5 Dariya News

ਜ਼ਿਲ੍ਹੇ ਵਿੱਚ ਵਿਅਕਤੀਗਤ ਪਖਾਨਾ ਸਕੀਮ ਅਧੀਨ 662 ਪਖਾਨੇ ਬਣਾਉਣ ਦਾ ਟੀਚਾ : ਡਾ. ਸੋਨਾ ਥਿੰਦ

ਗੰਦੇ ਪਾਣੀ ਦੇ ਨਿਕਾਸ ਲਈ 338 ਪਿੰਡਾਂ ਵਿੱਚ ਅਤੇ ਠੋਸ ਕੂੜਾ ਪ੍ਰਬੰਧਨ ਅਧੀਨ 157 ਪਿੰਡਾਂ ਵਿਚ ਪ੍ਰੋਜੈਕਟ ਬਣਾਏ ਜਾਣਗੇ

5 Dariya News

ਫ਼ਤਹਿਗੜ੍ਹ ਸਾਹਿਬ 01-Feb-2025

ਜ਼ਿਲ੍ਹਾ ਜਲ ਸੈਨੀਟੇਸ਼ਨ ਮਿਸ਼ਨ ਦੀ ਮੀਟਿੰਗ ਡਿਪਟੀ ਕਮਿਸ਼ਨਰ, ਡਾ. ਸੋਨਾ ਥਿੰਦ ਦੀ ਪ੍ਰਧਾਨਗੀ ਹੇਠ ਵਧੀਕ ਡਿਪਟੀ ਕਮਿਸ਼ਨਰ, ਪੇਂਡੂ ਵਿਕਾਸ, ਸੁਰਿੰਦਰ ਸਿੰਘ ਧਾਲੀਵਾਲ ਅਤੇ ਕਾਰਜਕਾਰੀ ਇੰਜੀਨੀਅਰ ਇਸ਼ਾਨ ਕੌਸ਼ਲ ਦੀ ਮੌਜੂਦਗੀ ਵਿੱਚ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਹੋਈ। ਇਸ ਮੌਕੇ ਸਵੱਛ ਭਾਰਤ ਮਿਸ਼ਨ ਫੇਜ਼-2 ਅਧੀਨ ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੁਆਰਾ ਸਾਲ 2025-26 ਲਈ ਤਿਆਰ ਕੀਤੀ ਸਲਾਨਾ ਯੋਜਨਾ ਨੂੰ ਮਨਜ਼ੂਰੀ ਦਿੱਤੀ ਗਈ। 

ਡਿਪਟੀ ਕਮਿਸ਼ਨਰ ਵੱਲੋਂ ਚੱਲ ਰਹੇ ਕੰਮਾਂ ਨੂੰ ਦਸੰਬਰ 2025 ਤੱਕ ਪੂਰਾ ਕਰਨ ਲਈ ਕੀਤੇ ਜਾ ਰਹੇ ਯਤਨਾਂ ਵਿੱਚ ਤੇਜ਼ੀ ਲਿਆਉਣ ਦੀ ਹਦਾਇਤ ਕੀਤੀ ਗਈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਜ਼ਿਲ੍ਹੇ ਵਿੱਚ ਵਿਅਕਤੀਗਤ ਪਖਾਨਾ ਸਕੀਮ ਅਧੀਨ 662 ਪਖਾਨੇ ਬਣਾਉਣ ਦਾ ਟੀਚਾ ਰੱਖਿਆ ਗਿਆ ਹੈ। ਸਾਂਝਾ ਪਖਾਨਾ ਘਰ ਸਕੀਮ ਅਧੀਨ ਜ਼ਿਲ੍ਹੇ ਵਿਚ 28 ਸਾਂਝਾ ਪਖਾਨਾ ਘਰ ਬਣ ਚੁੱਕੇ ਹਨ ਅਤੇ ਨਿਰਮਾਣ ਅਧੀਨ 23 ਪਖਾਨਾ ਘਰਾਂ ਅਤੇ ਬਾਕੀ ਨਵੇਂ ਸ਼ੁਰੂ ਹੋਣ ਵਾਲਿਆਂ ਸਮੇਤ ਕੁੱਲ 95 ਪਖਾਨਾ ਘਰਾਂ ਦੇ ਨਿਰਮਾਣ ਦਾ ਟੀਚਾ ਮਿੱਥਿਆ ਗਿਆ ਹੈ। 

ਗੰਦੇ ਪਾਣੀ ਦੇ ਨਿਕਾਸ ਲਈ 338 ਪਿੰਡਾਂ ਵਿੱਚ ਅਤੇ ਠੋਸ ਕੂੜਾ ਪ੍ਰਬੰਧਨ ਅਧੀਨ 157 ਪਿੰਡਾਂ ਵਿਚ ਪ੍ਰੋਜੈਕਟ ਬਣਾਏ ਜਾਣਗੇ। ਪਲਾਸਟਿਕ ਕੂੜੇ ਦੇ ਪ੍ਰਬੰਧਨ ਲਈ ਜ਼ਿਲ੍ਹੇ ਵਿੱਚ 5 ਪਲਾਸਟਿਕ ਵੇਸਟ ਮੈਨੇਜਮੈਂਟ ਪਲਾਂਟ ਬਣਾਏ ਜਾਣੇ ਹਨ, ਜਿਨ੍ਹਾਂ ਦਾ ਕੰਮ ਜਲਦ ਸ਼ੁਰੂ ਕੀਤਾ ਜਾਵੇਗਾ।

ਮੀਟਿੰਗ ਵਿੱਚ ਸ਼੍ਰੀਮਤੀ ਜਸਪ੍ਰੀਤ ਕੌਰ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫ਼ਸਰ, ਸ਼੍ਰੀ ਗੌਤਮ ਜਿੰਦਲ ਐੱਸ.ਡੀ.ਈ., ਸੁਖਦੀਪ ਸਿੰਘ ਸੀ.ਡੀ.ਐਸ., ਕੇਵਲ ਕ੍ਰਿਸ਼ਨ ਸ਼ਰਮਾ ਆਈ.ਈ.ਸੀ. ਸਪੈਸ਼ਲਿਸਟ, ਜਲ ਸਪਲਾਈ ਤੇ ਸੈਨੀਟੇਸ਼ਨ ਮੰਡਲ, ਜਲ ਸਰੋਤ ਵਿਭਾਗ, ਸਿੱਖਿਆ ਵਿਭਾਗ, ਖੇਤੀਬਾੜੀ ਵਿਭਾਗ, ਸਿਹਤ ਵਿਭਾਗ ਅਤੇ ਜੰਗਲਾਤ ਵਿਭਾਗ ਦੇ ਨੁਮਾਇੰਦੇ ਹਾਜ਼ਰ ਸਨ।