ਪੰਜਾਬ ਦੇ ਸੱਭਿਆਚਾਰਕ ਮੇਲਿਆਂ ‘ਚ ਵੱਡਾ ਨਾਂਅ ‘ਮੇਲਾ ਕਠਾਰ ਦਾ’
ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ ਵਿਖੇ ਦੋ ਰੋਜ਼ਾ ਮੇਲਾ ਅੱਜ ਤੋਂ
5 Dariya News
ਚੰਡੀਗੜ੍ਹ 12-Sep-2024
ਪੰਜਾਬ ਦੀ ਧਰਤੀ ਪੀਰਾਂ-ਫਕੀਰਾਂ, ਸੰਤਾਂ ਮਹਾਤਮਾ ਤੇ ਗੁਰੂਆਂ ਦੀ ਧਰਤੀ ਹੈ। ਇਸ ਧਰਤੀ ਨੂੰ ਜਿੱਥੇ-ਜਿੱਥੇ ਵੀ ਇਨਾਂ ਮਹਾਂਪੁਰਸ਼ਾਂ ਦੀ ਚਰਨ ਛੂਹ ਪ੍ਰਾਪਤੀ ਹੋਈ ਹੈ ਉਹ ਥਾਂਵਾਂ ਇਤਿਹਾਸਿਕ ਬਣੀਆਂ ਹਨ ਤੇ ਉਥੇ ਮੁੱਢ ਤੋਂ ਹੀ ਮੇਲੇ ਲੱਗਦੇ ਆ ਰਹੇ ਹਨ। ਦਰਗਾਹ ਬਾਬਾ ਨਬੀ ਬਖਸ਼ ਪਿੰਡ ਕਠਾਰ (ਆਦਮਪੁਰ) ਵੀ ਇਨਾਂ ਸਥਾਨਾਂ ਚੋਂ ਇਕ ਹੈ ਜੋ ਕਿ ਨਾਮ ਦੀ ਕਮਾਈ ਵਾਲੀ ਸੱਚੀ ਰੂਹ ਬਾਬਾ ਨਬੀ ਬਖਸ਼ ਨਾਲ ਸਬੰਧਿਤ ਹੈ।
ਇਸ ਸਥਾਨ ਤੇ ਹਰ ਸਾਲ ਵੱਡਾ ਮੇਲਾ ਲੱਗਦਾ ਹੈ ਜਿੱਥੇ ਪੰਜਾਬ ਭਰ ਤੋਂ ਹਜ਼ਾਰਾਂ ਦੀ ਗਿਣਤੀ ‘ਚ ਸੰਗਤਾਂ ਨਮਸਤਕ ਹੁੰਦੀਆਂ ਹਨ।ਇਸ ਮੇਲੇ ਦੌਰਾਨ ਪੋਲੀਵੁੱਡ ਇੰਡਸਟਰੀ ਦੀ ਮਾਣਮੱਤੀ ਸ਼ਖ਼ਸੀਅਤ, ਫਿਲਮ ਨਿਰਮਾਤਾ ਭਾਨਾ ਐਲ.ਏ ਅਤੇ ਹੰਬਲ ਮਿਊਜ਼ਿਕ ਦੀ ਅਗਵਾਈ ਹੇਠ ਬਹੁਤ ਹੀ ਸੁਚੱਜੇ ਢੰਗ ਨਾਲ ਇਕ ਵੱਡਾ ਸੱਭਿਆਚਾਰਕ ਮੇਲਾ ਕਰਵਾਇਆ ਜਾਂਦਾ ਹੈ ਜਿੱਥੇ ਪੰਜਾਬ ਦੇ ਅਨੇਕਾਂ ਸਟਾਰ ਕਲਾਕਾਰ ਆਪਣੀ ਹਾਜ਼ਰੀ ਭਰਦੇ ਹੋਏ ਗਾਇਕੀ ਦੇ ਜੌਹਰ ਦਿਖਾਉਦੇਂ ਹਨ।
ਜ਼ਿਕਰਯੋਗ ਹੈ ਕਿ ਇਹ ਮੇਲਾ ਪੰਜਾਬ ਦੇ ਉੱਚ ਚੋਟੀ ਦੇ ਸੱਭਿਆਚਾਰਕ ਮੇਲਿਆਂ ‘ਚ ਪਹਿਲੇ ਸਥਾਨ ਤੇ ਹੈ ਜਿੱਥੇ ਹਰ ਸਾਲ 3 ਦਰਜਨ ਦੇ ਕਰੀਬ ਵੱਡੇ ਨਾਮੀ ਕਲਾਕਾਰ ਆਪਣੀ ਹਾਜ਼ਰੀ ਭਰਦੇ ਹਨ। ਮੇਲਾ ਕਠਾਰ ਦਾ ਹੁਣ ਆਪਣੇ 27ਵੇਂ ਸਾਲ ਵਿਚ ਪਹੁੰਚ ਗਿਆ ਹੈ ਜੋ ਕਿ ਅੱਜ 13 ਸਤੰਬਰ ਤੋਂ ਸ਼ੁਰੂ ਹੋਣ ਜਾ ਰਿਹਾ ਹੈ।
ਇਸ ਮੌਕੇ ਪੰਜਾਬ ਦੇ ਨਾਮੀ ਗਾਇਕ ਕਰਮਜੀਤ ਅਨਮੋਲ, ਮਾਸਟਰ ਸਲੀਮ, ਗੁਲਾਬ ਸਿੱਧੂ, ਗੁਰਲੇਜ਼ ਅਖਤਰ,ਕੁਲਵਿੰਦਰ ਕੈਲੀ, ਜੈਲੀ, ਜੀ ਖਾਨ, ਹੈਪੀ ਰਾਏਕੋਟੀ, ਦਿਲਪ੍ਰੀਤ ਢਿਲੋਂ, ਸਿੰਘਾ, ਜੈਸਮੀਨ ਅਖਤਰ, ਸਲੀਨਾ ਸ਼ੈਲੀ, ਹਸਮਤ ਸੁਲਤਾਨਾ, ਸੰਗਰਾਮ, ਰਣਵੀਰ, ਸਤਕਾਰ ਸੰਧੂ, ਮਨਜੀਤ ਸਹੋਤਾ, ਬਾਗੀ, ਰਵਾਬ,ਦੀਪ ਬਾਜਵਾ, ਅਮਰ ਜਲਾਲ, ਟੀਪੂ ਸੁਲਤਾਨ, ਦਰਸ਼ਨਜੀਤ ਸਿੰਘ,ਸਾਭਾ, ਜਾਫਰ, ਪੱਪੀ ਗਿੱਲ ਅਤੇ ਹੁਸਨ ਆਦਿ ਕਲਾਕਾਰ ਆਪਣੀ ਗਾਇਕੀ ਨਾਲ ਦਰਸ਼ਕਾਂ ਦਾ ਮਨੋਰੰਜਨ ਕਰਨਗੇ।
ਦੱਸ ਦਈਏ ਕਿ ਪਿੰਡ ਕਠਾਰ ਜਲੰਧਰ ਤੋਂ ਹੁਸ਼ਿਆਰਪੁਰ ਰੋਡ ਤੇ ਸਥਿਤ ਹੈ।