5 Dariya News

ਹਿੱਟ ਐਂਡ ਰਨ ਮਾਮਲੇ ਵਿੱਚ ਦਿੱਤੇ ਜਾਣ ਵਾਲੇ ਮੁਆਵਜ਼ੇ ਸਬੰਧੀ ਹੈਲਪ ਡੈਸਕ ਸਥਾਪਤ ਕੀਤਾ ਜਾਵੇ - ਗੀਤਿਕਾ ਸਿੰਘ

ਅਪ੍ਰੈਲ ਤੋਂ ਹੁਣ ਤੱਕ ਟਰੈਫਿਕ ਨਿਯਮਾਂ ਦੀ ਉਲੰਘਣਾ ਦੇ 772 ਚਲਾਨ ਕਰਕੇ 1.22 ਕਰੋੜ ਦਾ ਜੁਰਮਾਨਾ ਵਸੂਲਿਆ

5 Dariya News

ਫ਼ਤਹਿਗੜ੍ਹ ਸਾਹਿਬ 05-Dec-2024

"ਹਿੱਟ ਐਂਡ ਰਨ" ਕੇਸਾਂ ਵਿੱਚ ਦਿੱਤੇ ਜਾਣ ਵਾਲੇ ਮੁਆਵਜ਼ੇ ਦੇ ਕੇਸਾਂ ਦਾ ਤੈਅ ਸਮੇਂ ਅੰਦਰ ਨਿਪਟਾਰਾ ਕਰਨ ਨੂੰ ਯਕੀਨੀ ਬਣਾਇਆ ਜਾਵੇ ਤਾਂ ਜੋ ਪੀੜ੍ਹਤਾਂ ਨੂੰ ਸਮੇਂ ਸਿਰ ਬਣਦਾ ਮੁਆਵਜ਼ਾ ਮਿਲ ਸਕੇ। ਇਹ ਆਦੇਸ਼ ਵਧੀਕ ਡਿਪਟੀ ਕਮਿਸ਼ਨਰ (ਜਨਰਲ) ਗੀਤਿਕਾ ਸਿੰਘ ਨੇ ਜ਼ਿਲ੍ਰਾ ਪ੍ਰਬੰਧਕੀ ਕੰਪਲੈਕਸ ਵਿਖੇ "ਹਿੱਟ ਐਂਡ ਰਨ" ਮਾਮਲਿਆਂ ਦੇ ਪੀੜ੍ਹਤਾਂ ਨੂੰ ਮੁਆਵਜ਼ਾ ਦੇਣ ਸਬੰਧੀ ਬਣਾਈ ਗਈ ਜ਼ਿਲ੍ਰਾ ਪੱਧਰੀ ਕਮੇਟੀ ਦੀ ਮੀਟਿੰਗ ਕਰਦਿਆਂ ਦਿੱਤੇ। 

ਉਨ੍ਹਾਂ ਦੱਸਿਆ ਕਿ ਹਿੱਟ ਐਂਡ ਰਨ ਮਾਮਲਿਆਂ ਵਿੱਚ ਮਰਨ ਵਾਲੇ ਵਿਅਕਤੀਆਂ ਦੇ ਪਰਿਵਾਰਾਂ ਨੂੰ ਵਿੱਤੀ ਸਹਾਇਤਾ ਵਜੋਂ 02 ਲੱਖ ਰੁਪਏ ਅਤੇ ਜਖ਼ਮੀ ਹੋਣ ਵਾਲਿਆਂ ਨੂੰ 50 ਹਜ਼ਾਰ ਰੁਪਏ ਦਿੱਤੇ ਜਾਂਦੇ ਹਨ। ਵਧੀਕ ਡਿਪਟੀ ਕਮਿਸ਼ਨਰ ਨੇ ਖੇਤਰੀ ਟਰਾਂਸਪੋਰਟ ਅਫਸਰ ਨੂੰ ਹਦਾਇਤ ਕੀਤੀ ਕਿ ਹਿੱਟ ਐਂਡ ਰਨ ਦੇ ਕੇਸਾਂ ਵਿੱਚ ਮੁਆਵਜ਼ੇ ਸਬੰਧੀ ਆਮ ਲੋਕਾਂ ਨੂੰ ਵੱਧ ਤੋਂ ਵੱਧ ਜਾਗਰੂਕ ਕਰਨ ਲਈ ਹੈਲਪ ਡੈਸਕ ਸਥਾਪਤ ਕੀਤਾ ਜਾਵੇ ਤਾਂ ਜੋ ਲੋਕਾਂ ਨੂੰ ਕਿਸੇ ਕਿਸਮ ਦੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 

ਉਨ੍ਹਾਂ ਕਿਹਾ ਕਿ ਪ੍ਰਮੁੱਖ ਸੜਕਾਂ `ਤੇ ਪੈਂਦੇ ਪਿੰਡਾਂ ਦੇ ਲੋਕਾਂ ਨੂੰ ਹਿੱਟ ਐਂਡ ਰਨ ਕੇਸਾਂ ਵਿੱਚ ਮਿਲਣ ਵਾਲੇ ਮੁਆਵਜ਼ੇ ਸਬੰਧੀ ਅਤੇ ਸੜਕ ਦੁਰਘਟਨਾਵਾਂ ਵਿੱਚ ਫਰਿਸ਼ਤੇ ਸਕੀਮ ਅਧੀਨ ਦਿੱਤੀਆਂ ਜਾਣ ਵਾਲੀਆਂ ਸਹੂਲਤਾਂ ਬਾਰੇ ਜਾਗਰੂਕ ਕਰਨ ਲਈ ਪਿੰਡਾਂ ਦੇ ਐਂਟਰੀ ਪੁਆਂਇੰਟ ਤੇ ਫਲੈਕਸ ਲਗਾਏ ਜਾਣ ਤਾਂ ਜ਼ੋ ਪਿੰਡਾਂ ਦੇ ਲੋਕ ਇਨ੍ਹਾਂ ਸਕੀਮਾਂ ਦਾ ਲਾਭ ਲੈ ਸਕਣ। ਇਸ ਤੋਂ ਬਾਅਦ ਵਧੀਕ ਡਿਪਟੀ ਕਮਿਸ਼ਨਰ ਨੇ ਰੋਡ ਸੇਫਟੀ ਕਮੇਟੀ ਦੀ ਮੀਟਿੰਗ ਕਰਦਿਆਂ ਸਮੂਹ ਐਸ.ਡੀ.ਐਮਜ਼ ਨੂੰ ਹਦਾਇਤ ਕੀਤੀ ਕਿ ਜ਼ਿਲ੍ਹੇ ਦੀਆਂ ਸੜਕਾਂ ਤੇ ਬਣੇ ਹੋਏ ਬਲੈਕ ਸਪਾਟਜ਼ ਸਬੰਧੀ ਟਰਾਂਸਪੋਰਟ ਅਤੇ ਪੁਲਿਸ ਵਿਭਾਗ ਦੀਆਂ ਟੀਮਾਂ ਬਣਾ ਕੇ ਸ਼ਨਾਖਤ ਕੀਤੀ ਜਾਵੇ ਤਾਂ ਜੋ ਇਨ੍ਹਾਂ ਬਲੈਕ ਸਪਾਟਜ਼ ਨੂੰ ਬੰਦ ਕਰਵਾਇਆ ਜਾ ਸਕੇ। 

ਉਨ੍ਹਾਂ ਐਸ.ਡੀ.ਐਮਜ਼ ਨੂੰ ਇਹ ਵੀ ਕਿਹਾ ਕਿ ਸੇਫ ਸਕੂਲ ਵਾਹਨ ਪਾਲਿਸੀ ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲੀਆਂ ਸਕੂਲੀ ਬੱਸਾਂ ਦੀ ਨਿਰੰਤਰ ਚੈਕਿੰਗ ਕੀਤੀ ਜਾਵੇ। ਉਨ੍ਹਾਂ ਪੁਲਿਸ ਵਿਭਾਗ ਦੇ ਅਧਿਕਾਰੀਆਂ ਨੂੰ ਕਿਹਾ ਕਿ ਨਸ਼ਿਆਂ ਦੀ ਵਰਤੋਂ ਕਰਕੇ ਵਾਹਨ ਚਲਾਉਣ ਵਾਲਿਆਂ ਦੇ ਵੱਧ ਤੋਂ ਵੱਧ ਚਲਾਨ ਕੀਤੇ ਜਾਣ ਤਾਂ ਜੋ ਆਮ ਲੋਕਾਂ ਦੀਆਂ ਸੜਕ ਦੁਰਘਟਨਾਵਾਂ ਵਿੱਚ ਜਾਣ ਵਾਲੀਆਂ ਅਨਮੋਲ ਜਾਨਾਂ ਨੂੰ ਬਚਾਇਆ ਜਾ ਸਕੇ।

ਇਸ ਮੌਕੇ ਖੇਤਰੀ ਟਰਾਂਸਪੋਰਟ ਅਫਸਰ ਪ੍ਰਦੀਪ ਸਿੰਘ ਢਿੱਲੋਂ ਨੇ ਦੱਸਿਆ ਕਿ ਅਪ੍ਰੈਲ 2024 ਤੋਂ ਹੁਣ ਤੱਕ ਜ਼ਿਲ੍ਹੇ ਅੰਦਰ ਟਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਸਬੰਧੀ 772 ਚਲਾਨ ਕੀਤੇ ਗਏ ਹਨ ਜਿਨ੍ਹਾਂ ਵਿੱਚ 1.22 ਕਰੋੜ ਰੁਪਏ ਦੇ ਜੁਰਮਾਨੇ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਅਧੀਨ 87 ਸਕੂਲੀ ਬੱਸਾਂ ਦੇ ਚਲਾਨ ਵੀ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਡਰਿੰਕ ਐਂਡ ਡਰਾਈਵ ਦੇ ਕੇਸਾਂ ਸਬੰਧੀ ਪੁਲਿਸ ਵਿਭਾਗ ਨੂੰ ਐਲਕੋ ਮੀਟਰ ਵੀ ਮੁਹੱਈਆ ਕਰਵਾਏ ਜਾ ਚੁੱਕੇ ਹਨ।

ਮੀਟਿੰਗ ਵਿੱਚ ਐਸ.ਡੀ.ਐਮ. ਫ਼ਤਹਿਗੜ੍ਹ ਸਾਹਿਬ ਅਰਵਿੰਦ ਕੁਮਾਰ, ਐਸ.ਡੀ.ਐਮ. ਅਮਲੋਹ ਮਨਜੀਤ ਸਿੰਘ ਰਾਜਲਾ, ਐਸ.ਡੀ.ਐਮ. ਬਸੀ ਪਠਾਣਾ ਹਰਬੀਰ ਕੌਰ, ਵਧੀਕ ਸਟੇਟ ਟਰਾਂਸਪੋਰਟ ਕਮਿਸ਼ਨਰ ਸੁਖਵਿੰਦਰ ਕੁਮਾਰ, ਡੀ.ਐਸ.ਪੀ. ਖੁਸ਼ਬੀਰ ਸਿੰਘ, ਸਹਾਇਕ ਟਰਾਂਸਪੋਰਟ ਅਫਸਰ ਪ੍ਰਦੀਪ ਸਿੰਘ, ਜ਼ਿਲ੍ਰਾ ਬਾਲ ਸੁਰੱਖਿਆ ਅਫਸਰ ਹਰਭਜਨ ਸਿੰਘ ਮਹਿਮੀ, ਡਿਪਟੀ ਮੈਡੀਕਲ ਕਮਿਸ਼ਨਰ ਡਾ: ਸਰਿਤਾ, ਨੈਸ਼ਨਲ ਹਾਈ ਵੇਅ ਅਥਾਰਟੀ ਆਫ ਇੰਡੀਆ ਦੇ ਸਹਾਇਕ ਇੰਜਨੀਅਰ ਆਕਾਸ਼ ਪ੍ਰਾਸ਼ਰ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜਰ ਸਨ।