ਭਗਵੰਤ ਮਾਨ ਸਰਕਾਰ ਨੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਸੂਬੇ ਭਰ ਦੀਆਂ ਮੰਡੀਆਂ ’ਚ ਫੇਲ੍ਹ ਕੀਤਾ: ਅਕਾਲੀ ਦਲ
ਆਪ ਤੇ ਕੇਂਦਰ ਸਰਕਾਰ ਦੀਆਂ ਗਲਤ ਨੀਤੀਆਂ ਦਾ ਸੰਤਾਪ ਪੰਜਾਬ ਭੁਗਤ ਰਿਹੈ: ਬਿਕਰਮ ਸਿੰਘ ਮਜੀਠੀਆ
5 Dariya News
ਅੰਮ੍ਰਿਤਸਰ 11-Oct-2024
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਅੱਜ ਕਿਹਾ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ (ਆਪ) ਸਰਕਾਰ ਨੇ ਕਿਸਾਨਾਂ, ਆੜ੍ਹਤੀਆਂ ਤੇ ਮਜ਼ਦੂਰਾਂ ਨੂੰ ਸੂਬੇ ਭਰ ਦੀਆਂ ਮੰਡੀਆਂ ਵਿਚ ਫੇਲ੍ਹ ਕਰ ਦਿੱਤਾ ਹੈ।ਹਿਥੇ ਮੰਡੀਆਂ ਵਿਚ ਝੋਨੇ ਦੀ ਖਰੀਦ ਦਾ ਜਾਇਜ਼ਾ ਲੈਂਦਿਆਂ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਇਹ ਵੇਖਣਾ ਬਹੁਤ ਹੀ ਤਕਲੀਫਦੇਹ ਹੈ ਕਿ ਭਗਵੰਤ ਮਾਨ ਦੀ ਅਗਵਾਈ ਵਾਲੀ ’ਬਦਲਾਅ ਵਾਲੀ ਸਰਕਾਰ’ ਸਰਕਾਰੀ ਖਰੀਦ ਸ਼ੁਰੂ ਹੋਣ ਦੇ 11 ਦਿਨ ਲੰਘਣ ਮਗਰੋ਼ ਵੀ ਮੰਡੀਆਂ ਵਿਚ ਝੋਨੇ ਦੀ ਖਰੀਦ ਕਰਨ ਵਿਚ ਫੇਲ੍ਹ ਸਾਬਤ ਹੋਈ ਹੈ।
ਉਹਨਾਂ ਕਿਹਾ ਕਿ ਕਿਸਾਨਾਂ ਨੂੰ ਆਪਣੀ ਜਿਣਸ ਵੇਚਣ ਵਾਸਤੇ ਮੰਡੀਆਂ ਵਿਚ ਡੇਰੇ ਲਗਾਉਣ ਵਾਸਤੇ ਮਜਬੂਰ ਹੋਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਝੋਨੇ ਦੀ ਖਰੀਦ ਐਮ ਐਸ ਪੀ ’ਤੇ ਨਹੀਂ ਹੋ ਰਹੀ ਤਾਂ ਕਿਸਾਨਾਂ ਨੂੰ ਆਪਣੀ ਜਿਣਸ ਘੱਟ ਰੇਟ ’ਤੇ ਪ੍ਰਾਈਵੇਟ ਵਪਾਰੀਆਂ ਨੂੰ ਵੇਚਣੀ ਪੈ ਰਹੀ ਹੈ। ਉਹਨਾਂ ਕਿਹਾ ਕਿ ਹੈਰਾਨੀ ਵਾਲੀ ਗੱਲ ਹੈ ਕਿ ਭਗਵੰਤ ਮਾਨ ਨੇ ਕਿਸਾਨਾਂ ਨੂੰ ਆਖਿਆ ਸੀ ਕਿ ਉਹ ਬਾਸਮਤੀ ਲਾਉਣ ਜੋ ਘੱਟ ਪਾਣੀ ਨਾਲ ਫਸਲ ਤਿਆਰ ਹੋ ਜਾਂਦੀ ਹੈ ਪਰ ਸਰਕਾਰ ਵੱਲੋਂ ਕਿਸਾਨਾਂ ਨੂੰ ਬਾਸਮਤੀ ਦਾ ਵਾਜਬ ਭਾਅ ਦੇਣ ਦੇ ਯਤਨ ਨਹੀਂ ਕੀਤੇ ਗਏ।
ਉਹਨਾਂਕਿਹਾ ਕਿ ਇਸ ਸਾਲ ਬਾਸਮਤੀ 2500 ਤੋਂ ਲੈ ਕੇ 2800 ਰੁਪਏ ਪ੍ਰਤੀ ਕੁਇੰਟਲ ਵਿਕ ਰਹੀ ਹੈ ਜਦੋਂ ਕਿ ਪਿਛਲੇ ਆਮ ਆਮ ਰੇਟ 4500 ਤੋਂ 5000 ਰੁਪਏ ਪ੍ਰਤੀ ਕੁਇੰਟਲ ਸੀ। ਸਰਦਾਰ ਮਜੀਠੀਆ ਨੇ ਕਿਹਾ ਕਿ ਆਪ ਸਰਕਾਰ ਤਾਂ ਪਿਛਲੇ ਸਾਲ ਦਾ ਝੋਨਾ ਚੁੱਕਣ ਦਾ ਮਸਲਾ ਕੇਂਦਰ ਸਰਕਾਰ ਕੋਲ ਚੁੱਕਣ ਵਿਚ ਵੀ ਨਾਕਾਮ ਸਾਬਤ ਹੋਈ ਹੈ। ਇਸ ਕਾਰਣ ਸ਼ੈਲਰ ਪਿਛਲੇ ਝੋਨੇ ਨਾਲ ਭਰੇ ਹੋੲ ਹਨ ਤੇ ਉਹ ਨਵੀਂ ਫਸਲ ਰੱਖਣ ਦੇ ਸਮਰਥ ਨਹੀਂ ਹਨ।
ਅਕਾਲੀ ਆਗੂ ਨੇ ਕਿਹਾ ਕਿ ਖਰੀਦ ਪ੍ਰਕਿਰਿਆ ਵਿਚ ਸ਼ਾਮਲ ਆੜ੍ਹਤੀਆਂ, ਮਜ਼ਦੂਰਾਂ, ਕਿਸਾਨਾਂ ਤੇ ਸ਼ੈਲਰ ਮਾਲਕਾਂ ਨੂੰ ਭਗਵੰਤ ਮਾਨ ਸਰਕਾਰ ਵੱਲੋਂ ਫੈਸਲੇ ਨਾ ਲੈਣ ਦਾ ਸੰਤਾਪ ਹੰਢਾਉਣਾ ਪੈ ਰਿਹਾ ਹੈ। ਉਹਨਾਂ ਕਿਹਾ ਕਿ ਹਾਲਾਤ ਬਹੁਤ ਗੰਭੀਰ ਹੋ ਰਹੇ ਹਨ ਤੇ ਸੂਬੇ ਵਿਚ ਸਮੁੱਚਾ ਮੰਡੀਕਰਣ ਢਾਂਚਾ ਤਬਾਹ ਹੋਣ ਕੰਢੇ ਪਹੁੰਚ ਗਿਆ ਹੈ ਅਤੇ ਇਸ ਨਾਲ ਖੇਤੀਬਾੜੀ ਅਰਥਚਾਰੇ ਲਈ ਤਬਾਹੀ ਆ ਜਾਵੇਗੀ।
ਕਿਸਾਨਾਂ ਨਾਲ ਗੱਲਬਾਤ ਕਰਦਿਆਂ ਸਰਦਾਰ ਮਜੀਠੀਆ ਨੇ ਕਿਹਾ ਕਿ ਜ਼ਮੀਨੀ ਪੱਧਰ ’ਤੇ ਕੋਈ ਸਰਕਾਰ ਨਹੀਂ ਹੈ। ਕਿਸਾਨਾਂ ਨੂੰ ਮੰਡੀਆਂ ਵਿਚ ਬੁਨਿਆਦੀ ਸਹੂਲਤਾਂ ਵੀ ਨਹੀਂ ਦਿੱਤੀਆਂ ਗਈਆਂ। ਉਹਨਾਂ ਕਿਹਾ ਕਿ ਬਜਾਏ ਨੌਟੰਕੀ ਕਰਨ ਤੇ ਸਸਤੇ ਤਮਾਸ਼ੇ ਕਰਨ ਦੇ ਮੁੱਖ ਮੰਤਰੀ ਨੂੰ ਹਾਲਾਤ ਦੀ ਸਮੀਖਿਆ ਕਰਨੀ ਚਾਹੀਦੀ ਹੈ ਅਤੇ ਖਰੀਦ ਸੁਚਾਰੂ ਤਰੀਕੇ ਹੋਣੀ ਯਕੀਨੀ ਬਣਾਉਣੀ ਚਾਹੀਦੀ ਹੈ ਤੇ ਆੜ੍ਹਤੀਆਂ ਤੇ ਮਜ਼ਦੂਰਾਂ ਦੀਆਂ ਸ਼ਿਕਾਇਤਾਂ ਦੂਰ ਕਰਨੀਆਂ ਚਾਹੀਦੀਆਂ ਹਨ।
ਉਹਨਾਂ ਨੇ ਕੇਂਦਰ ਸਰਕਾਰ ਨੂੰ ਅਪੀਲ ਕੀਤੀ ਕਿ ਉਹ ਆੜ੍ਹਤੀਆਂ ਦੀ ਮੰਗ ’ਤੇ ਗੌਰ ਕਰੇ ਅਤੇ ਪੰਜਾਬ ਤੋਂ ਝੋਨੇ ਦੇ ਅੰਬਾਰ ਦੀ ਤੇਜ਼ ਰਫਤਾਰ ਲਿਫਟਿੰਗ ਕਰੇ ਤਾਂ ਜੋ ਸ਼ੈਲਰ ਮਾਲਕਾਂ ਕੋਲ ਅਗਲੀ ਜਿਣਸ ਰੱਖਣ ਵਾਸਤੇ ਥਾਂ ਖਾਲੀ ਹੋਵੇ।