5 Dariya News

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਦਸ ਵਿਦਿਆਰਥੀਆਂ ਦੀ ਨੌਕਰੀਆਂ ਲਈ ਚੋਣ

5 Dariya News

ਅੰਮ੍ਰਿਤਸਰ 02-Jan-2025

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਦੀ ਯੋਗ ਅਗਵਾਈ ਹੇਠ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਪਲੇਸਮੈਂਟ ਐਂਡ ਕਰੀਅਰ ਇਨਹਾਂਸਮੈਂਟ ਡਾਇਰੈਕਟੋਰੇਟ ਵੱਲੋਂ ਯੂਨੀਵਰਸਿਟੀ ਦੇ ਐਮ.ਬੀ.ਏ.- ਬੈਚ 2025 ਦੇ ਵਿਦਿਆਰਥੀਆਂ ਲਈ ਐਚ.ਡੀ.ਐਫ.ਸੀ ਲਾਈਫ਼ ਇੰਸ਼ੋਰੈਂਸ ਕੰਪਨੀ ਵੱਲੋਂ ਕੈਂਪਸ ਪਲੇਸਮੈਂਟ ਡਰਾਈਵ ਦਾ ਆਯੋਜਨ ਕੀਤਾ ਗਿਆ। 

ਕੰਪਨੀ ਦੀ ਸੀਨੀਅਰ ਮੈਂਬਰਾਂ ਦੀ ਟੀਮ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦਾ ਦੌਰਾ ਕੀਤਾ ਤੇ ਵਿਦਿਆਰਥੀਆਂ ਦੇ ਟੈਸਟ ਇੰਟਰਵਿਊ ਆਦਿ ਤੋਂ ਬਾਅਦ 10 ਵਿਦਿਆਰਥੀਆਂ ਨੂੰ 4.75 ਲੱਖ ਰੁਪਏ ਪ੍ਰਤੀ ਸਾਲ ਦੇ ਤਨਖਾਹ ਪੈਕੇਜ 'ਤੇ ਚੁਣਿਆ। ਡਾਇਰੈਕਟਰ ਡਾ. ਅਮਿਤ ਚੋਪੜਾ ਨੇ ਕਿਹਾ ਕਿ ਇਹ ਵਿਦਿਆਰਥੀ ਜੂਨ 2025 ਵਿੱਚ ਆਪੋ-ਆਪਣੇ ਕੋਰਸ ਪਾਸ ਕਰਨ ਤੋਂ ਬਾਅਦ ਆਪਣੀਆਂ ਨੌਕਰੀਆਂ ਜਾਇਨ ਕਰਨਗੇ। 

ਉਨ੍ਹਾਂ ਕਿਹਾ ਕਿ ਇਹ ਕੰਪਨੀ ਭਾਰਤ ਦੀ ਇੱਕ ਪ੍ਰਮੁੱਖ ਜੀਵਨ ਬੀਮਾ ਕੰਪਨੀ ਹੈ ਜੋ ਵਿਅਕਤੀਗਤ ਅਤੇ ਸਮੂਹ ਬੀਮਾ ਰਾਹੀਂ ਗਾਹਕਾਂ ਦੀਆਂ ਵੱਖ-ਵੱਖ ਲੋੜਾਂ ਜਿਵੇਂ ਕਿ ਸੁਰੱਖਿਆ, ਪੈਨਸ਼ਨ, ਬਚਤ ਅਤੇ ਰਿਟਾਇਰਮੈਂਟ ਯੋਜਨਾਵਾਂ ਨੂੰ ਪੂਰਾ ਕਰਦੀ ਹੈ। ਵਾਈਸ ਚਾਂਸਲਰ ਡਾ. ਕਰਮਜੀਤ ਸਿੰਘ ਨੇ ਵਿਦਿਆਰਥੀਆਂ ਅਤੇ ਫੈਕਲਟੀ ਮੈਂਬਰਾਂ ਨੂੰ ਇਸ ਉਪਲਬਧੀ 'ਤੇ ਵਧਾਈ ਦਿੰਦਿਆਂ ਭਵਿੱਖ ਵਿਚ ਅਜਿਹੀਆਂ ਪਲੇਸਮੈਂਟ ਹੋਰ ਵੀ ਵਧਾਉਣ ਬਾਰੇ ਕਿਹਾ। ਡੀਨ ਅਕਾਦਮਿਕ ਮਾਮਲੇ ਡਾ. ਪਲਵਿੰਦਰ ਸਿੰਘ ਅਤੇ ਰਜਿਸਟਰਾਰ ਡਾ. ਕੇ.ਐਸ. ਕਾਹਲੋਂ ਨੇ ਵੀ ਵਿਿਦਆਰਥੀਆਂ ਨੂੰ ਵਧਾਈ ਦਿੱਤੀ।