5 Dariya News

ਪੰਜਾਬ ਦੇ ਅਮੀਰ ਵਿਰਸੇ ਨਾਲ ਸਾਂਝ ਪੁਆਏਗਾ ‘ਤੀਆਂ ਦਾ ਮੇਲਾ’

ਪਿੰਡ ਭਲਾਈਆਣਾ ਵਿਖੇ ਹੋਵੇਗਾ ਸਮਾਗਮ, ਤਿਆਰੀਆਂ ਲਈ ਹੋਈ ਬੈਠਕ

5 Dariya News

ਭਲਾਈਆਣਾ/ ਸ੍ਰੀ ਮੁਕਤਸਰ ਸਾਹਿਬ 21-Aug-2024

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਅਮੀਰ ਵਿਰਸੇ ਨੂੰ ਸਮਰਪਿਤ ‘ਤੀਆਂ ਦਾ ਮੇਲਾ’ ਪ੍ਰੋਗਰਾਮ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਭਲਾਈਆਣਾ ਵਿਖੇ ਆਉਣ ਵਾਲੇ ਦਿਨਾਂ ਵਿੱਚ ਕਰਵਾਇਆ ਜਾ ਰਿਹਾ ਹੈ। ਇਸ ਸਬੰਧੀ ਤਿਆਰੀਆਂ ਸਬੰਧੀ ਡਿਪਟੀ ਕਮਿਸ਼ਨਰ ਸ੍ਰੀ ਰਾਜੇਸ਼ ਤ੍ਰਿਪਾਠੀ ਦੇ ਨਿਰਦੇਸ਼ਾਂ ਅਨੁਸਾਰ ਐਸ.ਡੀ.ਐਮ. ਡਾ: ਸੰਜੀਵ ਕੁਮਾਰ ਨੇ ਭਲਾਈਆਣਾ ਵਿਖੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਨਾਲ ਬੈਠਕ ਕੀਤੀ।

ਇਸ ਮੌਕੇ ਐਸਡੀਐਮ ਡਾ: ਸੰਜੀਵ ਕੁਮਾਰ ਨੇ ਆਖਿਆ ਕਿ ਇਹ ਸਮਾਗਮ ਜਿੱਥੇ ਪੰਜਾਬੀ ਸੱਭਿਆਚਾਰ ਅਤੇ ਵਿਰਸੇ ਦੀ ਗੱਲ ਕਰੇਗਾ ਉੱਥੇ ਹੀ ਇਹ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਨਾਮਣਾ ਖੱਟਣ ਵਾਲੀਆਂ ਔਰਤਾਂ ਦੀਆਂ ਪ੍ਰਾਪਤੀਆਂ ਦੀਆਂ ਪ੍ਰੇਰਕ ਕਹਾਣੀਆਂ ਤੋਂ ਵੀ ਸਮਾਜ ਨੂੰ ਜਾਣੂੰ ਕਰਾਵਾਉਣ ਦਾ ਮਾਧਿਅਮ ਬਣੇਗਾ। ਇਸ ਮੌਕੇ ਉਨ੍ਹਾਂ ਨੇ ਦੱਸਿਆ ਕਿ ਇਸ ਪ੍ਰੋਗਰਾਮ ਦੌਰਾਨ ਤਿੰਨ ਦਿਨ ਵੱਖ-ਵੱਖ ਸਭਿਆਚਾਰਕ ਵੰਨਗੀਆਂ ਵੇਖਣ ਨੂੰ ਮਿਲਣਗੀਆਂ। 

ਪੰਜਾਬ ਦੀਆਂ ਵਿਰਾਸਤੀ ਖੇਡਾਂ ਦੇ ਰੋਚਕ ਮੁਕਾਬਲੇ ਵੀ ਦਰਸ਼ਕਾਂ ਲਈ ਖਿੱਚ ਦਾ ਕੇਂਦਰ ਹੋਣਗੇ ਅਤੇ ਵਿਰਾਸਤੀ ਹੁਨਰਾਂ ਦੇ ਮੁਕਾਬਲੇ ਨਵੀਂ ਪੀੜ੍ਹੀ ਦੀ ਵਿਰਾਸਤ ਨਾਲ ਸਾਂਝ ਪੁਆਉਣਗੇ। ਇਸੇ ਤਰ੍ਹਾਂ ਔਰਤਾਂ ਵੱਲੋਂ ਚਲਾਏ ਜਾ ਰਹੇ ਸਵੈ ਸਹਾਇਤਾਂ ਸਮੂਹਾਂ ਵੱਲੋਂ ਵੀ ਸਟਾਲ ਲਗਾਏ ਜਾਣਗੇ। ਵਿਰਾਸਤੀ ਭੋਜਨ ਉਪਲਬੱਧ ਹੋਣਗੇ। ਸੈਲਫੀ ਕਾਰਨਰ, ਮਹਿੰਦੀ ਕਾਰਨਰ, ਪੀਂਘਾਂ, ਸਫਲ ਔਰਤਾਂ ਦੇ ਜੀਵਨ ਦੀਆਂ ਕਹਾਣੀਆਂ ਵੀ ਦੱਸੀਆਂ ਜਾਣਗੀਆਂ।

ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ੍ਰੀ ਸੁਰਿੰਦਰ ਸਿੰਘ ਢਿੱਲੋਂ, ਐਸ.ਡੀ.ਐਮ. ਸ੍ਰੀ ਮੁਕਤਸਰ ਸਾਹਿਬ ਸ੍ਰੀਮਤੀ ਬਲਜੀਤ ਕੌਰ, ਡੀ.ਐਸ.ਪੀ. ਸ੍ਰੀ ਅਵਤਾਰ ਸਿੰਘ ਰਾਜਪਾਲ, ਸਿਵਲ ਸਰਜਨ ਡਾ: ਜਗਦੀਪ ਚਾਵਲਾ, ਜ਼ਿਲ੍ਹਾ ਭਾਸ਼ਾ ਅਫ਼ਸਰ ਸ੍ਰੀਮਤੀ ਜਗਰੀਤ ਕੌਰ, ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਜਸਪਾਲ ਮੋਂਗਾ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ੍ਰੀ ਕਪਿਲ ਸ਼ਰਮਾ ਤੋਂ ਇਲਾਵਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਹਾਜ਼ਰ ਸਨ।