ਪੰਜਾਬੀ ਮਿੰਨੀ ਕਹਾਣੀ ਬਾਰੇ ਗੋਸ਼ਟੀ ਅਤੇ ਕਹਾਣੀ ਦਰਬਾਰ ਕਰਵਾਇਆ
ਮਾਂ ਬੋਲੀ ਪੰਜਾਬੀ ਨੂੰ ਸਮਰਪਿਤ ਸਮਾਗਮ ਕਰਵਾਉਣਾ ਭਾਸ਼ਾ ਦਫ਼ਤਰ ਦਾ ਸ਼ਲਾਘਾਯੋਗ ਉਪਰਾਲਾ: ਗਾਸੋ, ਨਿਰਾਲਾ
5 Dariya News
ਬਰਨਾਲਾ 08-Nov-2024
ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਵੱਲੋਂ ਭਾਸ਼ਾ ਵਿਭਾਗ ਪੰਜਾਬ ਦੇ ਨਿਰਦੇਸ਼ਕ ਜਸਵੰਤ ਸਿੰਘ ਜ਼ਫ਼ਰ ਦੀਆਂ ਹਦਾਇਤਾਂ ਅਤੇ ਸਹਾਇਕ ਨਿਰਦੇਸ਼ਕ ਅਮਰਿੰਦਰ ਸਿੰਘ ਦੀ ਅਗਵਾਈ ਅਨੁਸਾਰ ਪੰਜਾਬੀ ਮਹੀਨਾ ਨਵੰਬਰ 2024 ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ਸਾਹਿਤਕ ਸਮਾਗਮ ਕਰਵਾਇਆ ਗਿਆ।
ਬਿੰਦਰ ਸਿੰਘ ਖੁੱਡੀ ਕਲਾਂ ਜ਼ਿਲ੍ਹਾ ਭਾਸ਼ਾ ਅਫਸਰ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਵਾਈ.ਐੱਸ.ਕਾਲਜ ਹੰਡਿਆਇਆ ਵਿਖੇ ਪ੍ਰਿੰਸੀਪਲ ਡਾ.ਗੁਰਪਾਲ ਸਿੰਘ ਰਾਣਾ ਦੇ ਪ੍ਰਬੰਧਾਂ ਹੇਠ ਪੰਜਾਬੀ ਮਹੀਨੇ ਨੂੰ ਸਮਰਪਿਤ "ਪੰਜਾਬੀ ਮਿੰਨੀ ਕਹਾਣੀ:ਨਿਕਾਸ,ਵਿਕਾਸ,ਵਰਤਮਾਨ ਅਤੇ ਭਵਿੱਖ" ਵਿਸ਼ੇ 'ਤੇ ਗੋਸ਼ਟੀ ਅਤੇ "ਮਿੰਨੀ ਕਹਾਣੀ ਦਰਬਾਰ" ਕਰਵਾਇਆ ਗਿਆ।ਸਮਾਗਮ ਦੀ ਪ੍ਰਧਾਨਗੀ ਓਮ ਪ੍ਰਕਾਸ਼ ਗਾਸੋ ਪੰਜਾਬੀ ਸਾਹਿਤ ਰਤਨ ਨੇ ਕੀਤੀ।
ਡਾ.ਜੋਗਿੰਦਰ ਸਿੰਘ ਨਿਰਾਲਾ ਕਹਾਣੀਕਾਰ ਅਤੇ ਆਲੋਚਕ ਵੱਲੋਂ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਸ਼ਿਰਕਤ ਕੀਤੀ ਗਈ ਜਦਕਿ ਲੇਖਕ ਅਤੇ ਆਲੋਚਕ ਤੇਜਾ ਸਿੰਘ ਤਿਲਕ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਮੂਲੀਅਤ ਕੀਤੀ। ਜਗਦੀਸ਼ ਰਾਏ ਕੁਲਰੀਆਂ ਮੁੱਖ ਬੁਲਾਰੇ ਵਜੋਂ ਸਮਾਗਮ 'ਚ ਪਹੁੰਚੇ। ਸਮਾਗਮ ਦੀ ਸ਼ੁਰੂਆਤ ਭਾਸ਼ਾ ਵਿਭਾਗ ਦੀ ਵਿਭਾਗੀ ਧੁਨੀ ਨਾਲ ਹੋਈ।
ਉਪਰੰਤ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਕੀਤੀ ਲੋਕ ਗੀਤ ਦੀ ਪੇਸ਼ਕਾਰੀ ਨੇ ਸਭ ਦਾ ਮਨ ਮੋਹ ਲਿਆ। ਜ਼ਿਲ੍ਹਾ ਭਾਸ਼ਾ ਅਫਸਰ ਬਿੰਦਰ ਸਿੰਘ ਖੁੱਡੀ ਕਲਾਂ ਨੇ ਸਮੂਹ ਹਾਜ਼ਰੀਨ ਨੂੰ ਜੀ ਆਇਆਂ ਕਹਿੰਦਿਆਂ ਸਮਾਗਮ ਦੇ ਮਨੋਰਥ ਬਾਰੇ ਜਾਣਕਾਰੀ ਸਾਂਝੀ ਕੀਤੀ। ਉਹਨਾਂ ਕਿਹਾ ਕਿ ਮਾਤ ਭਾਸ਼ਾ ਪ੍ਰਤੀ ਪਿਆਰ 'ਚ ਦੂਜੀਆਂ ਭਾਸ਼ਾਵਾਂ ਪ੍ਰਤੀ ਨਫ਼ਰਤ ਲਈ ਕੋਈ ਜਗ੍ਹਾ ਨਹੀਂ ਹੈ।
ਉਹਨਾਂ ਅੱਗੇ ਬੋਲਦਿਆਂ ਕਿਹਾ ਕਿ ਹੋਰ ਭਾਸ਼ਾਵਾਂ ਸਿੱਖਣ ਦੇ ਨਾਲ ਨਾਲ ਆਪਣੀ ਮਾਤ ਭਾਸ਼ਾ ਪੰਜਾਬੀ ਲਈ ਸਤਿਕਾਰ ਅਤੇ ਪਿਆਰ ਬਣਾਈ ਰੱਖਣਾ ਸਾਡਾ ਨੈਤਿਕ ਫਰਜ਼ ਹੈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਪੰਜਾਬੀ ਸਾਹਿਤ ਰਤਨ ਓਮ ਪ੍ਰਕਾਸ਼ ਗਾਸੋ ਨੇ ਕਿਹਾ ਕਿ ਪੰਜਾਬੀ ਮਾਂ ਬੋਲੀ ਨੂੰ ਸਮਰਪਿਤ ਸਮਾਗਮ ਕਰਵਾਉਣਾ ਜ਼ਿਲ੍ਹਾ ਭਾਸ਼ਾ ਦਫਤਰ ਦਾ ਸਲਾਘਾਯੋਗ ਉਪਰਾਲਾ ਹੈ।
ਉਹਨਾਂ ਕਿ ਮਾਤ ਭਾਸ਼ਾ ਦੇ ਇਨਸਾਨ ਨਾਲ ਸੰਬੰਧ ਜ਼ਜਬਾਤੀ ਅਤੇ ਇਖਲਾਕੀ ਹੁੰਦੇ ਹਨ।ਡਾ.ਜੋਗਿੰਦਰ ਸਿੰਘ ਨਿਰਾਲਾ ਨੇ ਜ਼ਿਲ੍ਹਾ ਭਾਸ਼ਾ ਦਫਤਰ ਦੇ ਉਪਰਾਲੇ ਦੀ ਸਲਾਘਾ ਕਰਦਿਆਂ ਕਿਹਾ ਕਿ ਮਿੰਨੀ ਕਹਾਣੀ ਬਾਰੇ ਕਰਵਾਇਆ ਜਾ ਰਿਹਾ ਇਹ ਸਮਾਗਮ ਮਿੰਨੀ ਕਹਾਣੀ ਲੇਖਕਾਂ ਨੂੰ ਕਹਾਣੀ ਰਚਨਾ ਦੀਆਂ ਬਾਰੀਕੀਆਂ ਤੋਂ ਜਾਣੂ ਕਰਵਾਕੇ ਹੋਰ ਬਿਹਤਰ ਸਿਰਜਣਾ ਲਈ ਪ੍ਰੇਰਿਤ ਕਰੇਗਾ।
ਉਹਨਾਂ ਪਰਚਾ ਪੜਦਿਆਂ ਮਿੰਨੀ ਕਹਾਣੀ ਦੇ ਨਿਕਾਸ ਅਤੇ ਵਿਕਾਸ ਤੋਂ ਲੈ ਕੇ ਮਿੰਨੀ ਕਹਾਣੀ ਦੀ ਮੌਜ਼ੂਦਾ ਸਥਿਤੀ ਬਾਰੇ ਵੀ ਆਪਣੇ ਵਿਚਾਰ ਪੇਸ਼ ਕੀਤੇ। ਤੇਜਾ ਸਿੰਘ ਤਿਲਕ ਨੇ ਕਿਹਾ ਕਿ ਪੰਜਾਬੀ ਸਾਹਿਤ ਦੇ ਖੇਤਰ 'ਚ ਮਿੰਨੀ ਕਹਾਣੀ ਦਾ ਭਵਿੱਖ ਵੀ ਰੌਸ਼ਨ ਹੈ। ਮੁੱਖ ਬੁਲਾਰੇ ਵਜੋਂ ਬੋਲਦਿਆਂ ਜਗਦੀਸ਼ ਰਾਏ ਕੁਲਰੀਆਂ ਨੇ ਕਿਹਾ ਕਿ ਮਿੰਨੀ ਕਹਾਣੀ ਦਾ ਘੇਰਾ ਦਿਨ ਪ੍ਰਤੀ ਦਿਨ ਵਿਸ਼ਾਲ ਹੋ ਰਿਹਾ ਹੈ। ਵੱਡੀ ਗਿਣਤੀ 'ਚ ਪੰਜਾਬੀ ਸਾਹਿਤਕਾਰਾਂ ਵੱਲੋਂ ਮਿੰਨੀ ਕਹਾਣੀ ਦੀ ਸਿਰਜਣਾ ਕੀਤੀ ਜਾਣ ਲੱਗੀ ਹੈ।
ਉਹਨਾਂ ਕਿਹਾ ਕਿ ਮਿੰਨੀ ਕਹਾਣੀ ਹੁਣ ਕਾਲਜਾਂ ਅਤੇ ਯੂਨੀਵਰਸਿਟੀ ਦੇ ਪਾਠਕ੍ਰਮ ਦਾ ਵੀ ਹਿੱਸਾ ਬਣਨ ਲੱਗੀ ਹੈ। ਸਮਾਗਮ ਦੇ ਦੂਜੇ ਦੌਰ 'ਚ ਮਿੰਨੀ ਕਹਾਣੀਕਾਰਾਂ ਦਰਸ਼ਨ ਸਿੰਘ ਬਰੇਟਾ,ਬੀਰਇੰਦਰ ਸਿੰਘ ਬਨਭੌਰੀ,ਕੁਲਵਿੰਦਰ ਕੌਸ਼ਲ,ਰਣਜੀਤ ਆਜ਼ਾਦ ਕਾਂਝਲਾ,ਡਾ.ਵੀਰਪਾਲ ਕੌਰ,ਪਰਮਜੀਤ ਕੌਰ ਸੇਖੂਪੁਰ ਕਲਾਂ,ਸੁਖਵਿੰਦਰ ਸਿੰਘ ਦਾਨਗੜ੍ਹ,ਤੇਜਿੰਦਰ ਚੰਡਿਹੋਕ,ਮਾਲਵਿੰਦਰ ਸ਼ਾਇਰ,ਗੁਰਮੇਲ ਰੂੜੇਕੇ,ਅੰਗਰੇਜ਼ ਉੱਪਲੀ,ਗੁਰਤੇਜ ਤਪਾ,ਅਮ੍ਰਿਤ ਬਰਨਾਲਵੀ ਅਤੇ ਦਵਿੰਦਰ ਕੌਰ ਦੀਪ ਅਤੇ ਕਾਲਜ ਦੇ ਵਿਦਿਆਰਥੀਆਂ ਵੱਲੋਂ ਵੱਖ ਵੱਖ ਵਿਸ਼ਿਆਂ 'ਤੇ ਲਿਖੀਆਂ ਮਿੰਨੀ ਕਹਾਣੀਆਂ ਹਾਜ਼ਰੀਨ ਦੇ ਸਨਮੁੱਖ ਕੀਤੀਆਂ ਗਈਆਂ।ਸਮਾਗਮ ਦੇ ਅਖੀਰ 'ਚ ਬੋਲਦਿਆਂ ਕਾਲਜ ਦੇ ਪ੍ਰਿੰਸੀਪਲ ਡਾ.ਗੁਰਪਾਲ ਸਿੰਘ ਰਾਣਾ ਨੇ ਕਿਹਾ ਕਿ ਸਾਡੀ ਮਾਂ ਬੋਲੀ ਹੋਣ ਦੇ ਨਾਤੇ ਪੰਜਾਬੀ ਭਾਸ਼ਾ ਨੂੰ ਸਤਿਕਾਰ ਦੇਣਾ ਸਾਡਾ ਸਭ ਦਾ ਨੈਤਿਕ ਫਰਜ਼ ਹੈ।
ਉਹਨਾਂ ਇਸ ਸਮਾਗਮ ਲਈ ਜ਼ਿਲ੍ਹਾ ਭਾਸ਼ਾ ਦਫਤਰ ਬਰਨਾਲਾ ਦਾ ਧੰਨਵਾਦ ਕਰਦਿਆਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਗਮ ਨਾ ਕੇਵਲ ਵਿਦਿਆਰਥੀਆਂ ਨੂੰ ਉਹਨਾਂ ਦੀ ਮਾਂ ਬੋਲੀ ਨਾਲ ਜੋੜਦੇ ਹਨ,ਸਗੋਂ ਵਿਦਿਆਰਥੀਆਂ ਦੇ ਗਿਆਨ ਇਜ਼ਾਫੇ ਦਾ ਵੀ ਸਬੱਬ ਬਣਦੇ ਹਨ। ਮੰਚ ਸੰਚਾਲਨ ਦਾ ਫਰਜ਼ ਰੰਗ ਮੰਚ ਦੀ ਜਾਣੀ ਪਹਿਚਾਣੀ ਸਖਸ਼ੀਅਤ ਮੈਡਮ ਰੁਪਇੰਦਰਜੀਤ ਕੌਰ ਵੱਲੋਂ ਬਾਖੂਬੀ ਨਿਭਾਇਆ ਗਿਆ।
ਜ਼ਿਲ੍ਹਾ ਭਾਸ਼ਾ ਦਫਤਰ ਵੱਲੋਂ ਸਮਾਗਮ 'ਚ ਪਹੁੰਚੀਆਂ ਸਖਸ਼ੀਅਤਾਂ ਨੂੰ ਵਿਭਾਗੀ ਪੁਸਤਕਾਂ ਦੇ ਸੈੱਟ ਅਤੇ ਲੋਈਆਂ ਭੇਟ ਕਰਕੇ ਸਨਮਾਨਿਤ ਕੀਤਾ ਗਿਆ,ਜਦਕਿ ਸਮੂਹ ਮਿੰਨੀ ਕਹਾਣੀਕਾਰਾਂ ਅਤੇ ਵਿਦਿਆਰਥੀ ਕਹਾਣੀਕਾਰਾਂ ਨੂੰ ਵਿਭਾਗੀ ਪੁਸਤਕਾਂ ਦੇ ਸੈੱਟਾਂ ਨਾਲ ਸਨਮਾਨਿਤ ਕੀਤਾ ਗਿਆ।ਵਿਦਿਆਰਥੀਆਂ ਦੇ ਮਨਾਂ 'ਚ ਪੰਜਾਬੀ ਭਾਸ਼ਾ ਪ੍ਰਤੀ ਪਿਆਰ ਅਤੇ ਲਗਾਅ ਪੈਦਾ ਕਰਨ ਅਤੇ ਸਾਹਿਤਕ ਰੁਚੀਆਂ ਪ੍ਰਫੁਲਿਤ ਕਰਨ ਦੇ ਮਨੋਰਥ ਨਾਲ ਸਮਾਗਮ 'ਚ ਹਾਜ਼ਰ ਕਾਲਜ ਦੇ ਸਮੂਹ ਵਿਦਿਆਰਥੀਆਂ ਨੂੰ ਮਾਂ ਬੋਲੀ ਪੰਜਾਬੀ ਬਾਰੇ ਪੁਸਤਕਾਂ ਅਤੇ ਮਿੰਨੀ ਕਹਾਣੀਆਂ ਦੇ ਰਸਾਲੇ 'ਮਿੰਨੀ' ਦੀਆਂ ਕਾਪੀਆਂ ਭੇਟ ਕੀਤੀਆਂ ਗਈਆਂ। ਸਮਾਗਮ ਦੇ ਸੰਚਾਲਨ 'ਚ ਕਾਲਜ ਦੇ ਮੈਡਮ ਭਾਰਤੀ,ਨਰਿੰਦਰ ਸਿੰਘ,ਜ਼ਿਲ੍ਹਾ ਭਾਸ਼ਾ ਦਫਤਰ ਦੇ ਕਲਰਕ ਮੈਡਮ ਸੰਦੀਪ ਕੌਰ,ਗੋਬਿੰਦ ਸਿੰਘ ਅਤੇ ਗੁਰਪ੍ਰੀਤ ਕੌਰ ਦਾ ਵਿਸ਼ੇਸ਼ ਯੋਗਦਾਨ ਰਿਹਾ।ਸਮਾਗਮ 'ਚ ਜ਼ਿਲ੍ਹੇ ਦੀਆਂ ਸਾਹਿਤਕ ਸਭਾਵਾਂ ਦੇ ਆਹੁਦੇਦਾਰਾਂ ਅਤੇ ਮੈਂਬਰਾਂ ਤੋਂ ਇਲਾਵਾ ਜਗਜੀਤ ਸਿੰਘ ਗੁਰਮ,ਮਲਕੀਤ ਸਿੰਘ ਗਿੱਲ ਭੱਠਲਾਂ,ਬ੍ਰਿਜ ਲਾਲ,ਕੁਲਵੰਤ ਸਿੰਘ ਸ਼ਹਿਣਾ ਅਤੇ ਕਾਲਜ ਦੇ ਵਿਦਿਆਰਥੀ ਅਤੇ ਅਧਿਆਪਕ ਹਾਜ਼ਰ ਸਨ।