ਸਿਹਤ ਵਿਭਾਗ ਵੱਲੋਂ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਦਾ ਕੀਤਾ ਸਨਮਾਨ : ਡਾ. ਪ੍ਰਵੇਸ਼ ਕੁਮਾਰ
5 Dariya News
ਬਰਨਾਲਾ 09-Dec-2024
ਸਿਹਤ ਵਿਭਾਗ ਬਰਨਾਲਾ ਵੱਲੋਂ ਨੈਸ਼ਨਲ ਵਲੰਟੀਅਰ ਖੂਨਦਾਨ ਦਿਵਸ ਨੂੰ ਸਮਰਪਿਤ ਖੂਨਦਾਨ ਕਰਨ ਵਾਲੀਆਂ ਸੰਸਥਾਵਾਂ ਅਤੇ ਖੂਨਦਾਨੀਆਂ ਦਾ ਸਨਮਾਨ ਸਮਾਰੋਹ ਸਿਵਲ ਸਰਜਨ ਬਰਨਾਲਾ ਡਾ.ਬਲਦੇਵ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਕਰਵਾਇਆ ਗਿਆ। ਇਸ ਸਮੇਂ ਡਾ. ਪ੍ਰਵੇਸ਼ ਕੁਮਾਰ ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਨੇ ਦੱਸਿਆ ਕਿ ਸਮਾਜ ਸੇਵੀ ਸੰਸਥਾਵਾਂ ਸਨਮਾਨ ਦੀਆਂ ਹੱਕਦਾਰ ਹਨ ਕਿਉਂਕਿ ਆਪ ਵੱਲੋਂ ਖੂਨ ਦਾਨ ਕੈਂਪ ਲਗਾ ਕੇ ਸਿਹਤ ਵਿਭਾਗ ਬਰਨਾਲਾ ਨੂੰ ਆਤਮ ਨਿਰਭਰ ਬਣਾਇਆ ਗਿਆ ਹੈ।
ਖੂਨਦਾਨ ਕਰਕੇ ਅਸੀਂ ਸੜਕੀ ਹਾਦਸੇ, ਐਮਰਜ਼ੈਂਸੀ ਸਮੇਂ, ਗੰਭੀਰ ਬਿਮਾਰੀਆਂ, ਗਰਭਵਤੀ ਔਰਤਾਂ ‘ਚ ਜਣੇਪੇ ਸਮੇਂ ਖੂਨ ਦੀ ਘਾਟ ਸਮੇਂ ਬਹੁਤ ਸਾਰੀਆਂ ਕੀਮਤੀ ਜਾਨਾਂ ਬਚਾ ਸਕੇ। ਡਾ.ਅਮੋਲਦੀਪ ਕੌਰ ਸਿਵਲ ਹਸਪਤਾਲ ਬਰਨਾਲਾ, ਡਾ. ਜਤਿੰਦਰ ਜੁਨੇਜਾ ਬੀ.ਟੀ.ਓ.ਅਤੇ ਡਾ. ਸ਼ਿਖਾ ਬੀ.ਟੀ.ਓ. ਨੇ ਦੱਸਿਆ ਕਿ ਬਲੱਡ ਬੈਂਕ ‘ਚ ਖੂਨ ਦੀ ਪੂਰਤੀ ਲਈ ਖੂਨਦਾਨੀ ਸੰਸਥਾਵਾਂ ਦਾ ਬਹੁਤ ਵੱਡਾ ਯੋਗਦਾਨ ਹੈ।
ਇਸ ਸਾਲ ਅਪ੍ਰੈਲ 2024 ਤੋਂ ਹੁਣ ਤੱਕ 3488 ਯੂਨਿਟ ਖੂਨ ਬਲੱਡ ਬੈਂਕ ਵੱਲੋਂ ਇਕੱਤਰ ਕੀਤਾ ਗਿਆ ਜਿਸ ਵਿੱਚ 60 ਪ੍ਰਤੀਸ਼ਤ ਯੋਗਦਾਨ ਖੂਨਦਾਨ ਸਮਾਜ ਸੇਵੀ ਸੰਸਥਾਵਾਂ ਦਾ ਹੈ। ਇਸ ਸਮੇਂ ਕੁਲਦੀਪ ਸਿੰਘ ਮਾਨ ਜ਼ਿਲ੍ਹਾ ਮਾਸ ਮੀਡੀਆ ਤੇ ਸੂਚਨਾ ਅਫਸਰ , ਹਰਜੀਤ ਸਿੰਘ ਜ਼ਿਲ੍ਹਾ ਬੀ.ਸੀ.ਸੀ. ਕੋਆਰਡੀਨੇਟਰ , ਡਾ. ਅਵਤਾਰ ਸਿੰਘ ਸੰਤ ਨਿਰੰਕਾਰੀ ਮੰਡਲ ਰਾਏਕੋਟ ਅਤੇ ਪ੍ਰਿੰਸ ਕੁਮਾਰ ਸ.ਸੀ.ਸੈ. ਸਕੂਲ ਫਰਵਾਹੀ ਨੇ ਦੱਸਿਆ ਕਿ ਖੁਨਦਾਨ ਕਰਨਾ ਮਨੁੱਖਤਾ ਦਾ ਸਭ ਤੋਂ ਵੱਡਾ ਪੁੰਨ ਹੈ।
ਖੂਨਦਾਨ ਕਰਨ ਵਾਲਾ ਗੁਪਤ ਰੂਪ ‘ਚ ਬਿਨ੍ਹਾਂ ਸਵਾਰਥ, ਜਾਤੀ ਭੇਦ-ਭਾਵ ਤੋਂ ਉਪਰ ਉੱਠ ਕੇ ਖੂਨਦਾਨ ਕਰਦਾ ਹੈ ਜਿਸ ਨਾਲ ਅਸੀ ਆਪਣੇ ਕੀਤੇ ਖੂਨਦਾਨ ਨਾਲ ਕੀਮਤੀ ਜਾਨਾਂ ਨੂੰ ਬਚਾਅ ਸਕਦੇ ਹਾਂ।ਸਿਹਤ ਵਿਭਾਗ ਵੱਲੋਂ ਸਮਾਰੋਹ ਦੌਰਾਨ ਵੱਖ ਵੱਖ ਸਮਾਜ ਸੇਵੀ ਖੂਨਦਾਨੀ ਸੰਸਥਾਵਾਂ ਅਤੇ ਸ਼ਖਸੀਅਤਾਂ ਦਾ ਇਸ ਪੁੰਨ ਦੇ ਕਾਰਜ ਖੁਨਦਾਨ ਕਰਨ ਲਈ ਵਿਸ਼ੇਸ਼ ਸਨਮਾਨ ਕੀਤਾ ਗਿਆ।
ਇਸ ਸਮੇਂ ਖੁਸ਼ਵੰਤ ਪ੍ਰਭਾਕਰ, ਭੁਪਿੰਦਰ ਕੁਮਾਰ , ਕੰਵਲਦੀਪ ਸਿੰਘ ਐਮ.ਐਲ.ਟੀ. , ਮਨਦੀਪ ਕੌਰ ਸਟਾਫ ਨਰਸ ਆਦਿ ਹੋਰ ਪਤਵੰਤੇ ਸੱਜਣ ਮੌਜੂਦ ਸਨ।