ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ ਧੂਮਧਾਮ ਨਾਲ ਮਨਾਇਆ ਗਿਆ 76ਵਾਂ ਗਣਤੰਤਰ ਦਿਵਸ
5 Dariya News
ਮੋਹਾਲੀ 26-Jan-2025
ਰਿਆਤ ਬਾਹਰਾ ਯੂਨੀਵਰਸਿਟੀ ਵੱਲੋਂ 76ਵਾਂ ਗਣਤੰਤਰ ਦਿਵਸ ਬੜੀ ਧੂਮਧਾਮ ਨਾਲ ਮਨਾਇਆ ਗਿਆ। ਝੰਡਾ ਲਹਿਰਾਉਣ ਦੀ ਰਸਮ ਰਿਆਤ ਬਾਹਰਾ ਯੂਨੀਵਰਸਿਟੀ ਦੇ ਚਾਂਸਲਰ ਅਤੇ ਗਰੁੱਪ ਦੇ ਚੇਅਰਮੈਨ ਸ. ਗੁਰਵਿੰਦਰ ਸਿੰਘ ਬਾਹਰਾ ਵੱਲੋਂ ਅਦਾ ਕੀਤੀ ਗਈ ਅਤੇ ਉਨ੍ਹਾਂ ਨਾਲ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਪ੍ਰੋ. ਡਾ. ਪਰਵਿੰਦਰ ਸਿੰਘ ਵੀ ਮੌਜੂਦ ਸਨ।
ਸਮਾਗਮ ਦੌਰਾਨ ਅਜ਼ਾਦੀ ਘੁਲਾਟੀਆਂ ਨੂੰ ਯਾਦ ਕਰਦਿਆਂ ਚਾਂਸਲਰ ਸ.ਗੁਰਵਿੰਦਰ ਸਿੰਘ ਬਾਹਰਾ ਨੇ ਵਿਦਿਆਰਥੀਆਂ ਨੂੰ ਸ਼ਹੀਦਾਂ ਦੀਆਂ ਕੁਰਬਾਨੀਆਂ ਸਦਕਾ ਮਿਲੀ ਅਜ਼ਾਦੀ ਨੂੰ ਬਰਕਰਾਰ ਰੱਖਦਿਆਂ ਦੇਸ਼ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਆਪਣਾ ਯੋਗਦਾਨ ਦੇਣ ਲਈ ਪ੍ਰੇਰਿਤ ਕੀਤਾ। ਉਨ੍ਹਾਂ ਦੱਸਿਆ ਕਿ ਗਣਤੰਤਰ ਦਿਵਸ ਭਾਰਤ ਦਾ ਇਕ ਰਾਸ਼ਟਰੀ ਦਿਵਸ ਹੈ, ਜੋ ਕਿ ਹਰ ਸਾਲ 26 ਜਨਵਰੀ ਨੂੰ ਮਨਾਇਆ ਜਾਂਦਾ ਹੈ। ਇਸੀ ਦਿਨ ਸਾਲ 1950 ਨੂੰ ਭਾਰਤ ਦਾ ਸੰਵਿਧਾਨ ਲਾਗੂ ਕੀਤਾ ਗਿਆ ਸੀ।
ਇਸ ਮੌਕੇ ਰਿਆਤ ਬਾਹਰਾ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਪਰਵਿੰਦਰ ਸਿੰਘ ਨੇ ਵੀ ਗਣਤੰਤਰ ਦਿਵਸ ਦੀ ਵਧਾਈ ਦਿੰਦਿਆਂ ਸ਼ਹੀਦਾਂ ਦੀਆਂ ਕੁਰਬਾਨੀਆਂ ਨੂੰ ਯਾਦ ਕੀਤਾ। ਇਸੇ ਦੌਰਾਨ ਯੂਨੀਵਰਸਿਟੀ ਦੇ ਵੱਡੀ ਗਿਣਤੀ ਵਿੱਚ ਵਿਦਿਆਰਥੀਆਂ ਅਤੇ ਸਮੂਹ ਸਟਾਫ ਮੈਂਬਰਾਂ ਵੱਲੋਂ ਦੇਸ਼ ਦੀ ਅਜ਼ਾਦੀ ਖਾਤਿਰ ਆਪਣੀਆਂ ਜਾਨਾਂ ਨਛਾਵਰ ਕਰਨ ਵਾਲੇ ਸ਼ਹੀਦਾਂ ਨੂੰ ਯਾਦ ਕੀਤਾ ਗਿਆ ਅਤੇ ਉਨ੍ਹਾਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ ਗਈ।
ਇਸ ਮੌਕੇ ਯੂਨੀਵਰਸਿਟੀ ਦੇ ਨਾਲ ਲੰਬੇ ਸਮੇ ਤੋਂ ਜੁੜੇ ਕਰਮਚਾਰੀਆਂ ਨੂੰ ਵਿਸ਼ੇਸ਼ ਤੋਰ ਤੇ ਸਨਮਾਨਿਤ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਯੂਨੀਵਰਸਿਟੀ ਦੇ ਰਜਿਸਟਰਾਰ ਡਾ. ਦਿਨੇਸ਼ ਸ਼ਰਮਾ,ਡਾਇਰੈਕਟਰ ਐਡਮਿਨ ਬੀ ਐਸ ਬੈਂਸ, ਡੀਨ , ਡਾਇਰੈਕਟਰ ਅਤੇ ਹੋਰ ਸੀਨੀਅਰ ਅਧਿਕਾਰੀ ਵੀ ਮੌਜੂਦ ਸਨ।