ਸਾਫ ਸੁਥਰਾ ਸ਼ਹਿਰ ਬਣਾਉਣ ਲਈ ਸਫਾਈ ਮੁਹਿੰਮ 22 ਜੂਨ ਤੋਂ 12 ਜੁਲਾਈ ਤੱਕ ਚਲਾਈ ਜਾਵੇਗੀ : ਹਰਭਜਨ ਮਾਨ
ਮੋਹਾਲੀ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਅਧਾਰ ਤੇ ਕੀਤਾ ਜਾਵੇਗਾ ਹੱਲ
5 ਦਰਿਆ ਨਿਊਜ਼
ਐਸ.ਏ.ਐਸ.ਨਗਰ (ਮੁਹਾਲੀ) 20-Jun-2012
ਸਾਹਿਬਜ਼ਾਦਾ ਅਜੀਤ ਸਿੰਘ ਨਗਰ ਪੰਜਾਬ ਦਾ ਪ੍ਰਵੇਸ ਦੁਆਰ ਹੈ ਇਸ ਸ਼ਹਿਰ ਨੂੰ ਨਵੀ ਦਿੱਖ ਪ੍ਰਦਾਨ ਕਰਨ ਲਈ ਅਤੇ ਸ਼ਹਿਰ ਨੂੰ ਸਾਫ ਸੁਥਰਾ ਅਤੇ ਨਮੁਨੇ ਦਾ ਸ਼ਹਿਰ ਬਣਾਉਣ ਲਈ 22 ਜੂਨ ਤੋ 12 ਜੁਲਾਈ ਤੱਕ ਵਿਸ਼ੇਸ ਸਫਾਈ ਮੁਹਿੰਮ ਚਲਾਈ ਜਾਵੇਗੀ। ਇਸ ਗੱਲ ਦੀ ਜਾਣਕਾਰੀ ਜ਼ਿਲਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਭਜਨ ਮਾਨ ਨੇ ਫੇਜ਼ 7 ਵਿਖੇ ਸ੍ਰੋਮਣੀ ਅਕਾਲੀ ਦਲ ਦੇ ਦਫ਼ਤਰ ਵਿਖੇ ਪੱਤਰਕਾਰਾ ਨਾਲ ਗੈਰ ਰਸਮੀ ਗੱਲਬਾਤ ਕਰਦਿਆ ਦਿੱਤੀ। ਹਰਭਜਨ ਮਾਨ ਨੇ ਕਿਹਾ ਕਿ ਸ਼ਹਿਰ ਵਿਚਲੇ ਪਾਰਕਾਂ ਨੂੰ ਹੋਰ ਅਤਿ ਸੁੰਦਰ ਬਣਾਇਆ ਜਾਵੇਗਾ ਅਤੇ ਸਾਰੇ ਪਾਰਕਾਂ ਵਿੱਚ ਬੱਚਿਆਂ ਲਈ ਝੁਲੇ ਆਦਿ ਅਤੇ ਰਾਤ ਵੇਲੇ ਰੋਸ਼ਨੀ ਆਦਿ ਦਾ ਪ੍ਰਬੰਧ ਕਰਨ ਲਈ ਨਵੀਆਂ ਲਾਈਟਾਂ ਲਗਾਈਆਂ ਜਾਣਗੀਆਂ ਤਾਂ ਜੋ ਇਹ ਪਾਰਕ ਸ਼ਹਿਰ ਨਿਵਾਸੀਆਂ ਲਈ ਚੰਗੀਆਂ ਸ਼ਹਿਰਗਾਹਾਂ ਬਣ ਸਕਣ।ਮਾਨ ਨੇ ਕਿਹਾ ਕਿ ਹਰੇਕ ਸ਼ਹਿਰੀ ਦਾ ਵੀ ਫਰਜ ਬਣਦਾ ਹੈ ਕਿ ਉਹ ਸ਼ਹਿਰ ਦੀ ਸਫਾਈ ਵੱਲ ਖੁਦ ਧਿਆਨ ਦੇਣ। ਉਨ੍ਹਾਂ ਇਸ ਮੌਕੇ ਸੁਰੂ ਹੋਣ ਵਾਲੀ ਵਿਸ਼ੇਸ ਸਫਾਈ ਮੁਹਿੰਮ ਵਿੱਚ ਸਾਬਕਾ ਨਗਰ ਕੌਂਸਲਰਾਂ, ਸਮਾਜ ਸੇਵੀ ਸੰਸਥਾਵਾਂ, ਸ੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਦੇ ਆਗੂਆ ਅਤੇ ਵਰਕਰਾਂ ਸਮੇਤ ਸ਼ਹਿਰ ਦੇ ਸਮੂਹ ਵਰਗਾ ਦੇ ਮੋਹਤਵਰ ਵਿਅਕਤੀਆਂ ਨੂੰ ਇਸ ਸਫਾਈ ਮੁਹਿੰਮ ਵਿੱਚ ਵੱਧ ਚੜ ਕੇ ਯੋਗਦਾਨ ਪਾਉਣ ਦੀ ਅਪੀਲ ਵੀ ਕੀਤੀ।
ਉਨ੍ਹਾਂ ਕਿਹਾ ਕਿ ਉਹ ਸ਼ਹਿਰ ਦੇ ਵਿਕਾਸ ਕਾਰਜਾ ਵਿੱਚ ਧਨ ਦੀ ਕਮੀ ਨਹੀਂ ਆਉਣ ਦੇਣਗੇ ਅਤੇ ਸ਼ਹਿਰ ਨਿਵਾਸੀਆਂ ਨੂੰ ਹਰ ਤਰ੍ਹਾਂ ਦੀਆਂ ਸਹੂਲਤਾਂ ਉਪਲਬੱਧ ਕਰਾਉਣ ਲਈ ਉਪਰਾਲੇ ਕਰਨਗੇ। ਇਸ ਤੋਂ ਉਪਰੰਤ ਜ਼ਿਲ੍ਹਾ ਯੋਜਨਾ ਕਮੇਟੀ ਦੇ ਚੇਅਰਮੈਨ ਹਰਭਜਨ ਮਾਨ ਅਤੇ ਸਾਬਕਾ ਕੇਂਦਰੀ ਮੰਤਰੀ ਸ੍ਰ: ਬਲਵੰਤ ਸਿੰਘ ਰਾਮੂਵਾਲੀਆ ਹਲਕਾ ਇੰਚਾਰਜ ਮੋਹਾਲੀ ਨੇ ਸ਼ਹਿਰਾਂ ਅਤੇ ਪਿੰਡਾਂ ਤੋਂ ਆਏ ਲੋਕਾਂ ਦੀਆਂ ਸਮੱਸਿਆਵਾਂ ਵੀ ਸੁਣੀਆਂ। ਇਸ ਮੌਕੇ ਸਾਬਕਾ ਕੇਂਦਰੀ ਮੰਤਰੀ ਸ੍ਰ: ਰਾਮੂਵਾਲੀਆ ਨੇ ਲੋਕਾਂ ਨੂੰ ਵਿਸ਼ਵਾਸ਼ ਦਿਵਾਈਆਂ ਕਿ ਉਹ ਹਲਕੇ ਦੇ ਲੋਕਾਂ ਦੀਆਂ ਸਮੱਸਿਆਵਾਂ ਨੂੰ ਹਲ ਕਰਨ ਲਈ ਵਚਨ ਵੱਧ ਹਨ। ਉਨ੍ਹਾਂ ਕਿਹਾ ਕਿ ਹਲਕੇ ਦੇ ਲੋਕਾਂ ਦੀਆਂ ਵੱਡੀ ਤੋਂ ਵੱਡੀ ਸਮੱਸਿਆ ਵੀ ਹਲ ਕਰਾਉਣ ਲਈ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਪਰਕਾਸ ਸਿੰਘ ਬਾਦਲ ਤੱਕ ਪਹੁੰਚ ਕਰਨਗੇ ਅਤੇ ਇਸ ਹਲਕੇ ਨੂੰ ਨਮੂਨੇ ਦਾ ਹਲਕਾ ਬਣਾਈਆਂ ਜਾਵੇਗਾ। ਉਨ੍ਹਾਂ ਕਿਹਾ ਕਿ ਹਲਕੇ ਦੀਆਂ ਲਿੰਕ ਸੜਕਾ ਜਿਨ੍ਹਾਂ ਦੀ ਹਾਲਤ ਖਸਤਾ ਹੈ ਉਨ੍ਹਾਂ ਨੂੰ ਪਹਿਲ ਦੇ ਅਧਾਰ ਤੇ ਮੁਰੰਮਤ ਕਰਵਾਇਆ ਜਾਵੇਗਾ। ਇਸ ਮੌਕੇ ਸ੍ਰੋਮਣੀ ਅਕਾਲੀ ਦਲ ਦੋ ਹੋਰ ਆਗੂ ਅਤੇ ਵਰਕਰ ਵੀ ਵੱਡੀ ਗਿਣਤੀ ਵਿੱਚ ਮੌਜੂਦ ਸਨ।