5 Dariya News

ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਰਾਸ਼ਟਰੀ ਖੇਡ ਦਿਵਸ ਮੌਕੇ ਬਾਸਕਟਬਾਲ ਦਾ ਸ਼ੋਅ ਮੈਚ ਕਰਵਾਇਆ

5 Dariya News

ਬੁਢਲਾਡਾ (ਤਰਸੇਮ ਸਰਮਾਂ) 01-Sep-2024

ਸਰੀਰਕ ਸਿੱਖਿਆ ਵਿਭਾਗ ਗੁਰੂ ਨਾਨਕ ਕਾਲਜ ਬੁਢਲਾਡਾ ਵੱਲੋਂ ਰਾਸ਼ਟਰੀ ਖੇਡ ਦਿਵਸ ਮੌਕੇ ਬਾਸਕਟਬਾਲ ਦਾ ਸ਼ੋਅ ਮੈਚ ਕਰਵਾਇਆ ਅਤੇ ਫਿੱਟਨੈੱਸ ਸਬੰਧੀ ਪੀ. ਟੀ. ਅਤੇ ਹੋਰ ਕਸਰਤਾਂ ਕਰਵਾਈਆਂ ਗਈਆਂ। ਪ੍ਰਿੰਸੀਪਲ  ਡਾ. ਨਰਿੰਦਰ ਸਿੰਘ ਨੇ ਸੰਬੋਧਨ ਕਰਦਿਆਂ ਇਸ ਦਿਨ ਦੀ ਮਹੱਤਤਾ ਅਤੇ ਇਤਿਹਾਸ ਤੋਂ ਜਾਣੂ ਕਰਵਾਉਂਦਿਆਂ ਕਿਹਾ ਕਿ ਭਾਰਤ ਵਿਚ ‘ਰਾਸ਼ਟਰੀ ਖੇਡ ਦਿਵਸ’ 29 ਅਗਸਤ ਨੂੰ ਹਾਕੀ ਖਿਡਾਰੀ ਮੇਜਰ ਧਿਆਨ ਚੰਦ ਦੇ ਜਨਮ ਦਿਨ ਮੌਕੇ ਜਾਂਦਾ ਹੈ। 

ਖਿਡਾਰੀ ਮੇਜਰ ਧਿਆਨ ਚੰਦ ਨੇ ਸਾਲ 1928, 1932 ਅਤੇ 1936 ਵਿਚ ਭਾਰਤ ਲਈ ਓਲੰਪਿਕ ਵਿਚ ਸੋਨ ਤਗਮੇ ਜਿੱਤੇ ਸਨ।  ਖਿਡਾਰੀ ਮੇਜਰ ਧਿਆਨ ਚੰਦ ਦੀ ਸਵੈਜੀਵਨੀ ਮੁਤਾਬਿਕ ਉਸ ਨੇ ਆਪਣੇ ਕੈਰੀਅਰ ਵਿਚ 1926 ਤੋਂ 1949 ਤੱਕ 570 ਗੋਲ ਕੀਤੇ ਸਨ।  ਉਨ੍ਹਾਂ ਕਿਹਾ ਕਿ ਭਾਰਤ ਵਿਚ ਖੇਡਾਂ ਅਤੇ ਖੇਡਾਂ ਵਿਚ ਜੀਵਨ ਭਰ ਦੀ ਪ੍ਰਾਪਤੀ ਲਈ ਸਭ ਤੋਂ ਵੱਡਾ ਪੁਰਸਕਾਰ ‘ਮੇਜਰ ਧਿਆਨ ਚੰਦ ਅਵਾਰਡ’ ਹੈ। 

ਇਸ ਮੌਕੇ ਸਰੀਰਕ ਸਿੱਖਿਆ ਵਿਭਾਗ ਦੇ ਮੁਖੀ ਪ੍ਰੋ. ਰਮਨਦੀਪ ਸਿੰਘ ਨੇ ਵਿਦਿਆਰਥੀਆਂ ਨੂੰ ਖੇਡਾਂ ਤੋਂ ਜੀਵਨ ਜਾਚ ਅਤੇ ਅਨੁਸ਼ਾਸਨ ਸਿੱਖਣ ਲਈ ਉਤਸ਼ਾਹਿਤ ਕੀਤਾ। ਉਨ੍ਹਾਂ ਕਿਹਾ ਕਿ ਖੇਡਾਂ ਸਾਡੇ ਜੀਵਨ ਨੂੰ ਨਿਰੋਗ ਰੱਖਣ ਦੇ ਨਾਲ ਅਨੁਸ਼ਾਸਿਤ ਜੀਵਨ ਸਿਖਾਉਂਦੀਆਂ ਹਨ। ਇਸ ਮੌਕੇ ਵਾਈਸ ਪ੍ਰਿੰਸੀਪਲ ਡਾ. ਰੇਖਾ ਕਾਲੜਾ, ਸਮੂਹ ਸਟਾਫ ਅਤੇ ਵਿਦਿਆਰਥੀ ਹਾਜ਼ਰ ਸਨ।