5 Dariya News

ਅਬਜ਼ਰਵਰਾਂ ਵਲੋਂ ਚੋਣ ਤਿਆਰੀਆਂ ਦਾ ਜਾਇਜਾ

ਸੁਰੱਖਿਆ ਪ੍ਰਬੰਧਾਂ, ਚੋਣ ਅਮਲੇ ਦੀ ਤਾਇਨਾਤੀ ਦੀ ਕੀਤੀ ਸਮੀਖਿਆ

5 Dariya News

ਅੰਮ੍ਰਿਤਸਰ 20-Dec-2024

ਪੰਜਾਬ ਰਾਜ ਚੋਣ ਕਮਿਸ਼ਨ ਵਲੋਂ ਅੰਮ੍ਰਿਤਸਰ ਵਿਖੇ ਹੋ ਰਹੀਆਂ ਨਗਰ ਨਿਗਮ ਦੀਆਂ ਚੋਣਾਂ ਲਈ ਅਬਜ਼ਰਵਰ ਸ੍ਰੀ ਘਨਸ਼ਾਮ ਥੋਰੀ ਆਈਏਐਸ ਅਤੇ ਨਗਰ ਪੰਚਾਇਤਾਂ /ਨਗਰ ਕੌਂਸਲਾਂ ਲਈ ਅਬਜ਼ਰਵਰ ਸ੍ਰੀਮਤੀ ਹਰਗੁਨਜੀਤ ਕੌਰ ਆਈਏਐਸ ਨੇ ਡਿਪਟੀ ਕਮਿਸ਼ਨਰ ਅਤੇ ਐਸ.ਐਸ.ਪੀ. ਨਾਲ ਮੀਟਿੰਗ ਦੌਰਾਨ ਚੋਣ ਤਿਆਰੀਆਂ ਦਾ ਜਾਇਜਾ ਲਿਆ। ਉਨਾਂ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਪੋਲਿੰਗ ਸਟੇਸ਼ਨਾਂ ਵਿਖੇ ਵੋਟਰਾਂ ਦੀ ਸਹੂਲਤ ਲਈ ਪੁਖਤਾ ਪ੍ਰਬੰਧ ਯਕੀਨੀ ਬਣਾਉਣ।

ਇਸ ਤੋਂ ਇਲਾਵਾ ਦੋਵਾਂ ਅਬਜ਼ਰਵਰਾਂ ਵਲੋਂ ਚੋਣ ਅਮਲੇ ਦੀ ਤਾਇਨਾਤੀ ,ਪੋਲਿੰਗ ਪਾਰਟੀਆਂ ਦੀ ਰਵਾਨਗੀ ਅਤੇ ਸੁਰੱਖਿਆ ਪ੍ਰਬੰਧਾਂ ਬਾਰੇ ਵਿਸਥਾਰਪੂਰਵਕ ਵਿੱਚ ਜਾਨਕਾਰੀ ਪ੍ਰਾਪਤ ਕੀਤੀ। ਉਨਾਂ ਕਿਹਾ ਕਿ ਪੋਲਿੰਗ ਵਾਲੇ ਦਿਨ ਪ੍ਰਸ਼ਾਸਨਿਕ ਅਧਿਕਾਰੀ ਫੀਲਡ ਵਿੱਚ ਤਾਇਨਾਤ ਰਹਿਣ। ਜਿਲ੍ਹਾ ਚੋਣ ਅਧਿਕਾਰੀ-ਕਮ-ਡਿਪਟੀ ਕਮਿਸ਼ਨਰ ਮੈਡਮ ਸਾਕਸ਼ੀ ਸਾਹਨੀ ਨੇ ਦੱਸਿਆ ਕਿ ਅੰਮ੍ਰਿਤਸਰ ਨਗਰ ਨਿਗਮ ਦੇ 85 ਵਾਰਡਾਂ ਵਿੱਚ 811 ਬੂਥ ਬਣਾਏ ਗਏ ਹਨ। 

ਜਿਨ੍ਹਾਂ ਵਿਚੋਂ 300 ਸੰਵੇਦਨਸ਼ੀਲ ਅਤੇ 245 ਅਤਿ ਸੰਵੇਦਨਸ਼ੀਲ ਹਨ। ਉਨਾਂ ਦੱਸਿਆ ਕਿ ਅਜਨਾਲਾ, ਰਾਜਾਸਾਂਸੀ, ਮਜੀਠਾ, ਬਾਬਾ ਬਕਾਲਾ ਸਾਹਿਬ ਅਤੇ ਰਈਆ ਵਿਖੇ ਚੋਣਾਂ ਦੀਆਂ ਤਿਆਰੀਆਂ ਵੀ ਮੁਕੰਮਲ ਕਰ ਲਈਆਂ ਗਈਆਂ ਹਨ। ਉਨਾਂ ਦੱਸਿਆ ਕਿ ਨਗਰ ਕੌਂਸਲ ਅਤੇ ਨਗਰ ਪੰਚਾਇਤਾਂ ਲਈ ਕੁੱਲ 30 ਵਾਰਡਾਂ ਵਿੱਚ ਚੋਣਾਂ ਹੋਣੀਆਂ ਹਨ। ਜਿਸ ਲਈ ਕੁੱਲ 30 ਬੂਥ ਬਣਾਏ ਗਏ ਹਨ। ਜਿਨਾਂ ਵਿਚੋਂ 7 ਸੰਵੇਦਨਸ਼ੀਲ ਹਨ।

ਐਸ.ਅਸ.ਪੀ. ਸ੍ਰੀ ਚਰਨਜੀਤ ਸਿੰਘ ਨੇ ਦੱਸਿਆ ਕਿ ਸ਼ਾਂਤੀਪੂਰਵਕ ਚੋਣਾਂ ਲਈ ਸੁਰੱਖਿਆ ਦੇ ਵਿਆਪਕ ਪ੍ਰਬੰਧ ਕੀਤੇ ਗਏ ਹਨ। ਉਨਾਂ ਦੱਸਿਆ ਕਿ ਸੰਵੇਦਨਸ਼ੀਲ ਪੋਲਿੰਗ ਬੂਥਾਂ ਦੀ ਤਸਦੀਕ ਕਰਕੇ ਉਥੇ ਵਾਧੂ ਨੱਫਰੀ ਤਾਇਨਾਤ ਕੀਤੀ ਗਈ ਹੈ। ਮੀਟਿੰਗ ਵਿੱਚ ਹਾਜ਼ਰ ਏਡੀਸੀਪੀ ਮੈਡਮ ਹਰਕੋਮਲ ਕੌਰ ਨੇ ਦੱਸਿਆ ਕਿ ਨਗਰ ਨਿਗਮ ਦੇ ਚੋਣਾਂ ਲਈ ਪੁਲਿਸ ਵਲੋਂ ਵਿਆਪਕ ਪ੍ਰਬੰਧ ਕੀਤੇ ਗਏ ਹਨ ਅਤੇ ਸ਼ਰਾਰਤੀ ਅਨਸਰਾਂ ਤੇ ਪੂਰੀ ਨਜ਼ਰ ਰੱਖੀ ਹੋਈ ਹੈ।

ਇਸ ਮੀਟਿੰਗ ਵਿੱਚ ਵਧੀਕ ਜਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ ਸ੍ਰੀਮਤੀ ਪਰਮਜੀਤ ਕੌਰ ਤੋਂ ਇਲਾਵਾ ਹੋਰ ਅਧਿਕਾਰੀ ਵੀ ਹਾਜ਼ਰ ਸਨ।