5 Dariya News

‘ਸਵੱਛਤਾ ਹੀ ਸੇਵਾ ਮੁਹਿੰਮ’ ਤਹਿਤ ਡੀ.ਸੀ. ਮੁਕਤਸਰ ਰਾਜੇਸ਼ ਤ੍ਰਿਪਾਠੀ ਨੇ ਸਫ਼ਾਈ ਕਾਮਿਆਂ ਵਾਂਗ ਕੀਤੀ ਸਫ਼ਾਈ

ਜ਼ਿਲ੍ਹਾ ਵਾਸੀਆਂ ਨੂੰ ਸਫ਼ਾਈ ਪ੍ਰਤੀ ਸੰਜੀਦਾ ਹੋਣ ਦਾ ਦਿੱਤਾ ਸੁਨੇਹਾ

5 Dariya News

ਸ੍ਰੀ ਮੁਕਤਸਰ ਸਾਹਿਬ 17-Sep-2024

‘ਜਹਾਂ ਸਫ਼ਾਈ ਵਹਾਂ ਖੁਦਾਈ’ ਦਾ ਹੋਕਾ ਦਿੰਦਿਆਂ ‘ਸਵੱਛਤਾ ਹੀ ਸੇਵਾ ਮੁਹਿੰਮ’ ਤਹਿਤ ਡਿਪਟੀ ਕਮਿਸ਼ਨਰ ਸ੍ਰੀ ਮੁਕਤਸਰ ਸਾਹਿਬ ਸ੍ਰੀ ਰਾਜੇਸ਼ ਤ੍ਰਿਪਾਠੀ ਅਤੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਸਮੁੱਚੀ ਟੀਮ ਅੱਜ ਜ਼ਿਲ੍ਹਾ ਵਾਸੀਆਂ ਨੂੰ ਸਫਾਈ ਪ੍ਰਤੀ ਸੰਜੀਦਾ ਹੋਣ ਦਾ ਸੁਨੇਹਾ ਦੇਣ ਲਈ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅਤੇ ਆਲੇ-ਦੁਆਲੇ ਸਫ਼ਾਈ ਕਰਨ ਲਈ ਸਫਾਈ ਕਾਮਿਆਂ ਵਾਂਗ ਨਿੱਤਰੇ। ਇਸ ਮੌਕੇ ਬੋਲਦਿਆਂ ਸ੍ਰੀ ਤ੍ਰਿਪਾਠੀ ਨੇ ਕਿਹਾ ਕਿ ਸਾਨੂੰ ਆਪਣੇ ਦਫ਼ਤਰ, ਘਰਾਂ ਅੰਦਰ ਅਤੇ ਬਾਹਰ ਸਫਾਈ ਦਾ ਪੂਰਾ ਧਿਆਨ ਰੱਖਣਾ ਚਾਹੀਦਾ ਹੈ ਅਤੇ ਗਿੱਲੇ-ਸੁੱਕੇ ਕੂੜੇ ਨੂੰ ਅਲੱਗ-ਅਲੱਗ ਰੱਖਣਾ ਚਾਹੀਦਾ ਹੈ। 

ਉਨ੍ਹਾਂ ਕਿਹਾ ਕਿ ਇਸ ਪੰਦਰਵਾੜੇ ਤਹਿਤ ਸ੍ਰੀ ਮੁਕਤਸਰ ਸਾਹਿਬ ਸ਼ਹਿਰ ਦੇ ਕੋਨੇ-ਕੋਨੇ ਦੀ ਸਫ਼ਾਈ ਕੀਤੀ ਜਾਵੇਗੀ ਅਤੇ ਲੋਕਾਂ ਨੂੰ ਸਫ਼ਾਈ ਪ੍ਰਤੀ ਜਾਗਰੂਕ ਕੀਤਾ ਜਾਵੇਗਾ। ਇਸ ਮੌਕੇ ਉਨ੍ਹਾਂ ਵੱਲੋਂ ਜ਼ਿਲ੍ਹਾ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਨਗਰ ਕੌਂਸਲ ਦੇ ਨੁਮਾਂਇੰਦਿਆਂ ਨੂੰ ਸਾਫ਼-ਸਫ਼ਾਈ ਸਬੰਧੀ ਦਿਸ਼ਾ ਨਿਰਦੇਸ਼ ਵੀ ਦਿੱਤੇ। 

ਉਨ੍ਹਾਂ ਕਿਹਾ ਕਿ ਸਫ਼ਾਈ ਕਰਨ ਨਾਲ ਸਾਡਾ ਆਲਾ-ਦੁਆਲਾ ਤਾਂ ਸਾਫ਼ ਰਹਿੰਦਾ ਹੀ ਹੈ, ਸਗੋਂ ਇਸ ਨਾਲ ਡੇਂਗੂ, ਮਲੇਰੀਆ ਵਰਗੀਆਂ ਬਿਮਾਰੀਆਂ ਦਾ ਖਤਰਾ ਵੀ ਟਲਿਆ ਰਹਿੰਦਾ ਹੈ। ਇਸ ਮੌਕੇ ਸਮੂਹ ਹਾਜ਼ਰੀਨ ਨੂੰ ਸਵੱਛਤਾ ਹੀ ਸੇਵਾ ਥੀਮ ਤਹਿਤ ਸਾਫ-ਸਫਾਈ ਨੂੰ ਯਕੀਨੀ ਬਣਾਉਣ ਲਈ ਸਹੁੰ ਵੀ ਚੁਕਾਈ ਗਈ ਤਾਂ ਜੋ ਹਰੇਕ ਮਨੁੱਖ ਆਪਣੇ ਆਲੇ-ਦੁਆਲੇ ਦੀ ਸਫ਼ਾਈ ਰੱਖੇ ਅਤੇ ਸ਼ਹਿਰ ਨੂੰ ਸਾਫ- ਸੁਥਰਾ ਬਣਾਉਣ ਵਿੱਚ ਆਪਣਾ ਯੋਗਦਾਨ ਪਾਵੇ।

ਵਧੀਕ ਡਿਪਟੀ ਕਮਿਸ਼ਨਰ (ਜ) ਡਾ. ਸੰਜੀਵ ਕੁਮਾਰ ਨੇ ਦੱਸਿਆ ਕਿ ਸ਼ਹਿਰ ਦੀ ਦਿਖ ਨੂੰ ਸੁਧਾਰਨ ਅਤੇ ਸਾਫ-ਸਫਾਈ ਨੂੰ ਲੈ ਕੇ ਵੱਖ-ਵੱਖ ਗਤੀਵਿਧੀਆਂ ਕਰਵਾਈਆਂ ਜਾ ਰਹੀਆਂ ਹਨ। ਉਨ੍ਹਾਂ ਦੱਸਿਆ ਕਿ 17 ਸਤੰਬਰ ਤੋਂ 2 ਅਕਤੂਬਰ ਤੱਕ ਵਿਸ਼ੇਸ਼ ਸਫ਼ਾਈ ਪੰਦਰਵਾੜਾ ਮਨਾਇਆ ਜਾਵੇਗਾ ਜਿਸ ਦੀ ਅੱਜ ਸ਼ੁਰੂਆਤ ਕੀਤੀ ਗਈ ਹੈ।

ਇਸ ਮੌਕੇ ਉਪ-ਮੰਡਲ ਮੈਜਿਸਟ੍ਰੇਟ ਸ੍ਰੀਮਤੀ ਬਲਜੀਤ ਕੌਰ, ਕਾਰਜ ਸਾਧਕ ਅਫ਼ਸਰ, ਸ੍ਰੀ ਮੁਕੇਸ਼ ਸਿੰਗਲਾ, ਐਕਸੀਅਨ ਜਲ ਸਪਲਾਈ ਵਿਭਾਗ, ਸ੍ਰੀ ਸ਼ਮਿੰਦਰ ਸਿੰਘ, ਐਸ.ਡੀ.ਓ. ਸ੍ਰੀ ਗੁਰਤੇਜ ਸਿੰਘ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।