਰਾਹੀਂ ਹਰੇਕ ਨੂੰ ਬਰਾਬਰਤਾ ਦਾ ਅਧਿਕਾਰ ਦਿਵਾਇਆ।

ਸ. ਕੁਲਤਾਰ ਸਿੰਘ ਸੰਧਵਾ ਨੇ ਕਿਹਾ ਕਿ ਮੇਰੇ ਆਪਣੇ ਹਲਕੇ ਕੋਟਕਪੂਰਾ ਵਿਚ ਬਾਬਾ ਸਾਹਿਬ ਜੀ ਦਾ ਅੱਜ ਜਨਮ ਦਿਹਾੜਾ ਮਨਾਇਆ ਗਿਆ । ਜਿਸ ਵਿਚ ਸਾਡੇ ਬੱਚਿਆਂ, ਬੀਬੀਆਂ ਅਤੇ ਬਜੁਰਗਾਂ ਨੇ ਭਾਗ ਲਿਆ। ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਜੀ ਦਾ ਪਹਿਲਾ ਪੈਰਾਮੀਟਰ ਇਹ ਸੀ ਕਿ ਸਾਡਾ ਸਮਾਜ ਤਰੱਕੀ ਦੇ ਰਸਤੇ ਤੇ ਚੱਲੇ, ਉਨ੍ਹਾਂ ਕਿਹਾ ਕਿ ਸਾਡਾ ਕੋਟਕਪੂਰਾ ਹਲਕਾ ਤਰੱਕੀ ਤੇ ਹੈ ਅਤੇ ਇਹ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। 

ਇਸ ਮੌਕੇ ਉਨ੍ਹਾਂ ਆਪਣੇ ਅਖਤਿਆਰੀ ਕੋਟ ਵਿਚੋ 5 ਲੱਖ ਰੁਪਏ ਦਾ ਚੈਕ ਭੇਂਟ ਕੀਤਾ ਅਤੇ ਕਿਹਾ ਕਿ ਇਥੇ ਡਾ. ਭੀਮ ਰਾਓ ਅੰਬੇਦਕਰ ਜੀ ਦੀ ਯਾਦ ਵਿਚ ਲਾਇਬਰੇਰੀ ਬਣਾਈ ਜਾਵੇਗੀ, ਤਾਂਜੋ ਸਾਡੇ ਬੱਚੇ ਪੜ੍ਹਾਈ ਕਰਨ ਅਤੇ ਉਨ੍ਹਾਂ ਨੂੰ ਕੋਈ ਦਿੱਕਤ ਪੇਸ਼ ਨਾ ਆਵੇ ਅਤੇ ਸਫਲਤਾ ਹਾਸਲ ਕਰਨ। ਇਸ ਤੋਂ ਇਲਾਵਾ 10 ਲੱਖ ਰੁਪਏ ਹੋਰ ਦੇਣ ਦਾ ਵੀ ਐਲਾਨ ਕੀਤਾ।

ਇਸ ਮੌਕੇ ਸ. ਗੁਰਮੀਤ ਸਿੰਘ ਆਰੇਵਾਲਾ ਚੇਅਰਮੈਨ ਮਾਰਕੀਟ ਕਮੇਟੀ ਕੋਟਕਪੂਰਾ, ਨਰਿੰਦਰ ਕੁਮਾਰ ਰਾਠੌਰ, ਮਦਨ ਲਾਲ, ਅਵਤਾਰ ਕ੍ਰਿਸ਼ਨ, ਕੁਲਦੀ ਸਿੰਘ ਜੱਸਲ, ਸੁਭਾਸ਼ ਚੰਦਰ, ਓਮ ਪ੍ਰਕਾਸ਼ ਗੋਠਵਾਲ,ਭਗਵਾਨ ਦਾਸ, ਗੁਰਪ੍ਰੀਤ ਸਿੰਘ ਜੇਈ, ਮਾਸਟਰ ਧਰਮਪਾਲ, ਪਿਆਰੇ ਲਾਲਾ, ਗੁਰਬਿੰਦਰ ਕੌਰ, ਦਵਿੰਦਰ ਕੁਮਾਰ, ਅਧਿਕਾਰੀ ਤੇ ਕਰਮਚਾਰੀ ਹਾਜ਼ਰ ਸਨ।