ਜਿਲ੍ਹਾ ਅਤੇ ਸੈਸ਼ਨ ਜੱਜ, ਰੂਪਨਗਰ ਵੱਲੋਂ ਆਈ.ਈ.ਟੀ ਭੱਦਲ, ਰੂਪਨਗਰ ਵਿਖੇ ਨਸ਼ਿਆਂ ਸਬੰਧੀ ਖਾਸ ਸੈਮੀਨਾਰ ਅਤੇ ‘ਮਿੰਨੀ ਫੋਰੈਸਟ’ਦਾ ਉਦਘਾਟਨ ਕੀਤਾ ਗਿਆ
5 Dariya News
ਰੂਪਨਗਰ 24-Sep-2024
ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ ਦੁਆਰਾ ਪੰਜਾਬ ਰਾਜ ਵਿੱਚ ਚਲਾਈ ਗਈ ‘ਰੁੱਖ ਲਗਾਓ ਮੁਹਿੰਮ’ ਦੇ ਅੰਤਰਗਤ ਜਿਲ੍ਹਾ ਅਤੇ ਸੈਸ਼ਨ ਜੱਜ-ਸਹਿਤ-ਚੇਅਰਪਰਸਨ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਦੁਆਰਾ ਆਈ.ਈ.ਟੀ ਭੱਦਲ ਟੈਕਨੀਕਲ ਕੈਂਪਸ, ਰੂਪਨਗਰ ਵਿਖੇ ‘ਮਿੰਨੀ ਫੋਰੈਸਟ’ ਦਾ ਉਦਘਾਟਨ ਆਪਣੇ ਕਰ ਕਮਲਾਂ ਨਾਲ ਕੀਤਾ। ਇਸ ਮਿੰਨੀ ਫੋਰੈਸਟ ਵਿੱਚ ਲਗਭਗ 700 ਦੇ ਕਰੀਬ ਬੂਟੇ ਲਗਾਏ ਗਏ ਜਿਸ ਨੂੰ ਕਿ ਆਈ.ਈ.ਟੀ ਭੱਦਲ ਦੁਆਰਾ ਅਪਣਾਇਆ ਗਿਆ ਹੈ ਅਤੇ ਇਨ੍ਹਾਂ ਬੂਟਿਆਂ ਦੀ ਦੇਖ ਭਾਲ ਦੀ ਜ਼ਿੰਮੇਵਾਰੀ ਲਈ ਹੈ।
ਜੱਜ ਸਾਹਿਬ ਨੇ ਦੱਸਿਆ ਕਿ ਉਦਯੋਗੀਕਰਨ ਅਤੇ ਸ਼ਹਿਰੀਕਰਨ ਨੇ ਸਾਡੇ ਵਾਤਾਵਰਣ 'ਤੇ ਬੁਰਾ ਪ੍ਰਭਾਵ ਪਾਇਆ ਹੈ। ਜੰਗਲਾਂ ਦੀ ਕਟਾਈ ਦੇ ਕਾਰਨ ਗਲੋਬਲ ਵਾਰਮਿੰਗ ਅਤੇ ਮਾਰੂਥਲੀਕਰਨ ਵੱਧਦਾ ਜਾ ਰਿਹਾ ਹੈ। ਮਨੁੱਖੀ ਗਤੀਵਿਧੀਆਂ, ਖਾਸ ਤੌਰ 'ਤੇ ਲੱਕੜ ਦੀ ਵੱਡੇ ਪੱਧਰ 'ਤੇ ਕਟਾਈ, ਨੇ ਇਹਨਾਂ ਮੁੱਦਿਆਂ ਨੂੰ ਹੋਰ ਵਧਾ ਦਿੱਤਾ ਹੈ, ਜਿਸ ਨਾਲ ਗ੍ਰੀਨਹਾਉਸ ਗੈਸਾਂ ਦੇ ਨਿਕਾਸ ਵਿੱਚ ਵਾਧਾ ਹੋਇਆ ਹੈ, ਧਰਤੀ ਹੇਠਲੇ ਪਾਣੀ ਦਾ ਪੱਧਰ ਘਟਿਆ ਹੈ, ਅਤੇ ਰੋਜ਼ਾਨਾ ਜੀਵਨ ਵਿੱਚ ਵਿਘਨ ਪੈ ਰਿਹਾ ਹੈ।
ਉਨ੍ਹਾਂ ਦੱਸਿਆ ਕਿ ਇਹ ਸਮੇਂ ਦੀ ਲੋੜ ਹੈ ਕਿ ਬਿਨਾਂ ਕਿਸੇ ਦੇਰੀ ਦੇ ਮੁੜ ਜੰਗਲਾਤ ਦੇ ਉਪਾਅ ਅਪਣਾਏ ਜਾਣ, ਤਾਂ ਜੋ ਆਪਣੇ ਲਈ ਅਤੇ ਆਉਣ ਵਾਲੀਆਂ ਪੀੜ੍ਹੀਆਂ ਲਈ ਇੱਕ ਸਿਹਤਮੰਦ ਵਾਤਾਵਰਣ ਯਕੀਨੀ ਬਣਾਇਆ ਜਾ ਸਕੇ। ਇਸ ਤੋਂ ਇਲਾਵਾ ਕਾਰਜਕਾਰੀ ਚੇਅਰਮੈਨ, ਪੰਜਾਬ ਰਾਜ ਕਾਨੂੰਨੀ ਸੇਵਾਵਾਂ ਅਥਾਰਟੀ, ਐਸ.ਏ.ਐਸ ਨਗਰ ਦੁਆਰਾ ਮਿਤੀ 05 ਸਤੰਬਰ 2024 ਤੋਂ 31 ਅਕਤੂਬਰ 2024 ਤੱਕ ਰਾਜ ਭਰ ਵਿੱਚ ਇੱਕ ਰਾਜ ਪੱਧਰੀ ਮੁਹਿੰਮ "ਨਸ਼ਾ ਮੁਕਤੀ-ਮਾਨਵਤਾ ਨੂੰ ਨੁਕਸਾਨ" ਸ਼ੁਰੂ ਕੀਤੀ ਗਈ ਸੀ।
ਇਸ ਮੁਹਿੰਮ ਦੇ ਅੰਤਰਗਤ ਜਿਲ੍ਹਾ ਅਤੇ ਸੈਸ਼ਨ ਜੱਜ ਨੇ ਨਸ਼ਿਆਂ ਦੀ ਵਧਦੀ ਹੋੜ੍ਹ ਅਤੇ ਕਾਰਨਾਂ ਬਾਰੇ ਜਾਣਕਾਰੀ ਦਿੰਦੇ ਹੋਏ ਬੱਚਿਆਂ ਨੂੰ ਇਨ੍ਹਾਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ। ਉਨ੍ਹਾਂ ਦੱਸਿਆ ਕਿ ਪੰਜਾਬ ਰਾਜ ਪਿਛਲੇ ਕਈ ਸਾਲਾਂ ਤੋਂ ਨਸ਼ਿਆਂ ਦੀ ਦਲਦਲ ਵਿੱਚ ਫਸਿਆ ਹੋਇਆ ਹੈ ਅਤੇ ਸੂਬੇ ਵਿੱਚ ਵੱਧ ਰਹੀ ਨਸ਼ਿਆਂ ਦੀ ਸਮੱਸਿਆ ਚਿੰਤਾਜਨਕ ਹੈ। ਉਨ੍ਹਾਂ ਕਿਹਾ ਕਿ ਨਸ਼ਾ ਨਾ ਸਿਰਫ ਇਨਸਾਨ ਦੀ ਸਿਹਤ ਨੂੰ ਪ੍ਰਭਾਵਿਤ ਕਰਦਾ ਹੈ, ਸਗੋਂ ਆਰਥਿਕ, ਸਮਾਜਿਕ, ਵਿਵਾਹਕ ਅਤੇ ਮਾਨਸਿਕ ਤੌਰ ਤੇ ਵੀ ਇਨਸਾਨ ਨੂੰ ਪ੍ਰਭਾਵਿਤ ਕਰਦਾ ਹੈ। ਉਨ੍ਹਾਂ ਕਿਹਾ ਕਿ ਨਸ਼ਿਆਂ ਉੱਤੇ ਠੱਲ੍ਹ ਪਾਉਣਾ ਸਮੇਂ ਦੀ ਸਖ਼ਤ ਲੋੜ ਹੈ। ਇਸ ਦੇ ਨਾਲ-ਨਾਲ ਉਨ੍ਹਾਂ ਬੱਚਿਆਂ ਨੂੰ ਜੀਵਨ ਦੀ ਮਹੱਤਤਾ ਬਾਰੇ ਪ੍ਰੇਰਨਾ ਦਿੱਤੀ ਅਤੇ ਕਿਹਾ ਕਿ ਜੀਵਨ ਵਿੱਚ ਕਿਸੇ ਵੀ ਤਰ੍ਹਾਂ ਦੀ ਸਮੱਸਿਆ ਆਉਣ ਤੇ ਨਿਰਾਸ਼ ਨਾ ਹੋ ਕੇ ਇਸ ਦੇ ਬਾਰੇ ਆਪਣੇ ਮਾਤਾ-ਪਿਤਾ ਜਾਂ ਕੋਈ ਵੀ ਅਜਿਹਾ ਇਨਸਾਨ ਜਿਸ ਤੇ ਬੱਚਾ ਭਰੋਸਾ ਕਰਦਾ ਹੈ, ਨਾਲ ਗੱਲ ਕਰਨੀ ਚਾਹੀਦੀ ਹੈ।
ਇਹ ਵਰਨਣਯੋਗ ਹੈ ਕਿ ਇਸ ਸੈਮੀਨਾਰ ਅਤੇ ਮਿੰਨੀ ਫੋਰੈਸਟ ਦੇ ਉਦਘਾਟਨ ਦੌਰਾਨ ਸ੍ਰੀਮਤੀ ਹਿਮਾਂਸ਼ੀ ਗਲਹੋਤਰਾ ਸਕੱਤਰ, ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ ਰੂਪਨਗਰ, ਸ੍ਰੀ ਤਜਿੰਦਰ ਸਿੰਘ ਚੇਅਰਮੈਨ ਆਈ.ਈ.ਟੀ ਭੱਦਲ, ਡਾ. ਐਸ.ਐਸ. ਬਿੰਦਰਾ ਡਾਇਰੈਕਟਰ, ਡਾ. ਗੁਰਪ੍ਰੀਤ ਸਿੰਘ ਪ੍ਰਿੰਸੀਪਲ ਇੰਜੀਨੀਅਰਿੰਗ, ਡਾ. ਕੰਚਨ ਸ਼ਰਮਾ ਪ੍ਰਿੰਸੀਪਲ ਜੀ.ਸੀ.ਐਸ-ਆਈ.ਵੀ.ਐਸ, ਸ੍ਰੀ ਓਂਕਾਰ ਸਿੰਘ, ਪ੍ਰਿੰਸੀਪਲ ਡਿਪਲੋਮਾ ਦੇ ਨਾਲ-ਨਾਲ ਸਟਾਫ ਮੈਂਬਰ ਮੌਜੂਦ ਰਹੇ। ਜਿਲ੍ਹਾ ਕਾਨੂੰਨੀ ਸੇਵਾਵਾਂ ਅਥਾਰਟੀ, ਰੂਪਨਗਰ ਵੱਲੋਂ ਜਿਲ੍ਹੇ ਦੇ ਵੱਖ-ਵੱਖ ਸਕੂਲਾਂ, ਕਾਲਜਾਂ, ਪਿੰਡਾਂ, ਸਿਵਲ ਹਸਪਤਾਲ, ਨਸ਼ਾ ਛਡਾਊ ਕੇਂਦਰਾਂ ਅਤੇ ਜੇਲ੍ਹ ਵਿੱਚ ਇਹ ਜਾਗਰੂਕਤਾ ਮੁਹਿੰਮ ਚਲਾਈ ਜਾ ਰਹੀ ਹੈ।