15ਵੇਂ ਰਾਸ਼ਟਰੀ ਵੋਟਰ ਦਿਵਸ ਤੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਕਰਵਾਇਆ ਪ੍ਰਣ
ਲੋਕਤੰਤਰ ਦੀ ਮਜ਼ਬੂਤੀ ਲਈ ਵੋਟ ਬਣਵਾਉਣਾ ਅਤੇ ਮੱਤਦਾਨ ਕਰਨਾ ਬੇਹੱਦ ਜ਼ਰੂਰੀ : ਵਿਨੀਤ ਕੁਮਾਰ
5 Dariya News
ਫਰੀਦਕੋਟ 25-Jan-2025
ਭਾਰਤ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਜ਼ਿਲ੍ਹੇ ਦੇ ਵੋਟਰਾਂ ਨੂੰ ਵੋਟ ਦੇ ਹੱਕ ਦੀ ਮਹੱਤਤਾ ਲਈ ਜਾਗਰੂਕ ਕਰਨ ਲਈ 15ਵੇਂ ਰਾਸ਼ਟਰੀ ਵੋਟਰ ਦਿਵਸ ਦੇ ਸਬੰਧ ਵਿੱਚ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਦੀ ਅਗਵਾਈ ਹੇਠ ਦੇਸ਼ ਭਗਤ ਪੰਡਿਤ ਚੇਤਨ ਦੇਵ ਸਰਕਾਰੀ ਕਾਲਜ ਆਫ ਐਜੂਕੇਸ਼ਨ ਵਿਖੇ ਰਾਸ਼ਟਰੀ ਵੋਟਰ ਦਿਵਸ ਮਨਾਇਆ ਗਿਆ। ਇਲੈਕਸ਼ਨ ਦੌਰਾਨ ਸਭ ਤੋਂ ਵਧੀਆ ਕੰਮ ਕਰਨ ਵਾਲੇ ਅਧਿਕਾਰੀ ਸ੍ਰੀ ਵਰਿੰਦਰ ਸਿੰਘ, ਪੀ.ਸੀ.ਐਸ ਬੈਸਟ ਈ.ਆਰ.ਓ, ਡਾ. ਗਗਨਦੀਪ ਸਿੰਘ ਬੈਸਟ ਨੋਡਲ ਅਫਸਰ, ਪਰਮਜੀਤ ਸਿੰਘ ਬੈਸਟ ਬੀ.ਐਲ.ਓ ਤੋਂ ਇਲਾਵਾ ਵੋਟਰ ਸੂਚੀ ਦੀ ਸੁਧਾਈ ਅਤੇ ਵੋਟਰ ਜਾਗਰੂਕਤਾ ਸਬੰਧੀ ਸਵੀਪ ਗਤੀਵਿਧੀਆਂ ਵਿੱਚ ਆਪਣਾ ਯੋਗਦਾਨ ਪਾਉਣ ਵਾਲੇ ਅਧਿਕਾਰੀਆਂ/ਕਰਮਚਾਰੀਆਂ ਨੂੰ ਨਕਦ ਇਨਾਮ ਅਤੇ ਪ੍ਰਸੰਸਾ ਪੱਤਰ ਦੇ ਕੇ ਸਨਮਾਨਿਤ ਕੀਤਾ ਗਿਆ।
ਇਸ ਮੌਕੇ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਨੈਸ਼ਨਲ ਵੋਟਰ ਦਿਵਸ ਦੀਆਂ ਸ਼ੁਭਕਾਮਨਾਵਾਂ ਦਿੰਦਿਆਂ ਕਿਹਾ ਕਿ 1950 ਵਿੱਚ ਚੋਣ ਕਮਿਸ਼ਨ ਦੀ ਸਥਾਪਨਾ ਦੇ ਦਿਨ ਨੂੰ ਕੌਮੀ ਵੋਟਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਉਹਨਾਂ ਆਖਿਆ ਕਿ ਇਹ ਦਿਵਸ ਮਨਾਉਣ ਦੀ ਪਰੰਪਰਾ ਸਾਲ 2011 ਵਿੱਚ ਸ਼ੁਰੂ ਹੋਈ ਸੀ ਅਤੇ ਅੱਜ ਅਸੀਂ 15ਵਾਂ ਕੌਮੀ ਵੋਟਰ ਦਿਵਸ ਮਨਾ ਰਹੇ ਹਾਂ।
ਜੋ ਨੋਜਵਾਨ 18 ਸਾਲ ਦੀ ਉਮਰ ਪੂਰੀ ਕਰ ਚੁੱਕੇ ਹਨ ਉਨ੍ਹਾਂ ਦੀ ਨੈਤਿਕ ਜਿੰਮੇਵਾਰੀ ਬਣਦੀ ਹੈ ਕਿ ਉਹ ਆਪਣੀ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਤੇ ਵੋਟ ਜ਼ਰੂਰ ਪਾਉਣ। ਉਨ੍ਹਾਂ ਦੱਸਿਆ ਕਿ ਵੋਟਰ ਬਣਨਾ, ਵੋਟ ਪਾਉਣਾ ਸਾਡਾ ਫਰਜ਼ ਵੀ ਹੈ ਅਤੇ ਅਧਿਕਾਰ ਵੀ। ਉਹਨਾਂ ਕਿਹਾ ਕਿ ਮੌਲਿਕ ਅਧਿਕਾਰਾਂ ਦੇ ਨਾਲ-ਨਾਲ ਮੌਲਿਕ ਕਰਤੱਵਾਂ ਦੀ ਪਾਲਣਾ ਕਰਨਾ ਵੀ ਜ਼ਰੂਰੀ ਹੈ।
ਇਸ ਉਪਰੰਤ ਡਾ. ਮਹਿੰਦਰ ਸਿੰਘ ਸਾਂਭੀ ਸਰਕਾਰੀ ਕੰਨਿਆ ਸੀਨੀ. ਸੈਕੰਡਰੀ ਸਕੂਲ ਦੀਆਂ ਵਿਦਿਆਰਥਣਾਂ ਵੱਲੋਂ ਭਾਸ਼ਣ, ਕਵਿਤਾ ਤੇ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕੀਤਾ ਗਿਆ ਅਤੇ ਇਲੈਕਸ਼ਨ ਆਈਕਨ ਕੁਲਦੀਪ ਕੰਡਿਆਰਾ ਵੱਲੋਂ ਗੀਤ ਵੀ ਪੇਸ਼ ਕੀਤਾ ਗਿਆ। ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਓਜਸਵੀ ਅਲੰਕਾਰ ਨੇ ਕਿਹਾ ਕਿ ਸਾਡਾ ਸੰਵਿਧਾਨ ਸਾਨੂੰ ਸਮਾਨਤਾ ਦਾ ਅਧਿਕਾਰ ਦਿੰਦਾ ਹੈ।
ਚਾਹੇ ਕੋਈ ਅਮੀਰ ਹੈ ਚਾਹੇ ਕੋਈ ਗਰੀਬ ਸਭ ਨੂੰ ਵੋਟ ਦਾ ਅਧਿਕਾਰ ਸਾਡੇ ਸੰਵਿਧਾਨ ਵੱਲੋਂ ਦਿੱਤਾ ਗਿਆ ਹੈ। ਵੋਟ ਦੇ ਅਧਿਕਾਰ ਦੀ ਵਰਤੋਂ ਕਰਕੇ ਅਸੀਂ ਆਪਣੇ ਪਸੰਦ ਦਾ ਉਮੀਦਵਾਰ ਚੋਣ ਕੇ ਸਰਕਾਰੀ ਤੰਤਰ ਵਿੱਚ ਆਪਣਾ ਬਣਦਾ ਯੋਗਦਾਨ ਪਾਉਦੇ ਹਾਂ। ਇਸ ਤੋਂ ਪਹਿਲਾਂ ਚੋਣ ਤਹਿਸੀਲਦਾਰ ਸ੍ਰੀਮਤੀ ਹਰਜਿੰਦਰ ਕੌਰ ਵੱਲੋਂ ਸਮੂਹ ਹਾਜ਼ਰੀਨ ਨੂੰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਦਾ ਪ੍ਰਣ ਵੀ ਕਰਵਾਇਆ ਗਿਆ। ਮੰਚ ਸੰਚਾਲਨ ਦੀ ਭੂਮਿਕਾ ਜਸਬੀਰ ਜੱਸੀ ਵਲੋਂ ਨਿਭਾਈ ਗਈ।
ਇਸ ਮੌਕੇ ਡਿਪਟੀ ਡੀ.ਈ.ਓ ਸ੍ਰੀ ਪ੍ਰਦੀਪ ਦਿਊੜਾ, ਪ੍ਰਿੰਸੀਪਲ ਬੀ.ਐਡ ਕਾਲਜ, ਮੰਜੂ ਕਪੂਰ, ਪ੍ਰੋ. ਸੰਦੀਪ ਸਿੰਘ, ਪ੍ਰੋ ਬੀਰਇੰਦਰ ਸਿੰਘ, ਪ੍ਰੋ ਰਾਜੇਸ਼ਵਰੀ ਦੇਵੀ, ਪ੍ਰੋ.ਰਣਜੀਤ ਬਾਜਵਾ ਤੋਂ ਇਲਾਵਾ ਜ਼ਿਲ੍ਹਾ ਚੋਣ ਦਫਤਰ ਦਾ ਸਮੂਹ ਸਟਾਫ ਹਾਜ਼ਰ ਸੀ।