5 Dariya News

ਸ੍ਰੀ ਮੁਕਤਸਰ ਸਾਹਿਬ ਨੂੰ ਜਲਦੀ ਪਲਾਸਟਿਕ ਮੁਕਤ ਬਣਾਉਣ ਲਈ ਪ੍ਰਸ਼ਾਸਨਿਕ ਯਤਨ ਤੇਜ਼

5 Dariya News

ਸ੍ਰੀ ਮੁਕਤਸਰ ਸਾਹਿਬ 17-Feb-2025

ਸ੍ਰੀ ਮੁਕਤਸਰ ਸਾਹਿਬ ਸ਼ਹਿਰ ਨੂੰ ਜਲਦੀ ਪਲਾਸਟਿਕ ਮੁਕਤ ਬਨਾਉਣ ਲਈ ਜਿ਼ਲ੍ਹਾ ਪ੍ਰਸ਼ਾਸਨ ਵਲੋਂ ਹਰ ਸੰਭਵ ਯਤਨ ਕੀਤੇ ਜਾਣਗੇ। ਇਹ ਜਾਣਕਾਰੀ ਸ੍ਰੀ ਰਾਜੇਸ਼ ਤ੍ਰਿਪਾਠੀ ਡਿਪਟੀ ਕਮਿਸ਼ਨਰ ਨੇ ਆਪਣੀ ਰਿਹਾਇਸ ਵਿਖੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ,ਵਾਤਾਵਰਣ ਪ੍ਰੇਮੀਆਂ ਅਤੇ ਵੱਖ—ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸ੍ਰੀ ਮੁਕਤਸਰ ਸਾਹਿਬ ਇੱਕ ਪਵਿੱਤਰ ਸ਼ਹਿਰ ਹੈ, ਇਸ ਸ਼ਹਿਰ ਨੂੰ ਸਾਫ ਸੁਥਰਾ ਰੱਖਣ ਅਤੇ ਪਲਾਸਟਿਕ ਮੁਕਤ ਬਨਾਉਣਾ ਸਾਰੇ ਸ਼ਹਿਰ ਨਿਵਾਸੀਆਂ ਦਾ ਅਹਿਮ ਫਰਜ਼ ਹੈ। ਮੀਟਿੰਗ ਉਪਰੰਤ ਡਿਪਟੀ ਕਮਿਸ਼ਨਰ ਨੇ ਆਪਣੀ ਕੋਠੀ ਦੇ ਬਾਹਰ ਵਾਟਰ ਵਰਕਸ ਨੂੰ ਜਾਂਦੀ ਸੜਕ ਅਤੇ ਆਸ ਪਾਸ ਦੇ ਇਲਾਕੇ ਵਿੱਚ ਸਫਾਈ ਮੁਹਿੰਮ ਦੀ ਸ਼ੁਰੂਆਤ ਕੀਤੀ ਜਿੱਥੇ ਡਿਪਟੀ ਕਮਿਸ਼ਨਰ ਨੇ ਖੁਦ ਲੋਕਾਂ ਦੇ ਨਾਲ ਰਲਕੇ ਸਫਾਈ ਮੁਹਿੰਮ ਵਿੱਚ ਭਾਗ ਲਿਆ ।

ਡਿਪਟੀ ਕਮਿਸ਼ਨਰ ਨੇ ਜਿ਼ਲ੍ਹਾ ਨਿਵਾਸੀਆਂ ਨੂੰ ਅਪੀਲ ਕੀਤੀ ਕਿ ਉਹ ਆਪਣੇ ਰੋਜਾਨਾ ਵਰਤੋਂ ਦੇ ਸਮਾਨ ਲਈ ਕੱਪੜੇ ਦੇ ਬਣੇ ਥੈਲਿਆਂ ਦਾ ਪ੍ਰਯੋਗ ਕਰਨ ਅਤੇ ਸ਼ਹਿਰ ਨੂੰ ਪਲਾਸਟਿਕ ਮੁਕਤ ਬਨਾਉਣ ਵਿੱਚ ਆਪਣਾ ਅਹਿਮ ਰੋਲ ਨਿਭਾਉਣ। ਇਸ ਮੌਕੇ ਤੇ ਵਾਤਾਵਰਨ ਦੀ ਸੁੰਦਰਤਾਂ ਵਿੱਚ ਵਾਧਾ ਕਰਨ ਲਈ ਵਾਟਰ ਵਰਕਸ ਦੀਆਂ ਡਿੱਗੀਆਂ ਵਿਖੇ  ਗੁਲਾਬ ਦੀਆਂ ਕਲਮਾਂ ਤੇ ਪੌਦੇ ਵੀ ਲਗਾਏ ਗਏ।

ਇਸ ਸਫਾਈ ਮੁਹਿੰਮ ਵਿੱਚ ਜਿ਼ਲ੍ਹਾ ਅਤੇ ਸੈਸ਼ਨ ਜੱਜ ਸ੍ਰੀ ਰਾਜ ਕੁਮਾਰ, ਐਸ.ਐਸ.ਪੀ.ਸ੍ਰੀ ਤੁਸ਼ਾਰ ਗੁਪਤਾ ਨੇ ਵਿਸ਼ੇਸ਼ ਤੌਰ ਤੇ ਭਾਗ ਲਿਆ। ਇਸ ਮੌਕੇ ਤੇ ਹੋਰਨਾਂ ਤੋਂ ਇਲਾਵਾ ਮੁੱਖ ਮੰਤਰੀ ਫੀਲਡ ਅਫ਼ਸਰ ਸ੍ਰੀ ਪੁਨੀਤ ਸ਼ਰਮਾ ਅਤੇ ਜਿ਼ਲ੍ਹਾ ਭਲਾਈ ਅਫ਼ਸਰ ਸ੍ਰੀ ਜਗਮੋਹਨ ਸਿੰਘ ਮਾਨ ਅਤੇ ਪਤਵੰਤੇ ਵਿਅਕਤੀ ਮੌਜੂਦ ਸਨ।