5 Dariya News

ਮੇਅਰ ਚੋਣ ਵਿੱਚ ਵੋਟ ਕ੍ਰੌਸ ਕਰਨ ਵਾਲਿਆਂ ਦੀ ਡੂੰਘਾਈ ਨਾਲ ਕੀਤੀ ਜਾਵੇਗੀ ਜਾਂਚ : ਡਾ. ਐਸ.ਐਸ. ਆਹਲੂਵਾਲੀਆ

ਬੀਜੇਪੀ ਪੂਰੇ ਦੇਸ਼ ਅੰਦਰ ਵਿਰੋਧੀ ਪਾਰਟੀਆਂ ਦੇ ਬੰਦਿਆਂ ਨੂੰ ਡਰਾ ਕੇ ਅਤੇ ਹੋਰ ਲਾਲਚ ਦੇ ਕੇ ਵੋਟ ਹਾਸਿਲ ਕਰਦੀ ਹੈ

5 Dariya News

ਚੰਡੀਗੜ੍ਹ 30-Jan-2025

ਅੱਜ ਚੰਡੀਗੜ੍ਹ ਨਗਰ ਨਿਗਮ ਵਿੱਚ ਮੇਅਰ ਚੋਣ ਵਿੱਚ ਆਮ ਆਦਮੀ ਪਾਰਟੀ (ਆਪ) ਦੇ ਮੇਅਰ ਉਮੀਦਵਾਰ ਕੌਂਸਲਰ ਪ੍ਰੇਮ ਲਤਾ ਨੂੰ ਆਪ ਅਤੇ ਕਾਂਗਰਸ ਦੇ ਕੌਂਸਲਰਾਂ ਸਮੇਤ ਮੈਂਬਰ ਪਾਰਲੀਮੈਂਟ ਸ੍ਰੀ ਮਨੀਸ਼ ਤਿਵਾੜੀ ਦੀਆਂ 20 ਵੋਟਾਂ ਵਿਚੋਂ 17 ਵੋਟਾਂ ਪਈਆਂ ਅਤੇ ਇਨ੍ਹਾਂ ਵਿਚੋਂ 3 ਵੋਟਾਂ ਬੀਜੇਪੀ ਦੇ ਉਮੀਦਵਾਰ ਨੂੰ ਪਾਈਆਂ ਗਈਆਂ। 3 ਵੋਟਾਂ ਕੌ੍ਰਸ ਹੋਣ ਤੇ ਆਮ ਆਦਮੀ ਪਾਰਟੀ ਚੰਡੀਗੜ੍ਹ ਦੇ ਕੋ-ਇੰਚਾਰਜ ਅਤੇ ਪੰਜਾਬ ਜਲ ਸਪਲਾਈ ਅਤੇ ਸੀਵਰੇਜ ਬੋਰਡ ਦੇ ਚੇਅਰਮੈਨ ਡਾ. ਐਸ.ਐਸ. ਆਹਲੂਵਾਲੀਆ ਨੇ ਕਿਹਾ ਇਸ ਦੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾਵੇਗੀ ਅਤੇ ਵੋਟ ਕ੍ਰੌਸ ਕਰਨ ਵਾਲਿਆਂ ਦਾ ਪਤਾ ਲਗਾਇਆ ਜਾਵੇਗਾ।

ਡਾ. ਆਹਲੂਵਾਲੀਆ ਨੇ ਕਿਹਾ ਕਿ ਬੀਜੇਪੀ ਪੂਰੇ ਦੇਸ਼ ਅੰਦਰ ਵਿਰੋਧੀਆਂ ਪਾਰਟੀਆਂ ਦੇ ਬੰਦਿਆਂ ਨੂੰ ਡਰਾ-ਧਮਕਾ ਕੇ ਅਤੇ ਹੋਰ ਲਾਲਚ ਦੇ ਕੇ ਵੋਟਾਂ ਹਾਸਿਲ ਕਰਨ ਦੇ ਲਈ ਜਾਣੀ ਜਾਂਦੀ ਹੈ। ਜਿਸ ਦੀਆਂ ਕਈਂ ਉਦਾਹਰਣਾਂ ਪਿਛਲੇ ਸਮੇਂ ਵਿੱਚ ਪੂਰੇ ਦੇਸ਼ ਅੰਦਰ ਸਾਹਮਣੇ ਆਈਆਂ ਹਨ। ਇਸਦੀ ਇੱਕ ਉਦਾਹਰਣ ਅੱਜ ਚੰਡੀਗੜ੍ਹ ਦੇ ਵਿੱਚ ਵੀ ਦੇਖਣ ਨੂੰ ਮਿਲੀ।

ਉਨ੍ਹਾਂ ਅੱਗੇ ਕਿਹਾ ਕਿ ਆਮ ਆਦਮੀ ਪਾਰਟੀ ਵੋਟ ਕੌ੍ਰਸ ਕਰਨ ਵਾਲੇ ਕੌਂਸਲਰਾਂ ਦੇ ਮੁੱਦੇ ਨੂੰ ਚੰਡੀਗੜ੍ਹ ਵਾਸੀਆਂ ਦੇ ਵਿੱਚ ਲੈ ਕੇ ਜਾਵੇਗੀ ਅਤੇ ਸ਼ਹਿਰ ਵਾਸੀਆਂ ਦੀ ਇਸ ਸਬੰਧੀ ਰਾਇ ਲਈ ਜਾਵੇਗੀ, ਕਿ ਬੀਜੇਪੀ ਵਲੋਂ ਪੂਰੇ ਦੇਸ਼ ਅੰਦਰ ਕੀਤੀ ਜਾ ਰਹੀ ਇਸ ਗੰਦੀ ਰਾਜਨੀਤੀ ਤੋਂ ਲੋਕਾਂ ਨੂੰ ਕਿਸ ਤਰ੍ਹਾਂ ਛੁਟਕਾਰਾ ਦਵਾਇਆ ਜਾਵੇ ਅਤੇ ਸ਼ਹਿਰ ਵਾਸੀਆਂ ਨੂੰ ਇੱਕ-ਸੁਥਰਾ ਸਿਸਟਮ ਮੁਹੱਈਆ ਕਰਵਾਇਆ ਜਾਵੇ।

ਡਾ. ਆਹਲੂਵਾਲੀਆ ਨੇ ਅੱਗੇ ਕਿਹਾ ਕਿ ਮੇਅਰ ਚੋਣ ਦੌਰਾਨ ਜਿਹੜੇ ਵੀ ਕੌਂਸਲਰਾਂ ਨੇ ਵੋਟ ਕ੍ਰੌਸ ਕੀਤੀ ਹੈ, ਉਸ ਦਾ ਸੱਚ ਲੋਕਾਂ ਦੇ ਸਾਹਮਣੇ ਲਿਆਂਦਾ ਜਾਵੇਗਾ। ਜਿਹੜੇ ਕੌਂਸਲਰ ਆਪਣੀ ਦੋਸਤੀ ਨਿਭਾਉਣ ਲਈ ਪਾਰਟੀ ਦਾ ਸਾਥ ਨਹੀਂ ਦਿੰਦੇ ਅਤੇ ਵੋਟ ਕ੍ਰੌਸ ਕਰਦੇ ਹਨ, ਉਨ੍ਹਾਂ ਕੌਂਸਲਰਾਂ ਦੇ ਖਿਲਾਫ਼ ਸਖਤ ਕਾਰਵਾਈ ਵੀ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕੋਈ ਕੌਂਸਲਰ ਵੋਟ ਕ੍ਰੌਸ ਕਰਨ ਦੀ ਕੋਸਿਸ ਨਾ ਕਰੇ।