ਬਲਜੀਤ ਸਿੰਘ ਦਾਦੂਵਾਲ ਦੇ ਮਾਤਾ ਬਲਵੀਰ ਕੌਰ ਜੀ ਦੀ ਸਲਾਨਾ ਦੂਜੀ ਬਰਸੀ ਮੌਕੇ 'ਮਹਾਨ ਯਾਦਗਾਰੀ ਸਮਾਗਮ ਆਯੋਜਿਤ
5 Dariya News
ਸਿਰਸਾ 04-Dec-2024
ਜਥੇਦਾਰ ਬਲਜੀਤ ਸਿੰਘ ਦਾਦੂਵਾਲ ਚੇਅਰਮੈਨ ਧਰਮ ਪ੍ਰਚਾਰ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਤਿਕਾਰਯੋਗ ਸੰਤਸਰੂਪ ਮਾਤਾ ਬਲਵੀਰ ਕੌਰ ਜੀ ਦੀ ਸਲਾਨਾ ਦੂਜੀ ਬਰਸੀ ਮੌਕੇ ਗੁਰਦੁਆਰਾ ਗੁਰੂ ਗ੍ਰੰਥਸਰ ਦਾਦੂ ਸਾਹਿਬ ਸਿਰਸਾ ਹਰਿਆਣਾ ਵਿਖੇ 'ਮਹਾਨ ਯਾਦਗਾਰੀ ਸਮਾਗਮ' ਕਰਵਾਇਆ ਗਿਆ।ਇਸ ਮੌਕੇ ਸ਼੍ਰੀ ਅਖੰਡ ਪਾਠ ਸਾਹਿਬ ਜੀ ਦੇ ਪਾਠ ਦੇ ਭੋਗ ਪਾਉਣ ਉਪਰੰਤ ਕਥਾ ਕੀਰਤਨ ਕੀਤੇ ਗਏ।
ਇਸ ਮੌਕੇ ਵੱਡੀ ਗਿਣਤੀ ਪੰਥਕ ਸੰਤ ਮਹਾਂਪੁਰਸ਼, ਧਾਰਮਿਕ ਰਾਜਨੀਤਿਕ ਆਗੂ, ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ,ਸੀਨੀਅਰ ਮੀਤ ਪ੍ਰਧਾਨ,ਜਰਨਲ ਸਕੱਤਰ,ਅੰਤ੍ਰਿੰਗ ਮੈਂਬਰ,ਸੀਨੀਅਰ ਮੈਂਬਰ ਸਾਹਿਬਾਨ, ਸਾਬਕਾ ਮੈਂਬਰ ਸਾਹਿਬਾਨ ਅਤੇ ਸੰਗਤਾਂ ਦੇ ਵੱਡੇ ਇਕੱਠ ਵਿੱਚ ਜਥੇਦਾਰ ਦਾਦੂਵਾਲ ਵਲੋਂ ਪੰਥਕ ਭਾਵਨਾਵਾਂ ਨੂੰ ਮੁੱਖ ਰੱਖਦੇ ਹੋਏ, ਸਿੱਖ ਸੰਗਤ ਦੀਆਂ ਮੁਸ਼ਕਲਾਂ ਦੇ ਹੱਲ ਲਈ ਅਤੇ ਇਕੋ ਪਲੈਟਫਾਰਮ ਤੇ ਇਕੱਠੇ ਕਰਨ ਲਈ ਸ਼੍ਰੋਮਣੀ ਅਕਾਲੀ ਦਲ (ਆਜ਼ਾਦ) ਦਾ ਐਲਾਨ ਕੀਤਾ ਗਿਆ।
ਜਿਸ ਵਿੱਚ ਸੰਗਤਾਂ ਵਿੱਚੋਂ ਪੰਜ ਪਿਆਰਿਆਂ ਦੀ ਚੋਣ ਕੀਤੀ ਗਈ ਜੋ 15 ਦਿਨਾਂ ਵਿੱਚ ਸ਼੍ਰੋਮਣੀ ਅਕਾਲੀ ਦਲ ਆਜ਼ਾਦ ਦੇ ਪ੍ਰਧਾਨ ਦਾ ਐਲਾਨ ਕਰਨਗੇ। ਇਸ ਮੌਕੇ ਪਾਕਿਸਤਾਨ ਦੀਆਂ ਸਿੱਖ ਸੰਗਤਾਂ ਵੱਲੋਂ ਜਥੇਦਾਰ ਦਾਦੂਵਾਲ ਨੂੰ ਯਾਦਗਾਰੀ ਸਿੱਕਾ ਭੇਂਟ ਕੀਤਾ ਗਿਆ। ਜਥੇਦਾਰ ਦਾਦੂਵਾਲ ਵਲੋਂ ਸਤਿਕਾਰਯੋਗ ਮਾਤਾ ਜੀ ਦੀ ਯਾਦ ਵਿੱਚ ਇੱਕ ਸ਼ਹੀਦ ਪਰਿਵਾਰ ਦੀ ਬੇਟੀ ਨੂੰ ਘਰ ਦੇ ਵਰਤੋਂ ਵਿਹਾਰ ਦਾ ਸਮਾਨ ਭੇਂਟ ਕੀਤਾ ਗਿਆ।
ਪੰਥ ਪ੍ਰਸਿੱਧ ਵਿਦਵਾਨ ਗਿਆਨੀ ਦਿੱਤ ਸਿੰਘ ਜੀ ਦੀ ਯਾਦ ਵਿੱਚ ਉਨਾਂ ਦੇ ਨਗਰ ਨੰਦਪੁਰ ਕਲੌੜ ਵਿਖੇ ਬਣ ਰਹੀ ਲਾਇਬ੍ਰੇਰੀ ਨੂੰ 2 ਲੱਖ ਰੁਪਏ ਦਾ ਚੈੱਕ ਭੇਂਟ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਜਥੇਦਾਰ ਭੁਪਿੰਦਰ ਸਿੰਘ ਅਸੰਧ, ਪੰਥਕ ਬੁਲਾਰੇ ਭਾਈ ਮੋਹਕਮ ਸਿੰਘ ਦਮਦਮੀ ਟਕਸਾਲ, ਪ੍ਰਸਿੱਧ ਵਿਦਵਾਨ ਡਾ. ਸੁਰਿੰਦਰ ਸਿੰਘ ਗਿੱਲ ਯੂਐੱਸਏ ਨੇ ਮਾਤਾ ਦੇ ਜੀਵਨ ਬਾਰੇ ਵਿਚਾਰ ਸਾਂਝੇ ਕੀਤੇ।
ਯਾਦਗਾਰੀ ਪੰਥਕ ਇਕੱਠ ਵਿੱਚ ਸੰਤ ਰਜਿੰਦਰ ਸਿੰਘ ਇਸਰਾਣਾ ਸਾਹਿਬ, ਸੰਤ ਅਮਰੀਕ ਸਿੰਘ ਕਾਰ ਸੇਵਾ ਪਟਿਆਲਾ, ਸੰਤ ਦਿਲਬਾਗ ਸਿੰਘ ਕਾਰ ਸੇਵਾ ਸ੍ਰੀ ਅਨੰਦਪੁਰ ਸਾਹਿਬ, ਸੰਤ ਪਵਿੱਤਰ ਸਿੰਘ ਖਨੌਰੀ, ਸੰਤ ਬਰਿੰਦਰ ਸਿੰਘ ਜਗਮਾਲਵਾਲੀ, ਸੰਤ ਕਾਹਨ ਸਿੰਘ ਸੇਵਾਪੰਥੀ ਗੋਨਿਆਣਾ ਮੰਡੀ ਅਤੇ ਬਾਬਾ ਪ੍ਰਦੀਪ ਸਿੰਘ ਚਾਂਦਪੁਰਾ ਪੰਥਕ ਸੇਵਾ ਲਹਿਰ ਦਾਦੂ ਸਾਹਿਬ ਆਦਿ ਤੋਂ ਇਲਾਵਾ ਹਰਿਆਣਾ ਅਤੇ ਪੰਜਾਬ ਤੋਂ ਵੱਡੀ ਗਿਣਤੀ ਚ ਪੰਥ ਦਰਦੀ ਸ਼ਖਸ਼ੀਅਤਾਂ ਅਤੇ ਸਿੱਖ ਸੰਗਤਾਂ ਨੇ ਹਾਜ਼ਰੀ ਭਰੀ।ਜਥੇਦਾਰ ਦਾਦੂਵਾਲ ਜੀ ਵੱਲੋਂ ਆਈਆਂ ਸ਼ਖਸੀਅਤਾਂ ਸੰਤ ਮਹਾਂਪੁਰਸ਼ਾਂ ਪੰਥਕ ਧਾਰਮਿਕ ਰਾਜਨੀਤਿਕ ਆਗੂ ਸ਼ਖਸ਼ੀਅਤਾਂ ਨੂੰ ਸਿਰਪਾਓ ਭੇਂਟ ਕਰਕੇ ਵਿਸ਼ੇਸ਼ ਸਨਮਾਨ ਕੀਤਾ ਗਿਆ।