ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਸਮਾਰੋਹ ਮਲਟੀਪਰਪਜ ਸਪੋਰਟਸ ਸਟੇਡੀਅਮਲਮੀਨੀ ਦੀ ਗਰਾਊਂਡ ਵਿਖੇ ਮਨਾਇਆ ਗਿਆ
ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਲਹਿਰਾਇਆ ਰਾਸਟਰੀ ਤਿਰੰਗਾ
5 Dariya News
ਪਠਾਨਕੋਟ 26-Jan-2025
ਅੱਜ ਦੇਸ਼ ਦੇ 76ਵੇਂ ਗਣਤੰਤਰ ਦਿਵਸ ਮੌਕੇ ਮੈਂ ਜਿਲ੍ਹਾ ਪਠਾਨਕੋਟ ਦੇ ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਦਾ ਹਾਂ, ਅੱਜ ਇਸ ਮੁਬਾਰਕ ਮੌਕੇ ਮੈਂ ਦੇਸ਼ ਦੀ ਆਜ਼ਾਦੀ ਲਈ ਲੜੇ ਗਏ ਲੰਬੇ ਸੰਘਰਸ਼ ਵਿਚ ਆਪਣੀਆਂ ਜਾਨਾਂ ਕੁਰਬਾਨ ਕਰਨ ਵਾਲੇ ਹਜ਼ਾਰਾਂ ਦੇਸ਼ ਭਗਤ ਸੂਰਬੀਰਾਂ ਨੂੰ ਦਿਲੋਂ ਸ਼ਰਧਾ ਅਤੇ ਸਤਿਕਾਰ ਭੇਟ ਕਰਦਾ ਹਾਂ, ਦੇਸ਼ ਦੇ ਆਜ਼ਾਦੀ ਸੰਗਰਾਮ ਵਿਚ ਸਭ ਤੋਂ ਵੱਧ ਕੁਰਬਾਨੀਆਂ ਪੰਜਾਬੀ ਸੂਰਬੀਰਾਂ ਨੇ ਹੀ ਦਿੱਤੀਆਂ ਅਤੇ ਸਾਨੂੰ ਇਸ ਗੱਲ ਦਾ ਮਾਣ ਹੈ। ਇਹ ਪ੍ਰਗਟਾਵਾ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਮਲਟੀਪਰਪਜ ਸਪੋਰਟਸ ਸਟੇਡੀਅਮ ਲਮੀਨੀ (ਪਠਾਨਕੋਟ) ਵਿਖੇ ਜ਼ਿਲ੍ਹਾ ਪੱਧਰੀ ਗਣਤੰਤਰ ਦਿਵਸ ਮੌਕੇ ਰਾਸ਼ਟਰੀ ਝੰਡਾ ਲਹਿਰਾਉਣ ਉਪਰੰਤ ਜ਼ਿਲ੍ਹਾ ਵਾਸੀਆਂ ਨੂੰ ਸੰਬੋਧਨ ਕਰਦਿਆਂ ਪ੍ਰਗਟ ਕੀਤੇ।
ਇਸ ਸਮਾਗਮ ਵਿੱਚ ਸਰਵਸ੍ਰੀ ਸ. ਦਲਜਿੰਦਰ ਸਿੰਘ ਢਿੱਲੋਂ ਐਸ.ਐਸ.ਪੀ. ਪਠਾਨਕੋਟ, ਹਰਜੀਤ ਸਿੰਘ ਵਧੀਕ ਡਿਪਟੀ ਕਮਿਸਨਰ (ਜ), ਅਰਸਦੀਪ ਸਿੰਘ ਲੋਬਾਨਾ ਐਸ.ਡੀ.ਐਮ. ਪਠਾਨਕੋਟ, ਵਿਭੂਤੀ ਸਰਮਾ ਚੇਅਰਮੈਨ ਟੂਰਿਜਮ ਡਿਵੈਲਪਮੈਂਟ ਕਾਰਪੋਰੇਸਨ, ਸੁਨੀਲ ਗੁਪਤਾ ਚੇਅਜਰਮੈਨ ਪੈਸਕੋ, ਅੰਮਿਤ ਮੰਟੂ ਹਲਕਾ ਇੰਚਾਰਜ ਸੁਜਾਨਪੁਰ, ਰੇਖਾ ਮਨੀ ਸਰਮਾ ਮਹਿਲਾ ਵਿੰਗ ਜਿਲ੍ਹਾ ਪ੍ਰਧਾਨ-ਕਮ-ਸਕੱਤਰ ਪੰਜਾਬ, ਸਤੀਸ ਮਹਿੰਦਰੂ ਚੇਅਰਮੈਨ ਦਾ ਹਿੰਦੂ ਕੋਪਰੇਟਿਵ ਬੈਂਕ, ਐਡਵੋਕੇਟ ਰਮੇਸ ਮਹਾਜਨ, ਸੋਰਭ ਬਹਿਲ ਸਕੱਤਰ ਆਮ ਆਦਮੀ ਪਾਰਟੀ, ਸਾਬਕਾ ਕੈਬਨਿਟ ਮੰਤਰੀ ਮਾਸਟਰ ਮੋਹਣ ਲਾਲ, ਗੋਤਮ ਮਾਨ ਸਰਪੰਚ ਨਰੋਟ ਮਹਿਰਾ-ਕਮ-ਸਕੱਤਰ ਪੰਜਾਬ, ਡਾ. ਮੋਹਣ ਲਾਲ ਅੱਤਰੀ, ਸੰਦੀਪ ਸਿੰਘ ਬਲਾਕ ਪ੍ਰਧਾਨ, ਅੰਮਿਤ ਮਿੱਠੂ ਯੂਵਾ ਨੇਤਾ ਆਮ ਆਦਮੀ ਪਾਰਟੀ, ਆਦਿ ਹਾਜ਼ਰ ਸਨ।
ਜਿਕਰਯੋਗ ਹੈ ਕਿ ਮੁੱਖ ਮਹਿਮਾਨ ਜੀ ਵੱਲੋਂ ਤਿਰੰਗਾਂ ਲਹਿਰਾਉਂਣ ਤੋਂ ਬਾਅਦ ਪ੍ਰੇਡ ਦਾ ਨਿਰੀਖਣ ਕੀਤਾ ਗਿਆ ਅਤੇ ਜਿਲ੍ਹਾ ਨਿਵਾਸੀਆ ਨੂੰ 76ਵੇਂ ਗਣਤੰਤਰ ਦਿਵਸ ਦੀਆਂ ਮੁਬਾਰਕਵਾਦ ਦਿੱਤੀ। ਇਸ ਮੋਕੇ ਤੇ ਸੰਬੋਧਤ ਕਰਦਿਆਂ ਸ੍ਰੀ ਆਦਿੱਤਿਆ ਉੱਪਲ ਡਿਪਟੀ ਕਮਿਸਨਰ ਪਠਾਨਕੋਟ ਨੇ ਕਿਹਾ ਕਿ ਅੱਜ ਅਸੀਂ ਆਪਣੇ ਦੇਸ਼ ਦੇ 76ਵੇਂ ਗਣਤੰਤਰ ਦਿਵਸ ਨੂੰ ਮਨਾ ਰਹੇ ਹਾਂ।
ਮੈਂ ਇਸ ਸ਼ੁਭ ਦਿਹਾੜੇ ’ਤੇ ਦੇਸ਼ ਵਾਸੀਆਂ, ਪੰਜਾਬ ਵਾਸੀਆਂ ਤੇ ਖਾਸ ਕਰ ਕੇ ਜ਼ਿਲ੍ਹਾ ਪਠਾਨਕੋਟ ਵਾਸੀਆਂ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਵਧਾਈ ਦਿੰਦਾ ਹਾਂ। ਪੰਜਾਬ ਗੁਰੂਆਂ-ਪੀਰਾਂ ਪੈਗੰਬਰਾਂ ਦੀ ਧਰਤੀ ਹੈ। ਸਾਡੇ ਗੁਰੂ ਸਾਹਿਬਾਨਾਂ ਨੇ ਜਿੱਥੇ ਇਸ ਧਰਤੀ ’ਤੇ ਜਬਰ ਵਿਰੁੱਧ ਜ਼ੋਰਦਾਰ ਆਵਾਜ਼ ਬੁਲੰਦ ਕਰਦਿਆਂ ਲੋਕਾਂ ਨੂੰ ਵਿਦੇਸ਼ੀ ਜਰਵਾਣਿਆਂ ਵਿਰੁੱਧ ਸੁਚੇਤ ਕੀਤਾ ਸੀ, ਉੱਥੇ ਉਨਾਂ ਨੇ ਸਰਬੱਤ ਦੇ ਭਲੇ ਦਾ ਸੰਦੇਸ਼ ਦੇ ਕੇ ਸਮੁੱਚੀ ਮਨੁੱਖਤਾ ਵਿੱਚ ਅਮਨ, ਸ਼ਾਂਤੀ, ਸਦਭਾਵਨਾ ਅਤੇ ਬਰਾਬਰੀ ਦਾ ਸੰਦੇਸ਼ ਵੀ ਦਿੱਤਾ मी।
ਆਜ਼ਾਦੀ ਦੀ ਪ੍ਰਾਪਤੀ ਲਈ ਚੱਲੇ ਲੰਬੇ ਸੰਘਰਸ਼ ਵਿੱਚ ਪੰਜਾਬੀਆਂ ਦਾ ਸਭ ਤੋਂ ਵੱਧ 80 ਫੀਸਦੀ ਯੋਗਦਾਨ ਰਿਹਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਹੀ ਧਰਤੀ ਤੋਂ ਗ਼ਦਰ ਲਹਿਰ, ਕੂਕਾ ਲਹਿਰ, ਗੁਰਦੁਆਰਾ ਸੁਧਾਰ ਲਹਿਰ, ਬੱਬਰ ਅਕਾਲੀ ਲਹਿਰ, ਪੱਗੜੀ ਸੰਭਾਲ ਲਹਿਰ, ਪਰਜਾ ਤੰਤਰ, ਨੌਜਵਾਨ ਸਭਾ ਸ਼ੁਰੂ ਹੋਈ। ਸਮੇਂ-ਸਮੇਂ ’ਤੇ ਲੱਗੇ ਮੋਰਚਿਆਂ ਨੇ ਵਿਦੇਸ਼ੀ ਹਾਕਮਾਂ ਨੂੰ ਦੇਸ਼ ਛੱਡਣ ਲਈ ਮਜ਼ਬੂਰ ਕੀਤਾ।
ਆਜ਼ਾਦੀ ਲਈ ਸੰਘਰਸ਼ ਵਿੱਚ ਪੰਜਾਬ ਦੇ ਸੂਰਬੀਰਾਂ ਦਾ ਬਹੁਤ ਵੱਡਾ ਯੋਗਦਾਨ ਰਿਹਾ, ਜਿਨਾਂ ਵਿੱਚ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ, ਰਾਜਗੁਰੁ, ਸੁਖਦੇਵ, ਕਰਤਾਰ ਸਿੰਘ ਸਰਾਭਾ, ਲਾਲਾ ਲਾਜਪਤ ਰਾਏ, ਸ਼ਹੀਦ ਮਦਨ ਲਾਲ ਢੀਂਗਰਾ, ਸ਼ਹੀਦ ਊਧਮ ਸਿੰਘ ਦੇ ਨਾਂ ਮੋਹਰਲੀਆਂ ਸਫ਼ਾਂ ਵਿੱਚ ਆਉਂਦੇ ਹਨ। ਪੰਜਾਬ ਦੀ ਧਰਤੀ ਤੋਂ ਉੱਠੀਆਂ ਲਹਿਰਾਂ ਨੇ ਦੇਸ਼ ਨੂੰ ਆਜ਼ਾਦੀ ਦਿਵਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ। ਸਾਡਾ ਦੇਸ਼ 26 ਜਨਵਰੀ, 1950 ਨੂੰ ਭਾਰਤੀ ਸੰਵਿਧਾਨ ਲਾਗੂ ਹੋ ਜਾਣ ਨਾਲ ਗਣਰਾਜ ਬਣਿਆ।
ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ’ਤੇ ਮੈਂ ਦੇਸ਼ ਦੀਆਂ ਸਮੂਹ ਸੈਨਾਵਾਂ, ਅਰਧ ਸੈਨਿਕ ਬਲਾਂ ਅਤੇ ਸੂਬਿਆਂ ਦੀਆਂ ਪੁਲਿਸ ਫੋਰਸਜ਼ ਦੇ ਅਫਸਰਾਂ, ਜਵਾਨਾਂ ਵੱਲੋਂ ਦੇਸ਼ ਦੀ ਆਜ਼ਾਦੀ ਨੂੰ ਕਾਇਮ ਰੱਖਣ ਲਈ ਕੀਤੇ ਬਲਿਦਾਨ ਦੀ ਸ਼ਲਾਘਾ ਵੀ ਕਰਦਾ ਹਾਂ, ਜਿਨਾਂ ਨੇ ਆਜ਼ਾਦੀ ਤੋਂ ਬਾਅਦ ਦੇਸ਼ ਨੂੰ ਅੰਦਰੂਨੀ ਤੇ ਬਾਹਰੀ ਖਤਰਿਆਂ ਤੋਂ ਸੁਰੱਖਿਅਤ ਕੀਤਾ। ਭਾਰਤ ਇੱਕ ਬਹੁ-ਭਾਸ਼ਾਈ, ਬਹੁ-ਭਾਂਤੀ ਸੱਭਿਆਚਾਰ, ਬਹੁ-ਰਾਜੀ, ਖਿੱਤਿਆਂ ਦੇ ਸੁਮੇਲ ਵਾਲਾ ਦੇਸ਼ ਹੋਣ ਕਰ ਕੇ ਦੇਸ਼ ਦੇ ਸੰਵਿਧਾਨ ਨਿਰਮਾਤਾਵਾਂ ਅੱਗੇ ਇਹ ਵੱਡੀ ਚੁਣੌਤੀ ਸੀ ਕਿ ਅਜਿਹਾ ਸੰਵਿਧਾਨ ਬਣਾਇਆ ਜਾਵੇ ਜੋ ਦੇਸ਼ ਨੂੰ ਇੱਕ ਸੂਤਰ ਵਿੱਚ ਬਣ ਸਕੇ।
ਸਾਡੇ ਦੇਸ਼ ਦੇ ਸੰਵਿਧਾਨ ਦੇ ਨਿਰਮਾਤਾ ਡਾ. ਭੀਮ ਰਾਓ ਅੰਬੇਦਕਰ ਦੀ ਅਗਵਾਈ ਵਿੱਚ ਬਣੀ ਕਮੇਟੀ ਨੇ ਦੇਸ਼ ਲਈ ਅਜਿਹਾ ਸੰਵਿਧਾਨ ਬਣਾਇਆ, ਜਿਸ ਨਾਲ ਸਾਰੇ ਦੇਸ਼ ਨੂੰ ਇੱਕ ਮਾਲਾ ਵਿੱਚ ਪਰੋ ਦਿੱਤਾ ਗਿਆ ਅਤੇ ਭਾਰਤ ਇੱਕ ਮਜ਼ਬੂਤ ਦੇਸ਼ ਬਣ ਕੇ ਦੁਨੀਆਂ ਦੇ ਮੋਹਰਲੀ ਕਤਾਰ ਦੇ ਦੇਸ਼ਾਂ ਵਿੱਚ ਸ਼ੁਮਾਰ ਹੋਇਆ। ਆਜ਼ਾਦੀ ਉਪਰੰਤ ਬਹਾਦਰ ਪੰਜਾਬੀਆਂ ਨੇ ਜਿੱਥੇ ਦੇਸ਼ ਦੀਆਂ ਸੈਨਾਵਾਂ ਵਿੱਚ ਸ਼ਾਮਲ ਹੋ ਕੇ ਆਪਣਾ ਯੋਗਦਾਨ ਪਾਉਂਦਿਆਂ 1948, 1962, 1965, 1971 ਤੇ ਕਾਰਗਿਲ ਜੰਗ ਵਿੱਚ ਕੁਰਬਾਨੀਆਂ ਦਿੱਤੀਆਂ ਉੱਥੇ ਕਿਸਾਨਾਂ ਨੇ ਦੇਸ਼ ਦੇ ਅੰਨ ਭੰਡਾਰ ਵਿੱਚ ਅਥਾਹ ਯੋਗਦਾਨ ਪਾ ਕੇ ਦੇਸ਼ ਨੂੰ ਅਨਾਜ ਪੱਖੋਂ ਆਤਮ ਨਿਰਭਰ ਬਣਾਇਆ।
ਸਮੁੱਚੇ ਪੰਜਾਬੀਆਂ ਨੂੰ ਮੈਂ ਇਸ ਗੱਲੋਂ ਵੀ ਵਧਾਈ ਦਿੰਦਾ ਹਾਂ ਕਿ ਉਨਾਂ ਹਮੇਸ਼ਾ ਹੀ ਸੂਬੇ ਵਿੱਚ ਅਮਨ, ਸ਼ਾਂਤੀ, ਭਾਈਚਾਰਕ ਸਾਂਝ ਤੇ ਫਿਰਕੂ ਸਦਭਾਵਨਾ ਦੀ ਮਿਸਾਲ ਪੈਦਾ ਕਰਦਿਆਂ ਦੇਸ਼ ਦੇ ਸਰਵਪੱਖੀ ਵਿਕਾਸ ਵਿੱਚ ਆਪਣਾ ਯੋਗਦਾਨ ਪਾਇਆ ਹੈ। ਇਕ ਵਾਰ ਫੇਰ ਗਣਤੰਤਰ ਦਿਵਸ ਦੇ ਸ਼ੁਭ ਦਿਹਾੜੇ ਮੌਕੇ ਮੈਂ ਸਮੁੱਚੇ ਪੰਜਾਬੀਆਂ ਨੂੰ ਵਧਾਈ ਦਿੰਦਾਂ ਹਾਂ ਅਤੇ ਮੈਂ ਇਹ ਆਸ ਕਰਦਾ ਹਾਂ ਕਿ ਅਜਿਹੇ ਦਿਹਾੜਿਆਂ ਮੌਕੇ ਅਸੀਂ ਰਲ-ਮਿਲ ਕੇ ਦੇਸ਼ ਦੀ ਉਨਤੀ, ਤਰੱਕੀ ਅਤੇ ਵਿਕਾਸ ਵਿੱਚ ਯੋਗਦਾਨ ਪਾਈਏ।
ਅੱਜ ਦੇ ਜਿਲ੍ਹਾ ਪੱਧਰੀ ਸਮਾਰੋਹ ਦੋਰਾਨ ਵੱਖ ਵੱਖ ਸਕੂਲਾਂ ਵੱਲੋਂ ਸੱਭਿਆਚਾਰਕ ਰੰਗਾਰੰਗ ਪ੍ਰੋਗਰਾਮ ਪੇਸ ਕੀਤਾ ਗਿਆ, ਸੀ.ਐਮ. ਦੀ ਯੋਗਸਾਲਾ ਵੱਲੋਂ ਵੀ ਵਧੀਆ ਪੇਸਕਾਰੀ ਕੀਤੀ ਗਈ, ਵੱਖ ਵੱਖ ਸਕੂਲਾਂ ਕਾਲਜ਼ਾਂ ਦੀਆਂ ਵਿਦਿਆਰਥਣਾਂ ਵੱਲੋਂ ਗਿੱਧਾ ਅਤੇ ਨੋਜਵਾਨਾਂ ਵੱਲੋਂ ਭੰਗੜੇ ਦੀ ਪੇਸਕਾਰੀ ਕੀਤੀ ਗਈ। ਮਾਰਚ ਪਾਸਟ ਦੋਰਾਨ ਪੰਜਾਬ ਪੁਲਿਸ ਦੀਆਂ ਦੋ ਟੁਕੜੀਆਂ, ਮਹਿਲਾ ਪੁਲਿਸ, ਹੋਮ ਗਾਰਡ ਅਤੇ ਵੱਖ ਵੱਖ ਸਕੂਲਾਂ ਦੀਆਂ ਐਨ.ਸੀ.ਸੀ. ਪੈਲਟੂਨ ਵੱਲੋਂ ਮਾਰਚ ਪਾਸਟ ਕੀਤਾ ਗਿਆ।
ਇਸ ਮੋਕੇ ਤੇ ਸੱਭਿਅਚਾਰਕ ਪ੍ਰੋਗਰਾਮ ਪੇਸ ਕਰਨ ਵਾਲੇ ਸਕੂਲਾਂ, ਮਾਰਚ ਪਾਸਟ ਵਿੱਚ ਭਾਗ ਲੈਣ ਵਾਲੇ ਪੈਲਟੂਨ ਕਮਾਂਡਰਾਂ, ਸਿੱਖਿਆ ਵਿਭਾਗ ਅੰਦਰ ਮੱਲਾ ਮਾਰਨ ਵਾਲੇ ਵਿਦਿਆਰਥੀਆਂ, ਖੇਡ ਵਿਭਾਗ ਵੱਲੋਂ ਜਿਲ੍ਹੇ ਪਠਾਨਕੋਟ ਦਾ ਨਾਮ ਰੋਸਨ ਕਰਨ ਅਤੇ ਅਧਿਕਾਰੀਆਂ ਨੂੰ ਵਧੀਆ ਗਾਰਗੁਜਾਰੀ ਲਈ ਯਾਦਗਾਰ ਚਿਨ੍ਹ ਭੇਂਟ ਕਰਕੇ ਸਨਮਾਨਤ ਕੀਤਾ ਗਿਆ। ਸਮਾਰੋਹ ਦੋਰਾਨ ਵਣ ਵਿਭਾਗ, ਨਗਰ ਨਿਗਮ ਪਠਾਨਕੋਟ, ਜਿਲ੍ਹਾ ਪ੍ਰੋਗਰਾਮ ਅਫਸਰ, ਰਣਜੀਤ ਸਾਗਰ ਡੈਮ, ਸਿੱਖਿਆ ਵਿਭਾਗ, ਸੀ.ਐਮ. ਦੀ ਯੋਗਸਾਲਾ, ਖੇਤੀ ਬਾੜੀ ਵਿਭਾਗ, ਪੇਂਡੂ ਵਿਕਾਸ ਅਤੇ ਸਿਹਤ ਵਿਭਾਗ ਵੱਲੋਂ ਮਨਮੋਹਕ ਝਾਂਕੀਆਂ ਵੀ ਕੱਢੀਆਂ ਗਈਆਂ।
ਜਿਸ ਵਿੱਚੋਂ ਨਗਰ ਨਿਗਮ ਦੀ ਝਾਂਕੀ ਨੇ ਪਹਿਲਾ ਸਥਾਨ, ਸੀ.ਐਮ. ਦੀ ਯੌਗਸਾਲਾ ਨੇ ਦੂਸਰਾ ਸਥਾਨ ਅਤੇ ਦਫਤਰ ਜਿਲ੍ਹਾ ਪ੍ਰੋਗਰਾਮ ਅਫਸਰ ਪਠਾਨਕੋਟ ਨੇ ਤੀਜਾ ਸਥਾਨ ਪ੍ਰਾਪਤ ਕੀਤਾ। ਜਿਲ੍ਹਾ ਪ੍ਰਸਾਸਨ ਵੱਲੋਂ ਮੁੱਖ ਮਹਿਮਾਨ ਜੀ ਨੂੰ ਯਾਦਗਾਰ ਚਿਨ੍ਹ ਅਤੇ ਦੋਸਾਲਾ ਭੇਂਟ ਕਰਕੇ ਸਨਮਾਨਤ ਕੀਤਾ।