ਅਜਨਾਲਾ ਸਹਿਕਾਰੀ ਮਿੱਲ ਨੇ ਗੰਨੇ ਦੀ ਸਪਲਾਈ ਸਬੰਧੀ ਪਾਰਦਰਸ਼ਤਾ ਲਈ ਲਾਂਚ ਕੀਤੀ ਨਵੀਂ ਐਪ
ਐਪ ਨਾਲ 195 ਪਿੰਡਾਂ ਦੇ 2010 ਗੰਨਾ ਕਾਸ਼ਤਕਾਰਾਂ ਨੂੰ ਮਿਲੇਗੀ ਸਹੂਲਤ-ਪ੍ਰਬੰਧ ਨਿਰਦੇਸ਼ਕ ਸ਼ੁਗਰਫੈਡ
5 Dariya News
ਅੰਮ੍ਰਿਤਸਰ 29-Nov-2024
ਸਹਿਕਾਰੀ ਖੰਡ ਮਿਲ ਅਜਨਾਲਾ ਵੱਲੋਂ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਅਤੇ ਗੰਨੇ ਦੀ ਸਪਲਾਈ ਸਬੰਧੀ ਪਾਰਦਰਸ਼ਤਾ ਲਿਆਉਣ ਲਈ ਮਿੱਲ ਵੱਲੋਂ ਇਕ ਨਵੀਂ ਐਪ ajnala.sugarmills.xyz ਚਲਾਈ ਗਈ ਹੈ। ਇਹ ਐਪ ਅਜਨਾਲਾ ਮਿਲ ਵੱਲੋਂ ਲਾਂਚ ਕੀਤੀ ਗਈ ਹੈ। ਮਿੱਲ ਵੱਲੋਂ ਯੁਜਰ ਨੇਮ ਅਤੇ ਪਾਸਵਰਡ ਗੰਨਾ ਕਾਸ਼ਤਕਾਰਾਂ ਦਾ ਗਰੋਵਰ ਕੋਡ ਹੀ ਰੱਖਿਆ ਗਿਆ ਹੈ ਜਿਸ ਦੀ ਵਰਤੋਂ ਕਰਕੇ ਹਰੇਕ ਗੰਨਾ ਕਾਸ਼ਤਕਾਰ ਆਪਣੇ ਖਾਤੇ ਨਾਲ ਸਬੰਧਤ ਕੋਈ ਵੀ ਸੂਚਨਾ ਪ੍ਰਾਪਤ ਕਰ ਸਕਦਾ ਹੈ।
ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਪ੍ਰਬੰਧ ਨਿਰਦੇਸ਼ਕ ਸ਼ੁਗਰਫੈਡ ਪੰਜਾਬ ਸ੍ਰੀਮਤੀ ਸੇਨੂ ਦੁੱਗਲ ਵੱਲੋਂ ਅਜਨਾਲਾ ਮਿੱਲ ਦੇ ਅਧਿਕਾਰੀਆਂ, ਕਰਮਚਾਰੀਆਂ ਅਤੇ ਗੰਨਾ ਕਾਸ਼ਤਕਾਰਾਂ ਨਾਲ ਮੀਟਿੰਗ ਕਰਨ ਉਪਰੰਤ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਇਸ ਐਪ ਨਾਲ 195 ਪਿੰਡਾਂ ਦੇ 2010 ਗੰਨਾ ਕਾਸ਼ਤਕਾਰਾਂ ਨੂੰ ਸਹੂਲਤ ਹੋਵੇਗੀ। ਸ੍ਰੀਮਤੀ ਦੁੱਗਲ ਨੇ ਹੋਰ ਜਾਣਕਾਰੀ ਦਿੰਦਿਆਂ ਦੱਸਿਆ ਕਿ ਇਸ ਐਪ ਵਿੱਚ ਗੰਨਾ ਕਾਸ਼ਤਕਾਰ ਆਪਣੀ ਨਿੱਜੀ ਜਾਣਕਾਰੀਜਿਵੇਂ ਕਿ ਗੰਨਾ ਕਾਸ਼ਤਕਾਰ ਦਾ ਨਾਮ, ਪਤਾ, ਅਧਾਰ ਨੰਬਰ, ਫੋਨ ਨੰਬਰ, ਬੈਂਕ ਦਾ ਨਾਮ, ਖਾਤਾ ਨੰਬਰ, ਗੰਨੇ ਕਾਸ਼ਤ ਹੇਠ ਕੁੱਲ ਰਕਬਾ ਆਦਿ ਦਰਜ ਹੋਵੇਗਾ ।
ੳਨ੍ਹਾਂ ਦੱਸਿਆ ਕਿ ਇਸ ਐਪ ਵਿੱਚ ਗੰਨਾ ਕਾਸ਼ਤਕਾਰਾਂ ਦੀਆਂ ਗਰੁੱਪ ਵਾਇਜ ਪਰਚੀਆਂ ਦੀ ਗਿਣਤੀ, ਮਿੱਲ ਨੂੰ ਸਪਲਾਈ ਕੀਤੀਆਂ ਜਾਣ ਵਾਲੀਆਂ ਪਰਚੀ ਦੀ ਗਿਣਤੀ ਵੀ ਉਂਪਲਬੱਧ ਹੋਵੇਗੀ ਅਤੇ ਇਸ ਨਾਲ ਹੀ ਪਰਚੀ ਨੰਬਰ, ਗੰਨੇ ਦੀ ਕਿਸਮ, ਤੋਲ ਅਤੇ ਬਣਦੀ ਰਕਮ ਸਬੰਧੀ ਵੇਰਵਾ ਹੋਵੇਗਾ। ਉਨ੍ਹਾਂ ਦੱਸਿਆ ਕਿ ਇਸ ਐਪ ਦੀ ਸਹਾਇਤਾ ਨਾਲ ਗੰਨਾ ਕਾਸ਼ਤਕਾਰ ਪਿੜਾਈ ਸੀਜਨ ਦੌਰਾਨ ਗੰਨੇ ਦੀ ਬਣਦੀ ਰਿਆਇਤੀ ਖੰਡ, ਕੁੱਲ ਬਾਂਡ ਦੀ ਮਾਤਰਾ, 85 ਫੀਸਦੀ ਤੋਂ ਘੱਟ ਸਪਲਾਈ ਕੀਤੇ ਗਏ ਗੰਨੇ ਦੀ ਮਾਤਰਾ ਬਾਰੇ ਜਾਣਕਾਰੀ ਵੀ ਉਪਲਬੱਧ ਹੋਵੇਗੀ।
ਉਨ੍ਹਾਂ ਦੱਸਿਆ ਕਿ ਗੰਨਾ ਕਾਸ਼ਤਕਾਰ ਐਪ ਵਿੱਚ ਆਪਣੀ ਸੁਵਿਧਾ ਅਨੁਸਾਰ ਪਾਸਵਰਡ ਬਦਲਣ ਦੀ ਸਹੂਲਤ ਵੀ ਦਿੱਤੀ ਗਈ ਹੈ।ਪ੍ਰਬੰਧ ਨਿਰਦੇਸ਼ਕ ਨੇ ਦੱਸਿਆ ਕਿ ਗੰਨਾ ਵਿਭਾਗ ਵੱਲੋਂ ਹਰ ਰੋਜ ਗੰਨਾ ਦਫਤਰ ਦੇ ਬਾਹਰਵਾਰ ਟੋਕਣ ਗੇਟ ਤੇ ਲਗਾਏ ਗਏ ਨੋਟਿਸ ਬੋਰਡਾਂ ਤੇ ਗੰਨਾ ਸਪਲਾਈ ਕੀਤੀਆਂ ਜਾਣ ਵਾਲੀਆਂ ਪਰਚੀਆਂ ਦੇ ਨੰਬਰ ਵੀ ਡਿਸਪਲੇ ਕੀਤੇ ਜਾਣਗੇ।
ਉਨ੍ਹਾਂ ਦੱਸਿਆ ਕਿ ਗੰਨਾ ਕਾਸ਼ਤਕਾਰ ਦੀ ਸਹੂਲਤ ਲਈ ਗੰਨਾ ਯਾਰਡ ਵਿੱਚ ਕਿਸਾਨਾਂ ਦੇ ਅਰਾਮ ਕਰਨ ਲਈ 2 ਮੰਜਿਲਾ ਅਰਾਮ ਘਰ ਬਣਾਇਆ ਗਿਆ ਹੈ ਜਿਸ ਵਿੱਚ ਲੱਗਭੱਗ 35 ਬੈਡ ਲਗਾਏ ਗਏ ਹਨ। ਇਸ ਤੋਂ ਇਲਾਵਾ ਕੈਮਰੇ ਵੀ ਲਗਾਏ ਗਏ ਹਨ।ਮਿੱਲ ਦੇ ਜਨਰਲ ਮੈਨੇਜਰ ਸ੍ਰੀ ਸੁਭਾਸ਼ ਚੰਦਰ ਨੇ ਦੱਸਿਆ ਕਿ ਸੀਜਨ 20-24-25 ਲਈ ਮਿੱਲ ਵੱਲੋਂ 27.00 ਲੱਖ ਕੁਇੰਟਲ ਗੰਨਾਂ ਪੀੜਿਆ ਜਾਵੇਗਾ ਅਤੇ ਕੰਨਾ ਕਾਸ਼ਤਕਾਰਾਂ ਨੂੰ ਕੋਈ ਵੀ ਮੁਸ਼ਕਲ ਨਹੀਂ ਆਉਣ ਦਿੱਤੀ ਜਾਵੇਗੀ।
ਉਨ੍ਹਾਂ ਦੱਸਿਆ ਕਿ ਗੰਨਾ ਕਾਸ਼ਤਕਾਰਾਂ ਦੀ ਸਹੂਲਤ ਲਈ ਮਿੱਲ ਦੇ ਨੋਡਲ ਅਫਸਰ ਸ੍ਰੀ ਮਹਿੰਦਰ ਪ੍ਰਤਾਪ ਸਿੰਘ ਮੁੱਖ ਗੰਨਾ ਵਿਕਾਸ ਅਫਸਰ ਦੇ ਮੋਬਾਇਲ ਨੰਬਰ 9781433015 ਤੇ ਸੰਪਰਕ ਕੀਤਾ ਜਾ ਸਕਦਾ ਹੈ। ਇਸ ਮੌਕੇ ਚੀਫ ਇੰਜੀਨੀਅਰ ਸ੍ਰ ਜਸਕਰਨ ਸਿੰਘ, ਸੁਪਰਡੰਟ ਕੁਲਵੰਤ ਸਿੰਘ, ਮੁੱਖ ਲੇਖਾ ਅਫਸਰ ਰਜਿੰਦਰ ਸਿੰਘ, ਮੁੱਖ ਗੰਨਾ ਵਿਕਾਸ ਅਫਸਰ ਸ੍ਰ ਐਮ:ਪੀ: ਸਿੰਘ ਅਤੇ ਗੰਨਾ ਕਾਸ਼ਤਕਾਰਾਂ ਵੱਲੋਂ ਸੁਰਿੰਦਰ ਸਿੰਘ ਬੱਲ, ਸ੍ਰ ਗੁਰਪ੍ਰੀਤ ਸਿੰਘ ਜਗਦੇਵ ਖੁਰਦ, ਸ੍ਰ ਬਲਜੀਤ ਸਿੰਘ ਸਾਹੋਵਾਲ ਤੋਂ ਇਲਾਵਾ ਮਿੱਲ ਦੇ ਕਰਮਚਾਰੀ ਵੀ ਹਾਜਰ ਸਨ।