ਸਰਬੱਤ ਦਾ ਭਲਾ ਟਰੱਸਟ ਵੱਲੋਂ ਕਲਚਰਲ ਫੈਸਟ ਦਾ ਆਯੋਜਨ
5 Dariya News
ਚੰਡੀਗੜ੍ 23-Mar-2025
ਸਰਬੱਤ ਦਾ ਭਲਾ ਚੈਰੀਟੇਬਲ ਟਰੱਸਟ ਵੱਲੋਂ ਐਸ.ਡੀ. ਕਾਲਜ, ਸੈਕਟਰ 32, ਚੰਡੀਗੜ੍ਹ ਵਿਚ ਇਕ ਸ਼ਾਨਦਾਰ ਨਾਟਕ ਤੇ ਨ੍ਰਿਤ ਪ੍ਰੋਗਰਾਮ ਦਾ ਆਯੋਜਨ ਕੀਤਾ ਗਿਆ। ਜਿਸ ਮੌਕੇ ਮੋਹਾਲੀ ਦੇ ਰੀਜਨਲ ਸਪਾਈਨਲ ਇੰਜਰੀ ਸੈਂਟਰ ਦੇ ਡਾਇਰੈਕਟਰ ਡਾ. ਰਾਜ ਬਹਾਦੁਰ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ।
ਇਸ ਦੌਰਾਨ ਸ਼ਾਮ ਦਾ ਮੁੱਖ ਆਕਰਸ਼ਣ, ਜਿਸਦਾ ਆਯੋਜਨ ਸਤਨਾਮ ਸਿੰਘ ਰੰਧਾਵਾ ਵੱਲੋਂ ਕੀਤਾ ਗਿਆ ਸੀ, ਅਕਾਂਕਸ਼ਾ ਸੰਸਥਾਨ, ਜੋਧਪੁਰ ਦੇ ਕਲਾਕਾਰਾਂ ਵੱਲੋਂ ਪ੍ਰਸਤੁਤ ਨਾਟਕ "ਪੁਕਾਰ" ਰਿਹਾ। ਇਹ ਨਾਟਕ ਡਾ. ਨਿਬੇਦਿਤਾ ਵੱਲੋਂ ਲਿਖਿਆ ਗਿਆ ਅਤੇ ਡਾ. ਵਿਕਾਸ ਕਪੂਰ ਵੱਲੋਂ ਨਿਰਦੇਸ਼ਤ ਕੀਤਾ ਗਿਆ ਸੀ।
ਇਸ ਨਾਟਕ ਨੇ ਯੌਨ ਹਿੰਸਾ ਦੀ ਕਠੋਰ ਹਕੀਕਤ ਅਤੇ ਪੀੜਤਾਂ ਵੱਲੋਂ ਝੇਲੀ ਜਾ ਰਹੀ ਮਾਨਸਿਕ ਤਕਲੀਫ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਦਰਸਾਇਆ। ਇਸ ਤੋਂ ਇਲਾਵਾ, ਸਫਿੰਕਸ ਡਾਂਸ ਐਂਡ ਕ੍ਰੀਏਸ਼ਨ ਗਰੁੱਪ, ਕੋਲਕਾਤਾ ਨੇ ਇੱਕ ਸ਼ਾਨਦਾਰ ਭਰਤਨਾਟਯਮ ਪ੍ਰਸਤੁਤੀ ਦਿੱਤੀ, ਜਿਸ ਨੂੰ ਅਰੁਣਾਵਾ ਬੁਰਮਨ ਨੇ ਪਰਿਕਲਪਨਾ ਕਰਕੇ ਕੋਰਿਓਗ੍ਰਾਫ ਕੀਤਾ।
ਖਾਸ ਕਰਕੇ ਉਨ੍ਹਾਂ ਦਾ "ਦ੍ਰੌਪਦੀ ਚੀਰ ਹਰਣ" (ਮਹਾਂਭਾਰਤ) ਦਾ ਦ੍ਰਿਸ਼ ਬਹੁਤ ਹੀ ਭਾਵਨਾਤਮਕ ਰਿਹਾ। ਇਹਨਾਂ ਪ੍ਰਸਤੁਤੀਆਂ ਨੇ ਦਰਸ਼ਕਾਂ ਦੀ ਵੱਡੀ ਵਾਹ-ਵਾਹ ਲੁੱਟੀ। ਦਰਸ਼ਕਾਂ ਵਿੱਚ ਵੱਖ-ਵੱਖ ਕਾਲਜਾਂ ਅਤੇ ਯੂਨੀਵਰਸਿਟੀਆਂ ਦੇ ਪ੍ਰੋਫੈਸਰ, ਪੀ.ਜੀ.ਆਈ. ਦੇ ਡਾਕਟਰ, ਨਿਆਯਧੀਸ਼ ਅਤੇ ਹੋਰ ਨਾਮਵਰ ਸ਼ਖ਼ਸੀਅਤਾਂ ਸ਼ਾਮਲ ਸਨ।
ਇਸ ਦੌਰਾਨ ਟਰੱਸਟ ਦੇ ਮੈਨੇਜਿੰਗ ਟਰੱਸਟੀ ਡਾ.ਐਸ.ਪੀ. ਸਿੰਘ ਓਬਰਾਏ ਨੇ ਦੱਸਿਆ ਕਿ ਟਰੱਸਟ ਭਾਰਤ ਭਰ ਦੇ ਕਲਾਕਾਰਾਂ ਨੂੰ ਉਤਸ਼ਾਹਿਤ ਕਰਨ ਲਈ ਉਨ੍ਹਾਂ ਨੂੰ ਸਮਰਥਨ ਦਿੰਦਾ ਰਹਿੰਦਾ ਹੈ। ਇਸ ਪਹਿਲ ਦੇ ਤਹਿਤ ਹੀ ਪਟਿਆਲਾ ਵਿੱਚ ਰਾਸ਼ਟਰੀ ਪੱਧਰੀ ਦੇ ਕਲਚਰਲ ਫੈਸਟ ਦਾ ਆਯੋਜਨ ਕੀਤਾ ਜਾਂਦਾ ਹੈ, ਜਿੱਥੇ ਵੱਖ-ਵੱਖ ਰਾਜਾਂ ਦੇ ਕਲਾਕਾਰਾਂ ਨੂੰ ਆਪਣੀ ਪ੍ਰਤਿਭਾ ਨੂੰ ਨਵੇਂ ਖੇਤਰਾਂ ਵਿੱਚ ਵਖਾਉਣ ਦਾ ਮੌਕਾ ਮਿਲਦਾ ਹੈ।