5 Dariya News

ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਕਰਨ ਤੇ 05 ਸਕੂਲ ਬੱਸਾਂ ਦੇ ਚਲਾਨ ਤੇ 01 ਬੱਸ ਕੀਤੀ ਬੰਦ

ਜ਼ਿਲ੍ਹਾ ਪੱਧਰੀ ਸੇਫ ਸਕੂਲ ਵਾਹਨ ਕਮੇਟੀ ਵੱਲੋਂ ਮੰਡੀ ਗੋਬਿੰਦਗੜ੍ਹ ਵਿਖੇ ਕੀਤੀ ਗਈ ਚੈਕਿੰਗ

5 Dariya News

ਮੰਡੀ ਗੋਬਿੰਦਗੜ੍ਹ/ਫ਼ਤਹਿਗੜ੍ਹ ਸਾਹਿਬ 11-Feb-2025

ਸੇਫ ਸਕੂਲ ਵਾਹਨ ਪਾਲਿਸੀ ਤਹਿਤ ਖੇਤਰੀ ਟਰਾਂਸਪੋਰਟ ਦਫ਼ਤਰ, ਜ਼ਿਲ੍ਹਾ ਬਾਲ ਸੁਰੱਖਿਆ ਅਫਸਰ ਤੇ ਮਾਲ ਵਿਭਾਗ ਦੇ ਅਧਿਕਾਰੀਆਂ `ਤੇ ਅਧਾਰਤ ਜਿਲ਼੍ਹਾ ਪੱਧਰੀ ਕਮੇਟੀ ਵੱਲੋਂ  ਅਮਲੋਹ ਰੋਡ, ਮੰਡੀ ਗੋਬਿੰਦਗੜ੍ਹ ਵਿਖੇ 10 ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਕੀਤੀ ਗਈ। ਇਸ ਚੈਕਿੰਗ ਦੌਰਾਨ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ 05 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ ਤੇ ਇਕ ਸਕੂਲੀ ਬੱਸ ਨੂੰ ਬੰਦ ਕੀਤਾ ਗਿਆ।

ਇਹ ਜਾਣਕਾਰੀ ਦਿੰਦਿਆਂ ਜਿਲ੍ਹਾ ਬਾਲ ਸੁਰੱਖਿਆ ਅਫਸਰ  ਹਰਭਜਨ ਸਿੰਘ ਮਹਿਮੀ  ਨੇ ਕਿਹਾ ਕਿ ਅੱਜ ਸੜਕ ਸੁਰੱਖਿਆ ਸਭ ਤੋਂ ਅਹਿਮ ਵਿਸ਼ਾ ਬਣਿਆ ਹੋਇਆ ਹੈ ਕਿਉਂਕਿ ਸੜਕ ਦੁਰਘਟਨਾਵਾਂ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਲਗਾਤਾਰ ਵਾਧਾ ਹੁੰਦਾ ਜਾ ਰਿਹਾ ਹੈ, ਜੋ ਕਿ ਬਹੁਤ ਅਫਸੋਸਜਨਕ ਹੈ। ਉਹਨਾਂ ਕਿਹਾ ਕਿ ਬਾਲ ਸੁਰੱਖਿਆ ਨੂੰ ਧਿਆਨ ਵਿੱਚ ਰੱਖਦੇ ਹੋਏ ਇਹ ਬਹੁਤ ਜਰੂਰੀ ਹੋ ਜਾਦਾ ਹੈ ਕਿ ਬੱਚਿਆਂ ਦੇ ਮਾਪੇ ਉਹਨਾਂ ਨੂੰ ਛੋਟੀ ਉਮਰ ਵਿੱਚ ਵਾਹਨ ਚਲਾਉਣ ਦੀ ਆਗਿਆ ਨਾ ਦੇਣ ਅਤੇ ਜਿਹੜੀਆਂ ਸਕੂਲੀ ਬੱਸਾਂ ਵਿੱਚ ਬੱਚੇ ਸਫਰ ਕਰ ਰਹੇ ਹਨ, ਉਹ ਸੇਫ ਸਕੂਲ ਵਾਹਨ ਪਾਲਿਸੀ ਮੁਤਾਬਿਕ ਨਿਯਮਾਂ ਨੂੰ ਪੂਰਾ ਕਰਦੀਆਂ ਹੋਣ।

ਇਸ ਮੌਕੇ ਏਡੀਟੀਓ ਪ੍ਰਦੀਪ ਸਿੰਘ ਨੇ ਦੱਸਿਆ ਕਿ ਸਕੂਲੀ ਬੱਸਾਂ ਦੀ ਅਚਨਚੇਤ ਚੈਕਿੰਗ ਤੇ ਆਮ ਤੌਰ ਤੇ ਇਹ ਸਾਹਮਣੇ ਆਉਂਦਾ ਹੈ ਕਿ ਸਕੂਲ ਪ੍ਰਬੰਧਕ ਆਪਣੀਆਂ ਬੱਸਾਂ ਨੂੰ ਨਿਯਮਾਂ ਅਨੁਸਾਰ ਨਹੀਂ ਚਲਾ ਰਹੇ ਹਨ।ਜਿਸ ਕਾਰਨ ਚੈਕਿੰਗ ਦੌਰਾਨ ਬੱਸਾਂ ਦੇ ਚਲਾਣ ਕਰਨੇ ਪੈ ਰਹੇ ਹਨ। ਉਹਨਾਂ ਦੱਸਿਆਂ ਕਿ  ਸਕੂਲੀ ਬੱਸਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਅਤੇ ਹਰ ਇੱਕ ਬੱਸ ਜਿਸ ਵਿੱਚ ਬੱਚੀਆਂ ਸਫਰ ਕਰ ਰਹੀਆਂ ਹੋਣ ਵਿੱਚ ਲੇਡੀ ਅਟੈਂਡਿਡ ਹੋਣੀ ਜਰੂਰੀ ਹੈ।

ਇਸ ਮੌਕੇ  ਨਾਇਬ ਤਹਿਸੀਲਦਾਰ ਪਵਨਦੀਪ ਸਿੰਘ ਨੇ ਦੱਸਿਆ ਕਿ ਸਕੂਲ ਬੱਸਾਂ ਦੀ ਕੀਤੀ ਚੈਕਿੰਗ ਦੌਰਾਨ ਇਹ ਗੱਲ ਸਾਹਮਣੇ ਆਈ ਕਿ ਕੁਝ ਬੱਸਾਂ ਵਿੱਚ ਸੀ.ਸੀ.ਟੀ.ਵੀ. ਕੈਮਰੇ ਚਾਲੂ ਹਾਲਤ ਵਿੱਚ ਨਹੀਂ ਸਨ ਅਤੇ ਲੜਕੀਆਂ ਨੂੰ ਸਕੂਲਾਂ ਵਿੱਚ ਲਿਆਉਣ ਤੇ ਘਰ ਛੱਡਣ ਲਈ ਜਾਣ ਵਾਲੀਆਂ ਬੱਸਾਂ ਵਿੱਚ ਲੇਡੀ ਅਟੈਂਡੇਟ ਨਹੀਂ ਸਨ, ਜੋ ਕਿ ਸੇਫ ਸਕੂਲ ਵਾਹਨ ਪਾਲਿਸੀ ਦੀ ਉਲੰਘਣਾ ਹੈ।  ਇਸ ਤੋਂ ਇਲਾਵਾ ਸਕੂਲ ਬੱਸਾਂ ਵਿੱਚ ਫਸਟ ਏਡ ਬਾਕਸ ਅਤੇ ਸਪੀਡ ਗਵਰਨਸ ਲਗਾਉਣੇ ਅਤਿ ਜਰੂਰੀ ਹਨ। 

ਉਨ੍ਹਾਂ ਕਿਹਾ ਕਿ ਪ੍ਰਸ਼ਾਸ਼ਨ ਵੱਲੋਂ ਅਨਫਿੱਟ ਸਕੂਲੀ ਬੱਸਾਂ ਤੇ  ਸਖ਼ਤ ਕਾਰਵਾਈ ਕੀਤੀ ਜਾਵੇਗੀ ਇਸ ਲਈ ਸਕੂਲੀ ਬੱਸਾਂ ਦੀਆਂ ਖਾਮੀਆਂ ਦੂਰ ਕੀਤੀਆਂ ਜਾਣ। ਇਸ ਮੌਕੇ ਮਨਜੋਧ ਸਿੰਘ ਸ਼ੋਸ਼ਲ ਵਰਕਰ ਹਾਜ਼ਰ ਸਨ।