ਪੁਰਾਣੇ ਸਿਵਲ ਹਸਪਤਾਲ ਫਾਜਿਲਕਾ ਵਿਖੇ ਲਗਾਇਆ ਖੂਨਦਾਨ ਕੈਂਪ
ਡਿਪਟੀ ਕਮਿਸ਼ਨਰ, ਐਸ.ਐਸ.ਪੀ. ਤੇ ਵਧੀਕ ਡਿਪਟੀ ਕਮਿਸ਼ਨਰ ਨੇ ਕੀਤੀ ਸ਼ਮੂਲੀਅਤ
5 Dariya News
ਫਾਜ਼ਿਲਕਾ 05-Sep-2024
‘ਖੂਨਦਾਨ ਮਹਾਦਾਨ ਹੈ’ ਇਸ ਗੱਲ ਦੀ ਅਹਮਿਅਤ ਸਮਝਾਉਣ ਅਤੇ ਵੱਧ ਤੋਂ ਵੱਧ ਖੂਨਦਾਨ ਲਈ ਲੋਕਾਂ ਨੂੰ ਪ੍ਰੇਰਿਤ ਕਰਨ ਦੇ ਮਕਸਦ ਨਾਲ ਪੁਰਾਣੇ ਸਿਵਲ ਹਸਪਤਾਲ ਫਾਜ਼ਿਲਕਾ ਵਿਖੇ ਖੂਨਦਾਨ ਕੈਂਪ ਲਗਾਇਆ ਗਿਆ ਤੇ ਲੋਕਾਂ ਨੂੰ ਖੂਨਦਾਨ ਸਬੰਧੀ ਪ੍ਰੇਰਿਤ ਕੀਤਾ ਗਿਆ। ਇਹ ਖੂਨਦਾਨ ਕੈਂਪ ਅਮਰ ਸ਼ਹੀਦ ਲਾਲਾ ਜਗਤ ਨਰਾਇਣ ਦੀ 43ਵੀਂ ਬਰਸੀ ਨੂੰ ਸਮਰਪਿਤ ਲਗਾਇਆ ਗਿਆ ਹੈ।
ਇਸ ਦੌਰਾਨ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ, ਐਸ.ਐਸ.ਪੀ. ਵਰਿੰਦਰ ਸਿੰਘ ਬਰਾੜ ਤੇ ਵਧੀਕ ਡਿਪਟੀ ਕਮਿਸ਼ਨਰ ਰਾਕੇਸ਼ ਕੁਮਾਰ ਪੋਪਲੀ ਨੇ ਸ਼ਮੂਲੀਅਤ ਕੀਤੀ। ਡਿਪਟੀ ਕਮਿਸ਼ਨਰ ਨੇ ਸੰਬੋਧਨ ਕਰਦਿਆਂ ਲੋਕਾਂ ਨੂੰ ਖੂਨਦਾਨ ਦੇ ਲਾਭ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਖੂਨਦਾਨ ਕਰਕੇ ਅਸੀਂ ਹਜ਼ਾਰਾਂ-ਲੱਖਾਂ ਜ਼ਿੰਦਗੀਆਂ ਬਚਾ ਸਕਦੇ ਹਾਂ। ਉਨ੍ਹਾਂ ਕਿਹਾ ਕਿ ਸਮਾਜ ਭਲਾਈ ਹਿਤ ਕਾਰਜਾਂ ਵਿਚ ਹਰੇਕ ਨਾਗਰਿਕ ਨੂੰ ਆਪਣੀ ਬਣਦੀ ਭੀਗਦਾਰੀ ਪਾਉਂਣੀ ਚਾਹੀਦੀ ਹੈ।
ਉਨ੍ਹਾਂ ਕਿਹਾ ਕਿ ਜਦੋਂ ਕਦੇ ਵੀ ਆਲੇ-ਦੁਆਲੇ ਸਿਹਤ ਵਿਭਾਗ ਵੱਲੋਂ ਖੁਨਦਾਨ ਕੈਂਪ ਲਗਾਏ ਜਾਂਦੇ ਹਨ ਤਾਂ ਵੱਧ ਚੜ੍ਹ ਕੇ ਹਿਸਾ ਲੈਣਾ ਚਾਹੀਦਾ ਹੈ। ਇਸ ਤੋਂ ਇਲਾਵਾ ਲੋਕਾਂ ਦੇ ਮਨਾਂ ਵਿਚ ਧਾਰਨਾ ਹੁੰਦੀ ਹੈ ਕਿ ਕਿ ਖੂਨਦਾਨ ਕਰਨ ਨਾਲ ਸ਼ਰੀਰਿਕ ਤੌਰ *ਤੇ ਵਿਅਕਤੀ ਕਮਜੋਰ ਹੋ ਜਾਂਦਾ ਹੈ, ਬਲਕਿ ਖੂਨਦਾਨ ਕਰਨ ਨਾਲ ਸ਼ਰੀਰ ਅੰਦਰ ਖੂਨ ਦਾ ਪ੍ਰਸ਼ਾਰ ਠੀਕ ਢੰਗ ਨਾਲ ਚੱਲਦਾ ਰਹਿੰਦਾ ਹੈ ਤੇ ਸਮੇਂ ਅਨੁਸਾਰ ਹੋਰ ਖੂਨ ਬਣਦਾ ਰਹਿੰਦਾ ਹੈ।
ਉਨ੍ਹਾਂ ਕਿਹਾ ਕਿ ਖੂਨਦਾਨ ਕਰਨ ਦਾ ਫੈਸਲਾ ਇੱਕ ਜਾਂ ਕਈ ਜ਼ਿੰਦਗੀਆਂ ਬਚਾ ਸਕਦਾ ਹੈ ਕਿਉਂਕਿ ਇਸਨੂੰ ਲਾਲ ਸੈੱਲਾਂ, ਪਲੇਟਲੈਟਾਂ ਅਤੇ ਪਲਾਜ਼ਮਾਂ ਵਿੱਚ ਵੱਖ-ਵੱਖ ਕੀਤਾ ਜਾਂਦਾ ਹੈ ਅਤੇ ਮਰੀਜਾਂ ਨੂੰ ਉਨ੍ਹਾਂ ਦੀ ਲੋੜ ਮੁਤਾਬਿਕ ਦਿੱਤੇ ਜਾ ਸਕਦੇ ਹਨ। ਖੂਨਦਾਨ ਕਰਨ ਵਾਲੇ ਨੂੰ ਵੀ ਇਸਦੇ ਬਹੁਤ ਫਾਇਦੇ ਹੁੰਦੇ ਹਨ। ਖੂਨਦਾਨ ਨਾਲ ਦਿਲ ਦਾ ਦੌਰਾ ਅਤੇ ਸਟ੍ਰੋਕ ਅਟੈਕ ਹੋਣ ਦੀ ਸੰਭਾਵਨਾ ਵੀ ਘੱਟਦੀ ਹੈ। ਖੂਨਦਾਨ ਤੋਂ ਬਾਅਦ ਸਰੀਰ ਨਵੇਂ ਪਲਾਜ਼ਮਾ ਅਤੇ ਸੈੱਲ ਬਣਾਉਂਦਾ ਹੈ, ਜਿਸ ਨਾਲ ਸਾਡਾ ਸਰੀਰ ਵਧੇਰੇ ਸਿਹਤਮੰਦ ਹੁੰਦਾ ਹੈ।
ਇਸ ਮੌਕੇ ਉਨ੍ਹਾਂ ਖੂਨਦਾਨ ਕਰਨ ਵਾਲਿਆਂ ਨੁੰ ਸਨਮਾਨਿਤ ਵੀ ਕੀਤਾ ਅਤੇ ਖੂਨਦਾਨ ਕਰਨ ਵਾਲਿਆਂ ਦੀ ਹੌਸਲਾਅਫਜਾਈ ਵੀ ਕੀਤੀ। ਇਸ ਮੌਕੇ ਕਾਰਜਕਾਰੀ ਸਿਵਲ ਸਰਜਨ ਡਾ. ਐਡੀਸਨ ਐਰਿਕ, ਡਾ. ਅਰਪਿਤ ਗੁਪਤਾ, ਡਾ. ਰੋਹਿਤ ਗੋਇਲ, ਡਾ. ਨਿਸ਼ਾਂਤ ਸੇਤੀਆ, ਜ਼ਿਲ੍ਹਾ ਮਾਸ ਮੀਡੀਆ ਅਫਸਰ ਵਿਨੋਦ ਖੁਰਾਣਾ ਅਤੇ ਸਿਹਤ ਵਿਭਾਗ ਦੇ ਹੋਰ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।