5 Dariya News

ਇੰਦਰਬੀਰ ਸਿੰਘ ਨਿੱਝਰ ਨੇ 27 ਲੱਖ ਰੁਪਏ ਦੀ ਲਾਗਤ ਨਾਲ ਬਣੇ ਨੇਚਰ ਅਵੈਅਰਨੈਸ ਪਾਰਕ ਦਾ ਕੀਤਾ ਉਦਘਾਟਨ

5 Dariya News

ਅੰਮ੍ਰਿਤਸਰ 11-Nov-2024

ਮੁੱਖ ਮੰਤਰੀ ਪੰਜਾਬ ਸ੍ਰ ਭਗਵੰਤ ਸਿੰਘ ਮਾਨ ਦੀ ਸਰਕਾਰ ਲੋਕਾਂ ਨੂੰ ਮੁੱਢਲੀਆਂ ਸਹੂਲਤਾਂ ਦੇਣ ਲਈ ਵਚਨਬੱਧ ਹੈ ਅਤੇ ਇਸੇ ਹੀ ਲੜੀ ਤਹਿਤ ਲੋਕਾਂ ਨੂੰ ਮੁਫਤ ਸਿਹਤ ਸਹੂਲਤਾਂ, ਮਿਆਰੀ ਸਿਖਿਆ, ਮੁਫਤ ਬਿਜਲੀ ਦੇ ਨਾਲ ਨਾਲ ਨੌਜਵਾਨਾਂ ਨੂੰ ਰੁਜਗਾਰ ਵੀ ਮੁਹੱਈਆ ਕਰਵਾ ਰਹੀ ਹੈ ਅਤੇ ਹੁਣ ਤੱਕ ਸੂਬੇ ਵਿੱਚ 47000 ਤੋਂ ਵਧੇਰੇ ਲੋਕਾਂ ਨੂੰ ਯੋਗਤਾ ਦੇ ਅਧਾਰ ਤੇ ਸਰਕਾਰੀ ਨੌਕਰੀਆਂ ਮੁਹੱਈਆਂ ਕਰਵਾਈਆਂ ਗਈਆਂ ਹਨ।

ਇਨ੍ਹਾਂ ਸ਼ਬਦਾ ਦਾ ਪ੍ਰਗਟਾਵਾ ਸ੍ਰ ਇੰਦਰਬੀਰ ਸਿੰਘ ਨਿੱਝਰ ਵਿਧਾਇਕ ਹਲਕਾ ਦੱਖਣੀ ਨੇ ਅੱਜ ਵਣ ਵਿਭਾਗ ਅੰਮ੍ਰਿਤਸਰ ਵੱਲੋਂ ਬਣਾਈ ਗਈ ਨੇਚਰ ਅਵੈਅਰਨੈਸ ਪਾਰਕ ਸੁਲਤਾਨਵਿੰਡ ਵਿਖੇ ਉਦਘਾਟਨ ਕਰਦੇ ਹੋਏ ਪਾਰਕ ਲੋਕਾਂ ਨੂੰ ਸਮਰਪਿਤ ਕਰਨ ਸਮੇਂ ਕੀਤਾ। ਵਿਧਾਇਕ ਨਿੱਝਰ ਨੇ ਵਣ ਵਿਭਾਗ ਵੱਲੋਂ ਬਣਾਈ ਗਈ ਨੇਚਰ ਅਵੈਅਰਨੈਸ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਵਣ ਵਿਭਾਗ ਵੱਲੋਂ ਵਾਤਾਵਰਣ ਦੀ ਸਾਂਭ ਸੰਭਾਲ ਲਈ ਲਗਾਤਾਰ ਉਪਰਾਲੇ ਕੀਤੇ ਜਾ ਰਹੇ ਹਨ ਜਿੰਨਾਂ ਦੀ ਲਗਾਤਾਰਤਾ ਵਿੱਚ ਇਹ ਪਾਰਕ ਵਣ ਵਿਭਾਗ ਵੱਲੋਂ ਬਣਾ ਕੇ ਲੋਕਾਂ ਨੂੰ ਸੋਗਾਤ ਦਿੱਤੀ ਹੈ। 

ਉਨ੍ਹਾਂ ਦੱਸਿਆ ਕਿ ਪਹਿਲਾਂ ਇਸ ਜਗਾਂ ਤੇ ਡੂੰਘੇ ਟੋਏ ਸਨ ਅਤੇ ਕੁਝ ਸ਼ਰਾਰਤੀ ਅਨਸਰ ਅਕਸਰ ਇਥੇ ਬੈਠੇ ਰਹਿੰਦੇ ਸਨ ਜਿਸ ਕਰਕੇ ਲੋਕ ਆਪਣੇ ਘਰਾਂ ਤੋਂ ਬਾਹਰ ਨਹੀਂ ਨਿਕਲਦੇ ਸਨ। ਉਨ੍ਹਾਂ ਦੱਸਿਆ ਕਿ ਇਸ ਪਾਰਕ ਦੇ ਬਣਨ ਨਾਲ ਲੋਕ ਸਵੇਰੇ ਸ਼ਾਮ ਬੇਝਿੱਜਕ ਹੋ ਕੇ ਇਥੇ ਸੈਰ ਕਰਨਗੇ।

ਡਾ: ਨਿੱਝਰ ਨੇ ਦੱਸਿਆ ਕਿ ਇਸ ਪਾਰਕ ਵਿੱਚ ਵਣ ਵਿਭਾਗ ਵੱਲੋਂ ਅਲੱਗ ਅਲੱਗ ਕਿਸਮਾਂ ਦੇ ਰਵਾਇਤੀ ਫਲਦਾਰ ਅਤੇ ਸਜਾਵਟੀ ਪਾਮ ਦੇ ਬੂਟੇ ਲਗਾਏ ਗਏ ਹਨ ਜਿਸ ਤੇ ਲੱਗਭੱਗ 27 ਲੱਖ ਰੁਪਏ ਖਰਚ ਆਏ ਹਨ। ਡਾ: ਨਿੱਝਰ ਨੇ ਦੱਸਿਆ ਕਿ ਹਲਕਾ ਦੱਖਣੀ ਦੇ ਹਰੇਕ ਵਾਰਡ ਵਿੱਚ ਵਿਕਾਸ ਕਾਰਜ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਹਲਕਾ ਦੱਖਣੀ ਦੇ ਲੋਕਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਉਂਣ ਦਿੱਤੀ ਜਾਵੇਗੀ।

ਇਸ ਮੌਕੇ ਸ੍ਰੀ ਅਮਨੀਤ ਸਿੰਘ, ਆਈ:ਐਫ:ਐਸ, ਵਣ ਮੰਡਲ ਅਫਸਰ ਅੰਮ੍ਰਿਤਸਰ , ਸ੍ਰੀ ਸੁਖਵਿੰਦਰ ਸਿੰਘ ਚੌਹਾਨ ਵਣ ਰੇਂਜ ਅਫਸਰ ਅੰਮ੍ਰਿਤਸਰ-2,  ਸ੍ਰੀ ਨਿਰਮਲ ਸਿੰਘ ਫਾਰੈਸਟ ਇੰਚਾਰਜ, ਸ੍ਰੀ ਤਰਸੇਮ ਸਿੰਘ ਵਣ ਗਾਰਡ ਇੰਚਾਰਜ ਕੋਟ ਮਿੱਤ ਸਿੰਘ , ਸ੍ਰੀ ਨਵਨੀਤ ਕੁਮਾਰ, ਸ੍ਰ ਮਨਮੀਤ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਇਲਾਵਾ ਵਾਸੀ ਹਾਜਰ ਸਨ।