ਆਮ ਆਦਮੀ ਕਲੀਨਿਕਾਂ ਨੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ 22 ਲੱਖ ਦੇ ਕਰੀਬ ਲੋਕਾਂ ਦਾ ਇਲਾਜ ਕੀਤਾ - ਸਾਕਸ਼ੀ ਸਾਹਨੀ
ਡਿਪਟੀ ਕਮਿਸ਼ਨਰ ਵੱਲੋਂ ਆਮ ਆਦਮੀ ਕਲੀਨਿਕ ਦੀ ਅਚਨਚੇਤ ਚੈਕਿੰਗ
5 Dariya News
ਅੰਮ੍ਰਿਤਸਰ 20-Nov-2024
ਡਿਪਟੀ ਕਮਿਸ਼ਨਰ ਸ੍ਰੀਮਤੀ ਸਾਕਸ਼ੀ ਸਾਹਨੀ ਨੇ ਅੱਜ ਅਚਨਚੇਤ ਆਮ ਆਦਮੀ ਕਲੀਨਿਕਾਂ ਦੀ ਜਾਂਚ ਕਰਦੇ ਹੋਏ ਗੋਪਾਲ ਨਗਰ ਟੈਂਕੀ ਵਾਲੇ ਪਾਰਕ ਵਿੱਚ ਬਣੀ ਆਮ ਆਦਮੀ ਕਲੀਨਿਕ ਦਾ ਦੌਰਾ ਕੀਤਾ। ਉਨਾਂ ਇਸ ਮੌਕੇ ਕਲੀਨਿਕ ਵਿੱਚ ਮੌਜੂਦ ਦਵਾਈ ਲੈਣ ਆਏ ਲੋਕਾਂ ਨਾਲ ਗੱਲਬਾਤ ਕਰਕੇ ਉਹਨਾਂ ਦੇ ਵਿਚਾਰ ਲਏ ਅਤੇ ਸਟਾਫ ਬਾਰੇ ਫੀਡ ਬੈਕ ਲਈ।
ਇਸ ਮੌਕੇ ਉਹਨਾਂ ਕਲੀਨਿਕ ਦੇ ਸਟਾਫ ਨੂੰ ਮੁਖਾਤਿਬ ਹੁੰਦੇ ਕਿਹਾ ਕਿ ਇਹ ਕਲੀਨਿਕ ਮੁੱਖ ਮੰਤਰੀ ਪੰਜਾਬ ਸ ਭਗਵੰਤ ਸਿੰਘ ਮਾਨ ਦਾ ਵਿਕਾਰੀ ਪ੍ਰੋਜੈਕਟ ਹਨ ਅਤੇ ਜ਼ਿਲ੍ਹਾ ਵਾਸੀਆਂ ਦੀ ਸਿਹਤ ਲਈ ਤੁਹਾਡੇ ਉੱਤੇ ਵੱਡੀਆਂ ਜਿੰਮੇਵਾਰੀਆਂ ਹਨ। ਉਹਨਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਵਿਚ ਇਸ ਵੇਲੇ 72 ਆਮ ਆਦਮੀ ਕਲੀਨਿਕ ਚਲ ਰਹੇ ਹਨ, ਜਿੰਨਾਂ ਵਿੱਚ 80 ਤਰ੍ਹਾ ਦੀਆਂ ਦਵਾਈਆਂ ਅਤੇ 38 ਤਰ੍ਹਾਂ ਦੇ ਲੈਬ ਟੈਸਟ ਬਿਲਕੁੱਲ ਮੁਫਤ ਕੀਤੇ ਜਾ ਰਹੇ ਹਨ।
ਉਹਨਾਂ ਦੱਸਿਆ ਕਿ ਜਿਲ੍ਹਾ ਅੰਮ੍ਰਿਤਸਰ ਵਿਖੇ ਹੁਣ ਤੱਕ 2185748 ਮਰੀਜਾਂ ਦਾ ਇਲਾਜ਼ ਅਤੇ 367404 ਮਰੀਜਾਂ ਦੇ ਲੈਬ ਟੈਸਟ ਕੀਤੇ ਜਾ ਚੁੱਕੇ ਹਨ, ਜੋ ਤੁਹਾਡੇ ਸਾਰਿਆਂ ਦੇ ਸਹਿਯੋਗ ਦੀ ਬਦੌਲਤ ਹੀ ਸੰਭਵ ਹੋਏ ਹਨ। ਉਹਨਾਂ ਕਿਹਾ ਕਿ ਤੁਸੀਂ ਹਰ ਆਏ ਮਰੀਜ਼ ਨੂੰ ਦਵਾਈ ਦੇਣ ਦੇ ਨਾਲ ਨਾਲ ਉਸ ਨੂੰ ਚੰਗੀ ਸਿਹਤ ਲਈ ਸਹੀ ਖੁਰਾਕ, ਯੋਗ ਅਤੇ ਕਸਰਤ ਕਰਨ ਦਾ ਮਸ਼ਵਰਾ ਵੀ ਦਿਓ ਤਾਂ ਇਹ ਸੋਨੇ ਤੇ ਸੁਹਾਗੇ ਵਾਲੀ ਗੱਲ ਹੋਵੇਗੀ।
ਇਸ ਨਾਲ ਲੋਕਾਂ ਦੀ ਸਿਹਤ ਬਿਹਤਰ ਹੋਵੇਗੀ ਅਤੇ ਤੁਹਾਡੇ ਉੱਤੇ ਵੀ ਬੋਝ ਘਟੇਗਾ।