ਨਸ਼ੇ ਦਾ ਖਾਤਮਾ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਅਧਿਕਾਰੀ ਤੈਅ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ : ਵਧੀਕ ਡਿਪਟੀ ਕਮਿਸ਼ਨਰ
ਨਸ਼ਾ ਵੇਚਣ ਵਾਲਿਆਂ ਦੀ ਜਾਣਕਾਰੀ ਪੁਲੀਸ ਵਿਭਾਗ ਨਾਲ ਕੀਤੀ ਜਾਵੇ ਸਾਂਝੀ, ਪਛਾਣ ਰੱਖੀ ਜਾਵੇਗੀ ਗੁਪਤ - ਐੱਸ.ਪੀ. ਰੁਪਿੰਦਰ ਕੌਰ ਸਰਾਂ
5 Dariya News
ਰੂਪਨਗਰ 25-Jun-2024
ਪੰਜਾਬ ਸਰਕਾਰ ਵੱਲੋਂ ਸੂਬੇ ਵਿੱਚ ਨਸ਼ੇ ਦਾ ਖ਼ਾਤਮਾ ਕਰਨ ਲਈ ਚਲਾਈ ਗਈ ਮੁਹਿੰਮ ਤਹਿਤ ਰੂਪਨਗਰ ਜ਼ਿਲ੍ਹੇ ਵਿੱਚ ਵੀ ਨਸ਼ੇ 'ਤੇ ਠੱਲ ਪਾਉਣ ਲਈ ਤੇ ਆਮ ਲੋਕਾਂ ਦੀ ਮੱਦਦ ਨਾਲ ਨਸ਼ਾ ਤਸਕਰਾਂ ਖਿਲਾਫ ਵਿਆਪਕ ਪੱਧਰ 'ਤੇ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਗੁੰਮਰਾਹ ਹੋਏ ਨੌਜਵਾਨਾਂ ਨੂੰ ਜਾਗੂਰਕ ਕਰਕੇ ਇਲਾਜ ਕਰਵਾਉਣ ਲਈ ਪੇ੍ਰਿਤ ਕੀਤਾ ਜਾ ਰਿਹਾ ਹੈ, ਇਸ ਲਈ ਨਸ਼ਾ ਮੁਹਿੰਮ ਤਹਿਤ ਹਰ ਅਧਿਕਾਰੀ ਤੈਅ ਕੀਤੀ ਗਈ ਜ਼ਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਉਣ ਤਾਂ ਜੋ ਇਸ ਮੁਹਿੰਮ ਨੂੰ ਸਫਲ ਬਣਾਇਆ ਜਾ ਸਕੇ।
ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਧੀਕ ਡਿਪਟੀ ਕਮਿਸ਼ਨਰ (ਜ) ਰੂਪਨਗਰ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਨਾਰਕੋ ਕੋਰਡੀਨੈਸ਼ਨ ਸੈਂਟਰ (ਨਕਾਰਡ) ਪ੍ਰਣਾਲੀ ਦੀ ਮੀਟਿੰਗ ਦੌਰਾਨ ਕੀਤਾ। ਮੀਟਿੰਗ 'ਚ ਸਿਵਲ ਅਤੇ ਪੁਲਿਸ ਦੇ ਉੱਚ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਸ਼੍ਰੀਮਤੀ ਪੂਜਾ ਸਿਆਲ ਗਰੇਵਾਲ ਨੇ ਕਿਹਾ ਕਿ ਨਸ਼ਾ ਮੁਕਤ ਮੁਹਿੰਮ ਨੂੰ ਸਫਲ ਕਰਨ ਲਈ ਅਧਿਕਾਰੀ ਕੜੀ ਮਿਹਨਤ ਕਰਨ ਅਤੇ ਹਰ ਪੱਧਰ ਉਤੇ ਭਾਵੇਂ ਉਹ ਨਸ਼ਾ ਤਸਕਰਾਂ ਖਿਲਾਫ ਕਾਰਵਾਈ ਹੋਵੇ ਜਾਂ ਫਿਰ ਨਸ਼ਾ ਪੀੜ੍ਹਤਾਂ ਦਾ ਇਲਾਜ ਕਰਵਾਉਣ ਵਿਚ ਕੋਈ ਕਸਰ ਨਾ ਛੱਡਣ।
ਉਨ੍ਹਾਂ ਐਸ.ਡੀ.ਐਮਜ਼ ਨੂੰ ਹਦਾਇਤ ਕਰਦਿਆਂ ਕਿਹਾ ਕਿ ਆਪਣੇ ਆਪਣੇ ਬਲਾਕ ਵਿੱਚ ਚੈਕਿੰਗਾਂ ਕੀਤੀਆਂ ਜਾਣ। ਪਿੰਡਾਂ ਵਿੱਚ ਜਾ ਕੇ ਪਟਵਾਰੀ, ਪੰਚਾਇਤ ਸਕੱਤਰਾਂ, ਥਾਣਾ ਮੁਖੀਆਂ ਨੂੰ ਨਾਲ ਲੈ ਕੇ ਸਰਪੰਚਾਂ ਤੇ ਹੋਰ ਮੋਹਤਬਰਾਂ ਨਾਲ ਮੀਟਿੰਗਾਂ ਕੀਤੀਆਂ ਜਾਣ। ਮੀਟਿੰਗ ਦੌਰਾਨ ਉਨ੍ਹਾਂ ਡਰੱਗ ਇੰਸਪੈਕਟਰ ਹਰਪ੍ਰੀਤ ਕੌਰ ਨੂੰ ਪੁਲਿਸ ਵਿਭਾਗ ਦੀ ਟੀਮ ਦੇ ਸਹਿਯੋਗ ਨਾਲ ਸੰਯੁਕਤ ਰੂਪ ਵਿਚ ਕੈਮਿਸਟਾਂ ਦੀ ਚੈਕਿੰਗ ਕਰਨ ਲਈ, ਸਿੱਖਿਆ ਵਿਭਾਗ ਨੂੰ ਸਕੂਲਾਂ ਤੇ ਕਾਲਜਾਂ ਵਿੱਚ ਸਾਂਝ ਕੇਂਦਰ ਤੇ ਹੋਰ ਵਿਭਾਗਾਂ ਦੀ ਸਹਾਇਤਾ ਨਾਲ ਕਰਾਏ ਜਾਂਦੇ ਸੈਮੀਨਾਰਾਂ ਨੂੰ ਹੋਰ ਜਿਆਦਾ ਵਧਾਉਣ ਸਬੰਧੀ, ਸਕੂਲਾਂ ਦੇ ਬੱਚਿਆਂ ਨੂੰ ਲੋਕਲ ਥਾਣਿਆਂ ਦੀ ਵਿਜਿਟ ਕਰਵਾਉਣ ਸਬੰਧੀ, ਜ਼ਿਲ੍ਹਾ ਖੇਡ ਅਫ਼ਸਰ ਨੂੰ ਨਸ਼ਾ ਛੱਡ ਚੁੱਕੇ ਨੌਜ਼ਵਾਨਾਂ ਨੂੰ ਖੇਡਾਂ ਵੱਲ ਪ੍ਰੇਰਿਤ ਕਰਨ ਤੇ ਪਿੰਡਾਂ ਦੇ ਖੇਡ ਮੈਦਾਨਾਂ, ਸਿਹਤ ਵਿਭਾਗ ਨੂੰ ਨਸ਼ਾ ਛੁਡਾਉ ਕੇਂਦਰਾਂ ਵਿੱਚ ਯੋਗ ਸੈਸ਼ਨ ਚਲਾਉਣ, ਬਿਨ੍ਹਾਂ ਪ੍ਰਵਾਨਗੀ ਦੇ ਚਲੇ ਜਾਂਦੇ ਨਸ਼ਾ ਛੁਡਾਉ ਕੇਂਦਰਾਂ ਦੀ ਚੈਕਿੰਗ ਕਰ ਕੇ ਬੰਦ ਕਰਨ, ਜੀ.ਐਸ.ਟੀ. ਦੀ ਫਲਾਇੰਗ ਸਕੂਐਡ ਟੀਮ ਨੂੰ ਚੈਕਿੰਗ ਕਰਨ ਸਬੰਧੀ ਅਤੇ ਨੌਜ਼ਵਾਨਾਂ ਨਾਲ ਮੀਟਿੰਗ ਕਰਨ ਸਬੰਧੀ ਹਦਾਇਤ ਜਾਰੀ ਕੀਤੀ ਅਤੇ ਅਗਲੀ ਕੀਤੀ ਹੋਣ ਵਾਲੀ ਮੀਟਿੰਗ ਵਿੱਚ ਕੀਤੇ ਗਏ ਕੰਮਾਂ ਦੀ ਨਾਲ ਰਿਪੋਰਟ ਲੈ ਕੇ ਆਉਣ ਦੀ ਸਖ਼ਤ ਹਦਾਇਤ ਕੀਤੀ ਗਈ।
ਇਸ ਮੌਕੇ ਐੱਸ.ਪੀ. (ਇਨਵੇਸਟੀਗੇਸ਼ਨ) ਸ਼੍ਰੀਮਤੀ ਰੁਪਿੰਦਰ ਕੌਰ ਸਰਾਂ ਨੇ ਕਿਹਾ ਕਿ ਪੰਜਾਬ ਨੂੰ ਨਸ਼ਾ ਮੁਕਤ ਕਰਨ ਲਈ ਵਿੱਢੀ ਗਈ ਮੁਹਿੰਮ ਵਿੱਚ ਸਾਨੂੰ ਸਾਰਿਆਂ ਨੂੰ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ ਤਾਂ ਜੋ ਪੰਜਾਬ ਨੂੰ ਨਸ਼ਾ ਮੁਕਤ ਕਰਕੇ ਨੌਜਵਾਨੀ ਨੂੰ ਬਚਾਇਆ ਜਾ ਸਕੇ। ਉਨ੍ਹਾਂ ਕਿਹਾ ਕਿ ਨਸ਼ਾ ਸਾਡੇ ਸਮਾਜ ਲਈ ਇੱਕ ਵੱਡਾ ਕਲੰਕ ਹੈ, ਜਿਸ ਨੂੰ ਪਹਿਲ ਦੇ ਆਧਾਰ ਤੇ ਖਤਮ ਕਰਨ ਲਈ ਸਾਨੂੰ ਸਭ ਨੂੰ ਅੱਗੇ ਆਉਣਾ ਚਾਹੀਦਾ ਹੈ ਤੇ ਆਪਣਾ ਬਣਦਾ ਯੋਗਦਾਨ ਪਾਉਣਾ ਚਾਹੀਦਾ ਹੈ।
ਉਨ੍ਹਾਂ ਕਿਹਾ ਕਿ ਜੇਕਰ ਕੋਈ ਨਸ਼ਾ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਪੁਲੀਸ ਵਿਭਾਗ ਨਾਲ ਸਾਂਝੀ ਕੀਤੀ ਜਾਵੇ, ਜਾਣਕਾਰੀ ਦੇਣ ਵਾਲੇ ਦੀ ਪਛਾਣ ਗੁਪਤ ਰੱਖੀ ਜਾਵੇਗੀ। ਉਨ੍ਹਾਂ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਅਪੀਲ ਕੀਤੀ ਕਿ ਉਹ ਵੀ ਇਸ ਮੁਹਿੰਮ ਵਿੱਚ ਵੱਧ ਚੜ੍ਹ ਕੇ ਹਿੱਸਾ ਪਾਉਣ।
ਇਸ ਮੀਟਿੰਗ ਵਿੱਚ ਐਸ.ਡੀ.ਐਮ. ਸ੍ਰੀ ਅਨੰਦਪੁਰ ਸਾਹਿਬ ਸ. ਰਾਜਪਾਲ ਸਿੰਘ ਸੇਖੋਂ, ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ, ਐਸ.ਡੀ.ਐਮ. ਨੰਗਲ ਸ਼੍ਰੀਮਤੀ ਅਨਮਜੋਤ ਕੌਰ, ਐਸ.ਡੀ.ਐਮ. ਮੋਰਿੰਡਾ ਸ. ਸੁਖਪਾਲ ਸਿੰਘ, ਡੀ.ਐਸ.ਪੀ. ਸ. ਗੁਰਮੀਤ ਸਿੰਘ, ਸਿਵਲ ਸਰਜਨ ਡਾ. ਮਨੂੰ ਵਿੱਜ, ਜ਼ਿਲ੍ਹਾ ਜੰਗਲਾਤ ਅਫ਼ਸਰ ਸ. ਹਰਜਿੰਦਰ ਸਿੰਘ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸ.ਸੁਰਿੰਦਰਪਾਲ ਸਿੰਘ, ਸੀਨੀਅਰ ਮੈਡੀਕਲ ਅਫ਼ਸਰ ਡਾ. ਬਲਦੇਵ ਸਿੰਘ ਅਤੇ ਹੋਰ ਉੱਚ ਅਧਿਕਾਰੀ ਹਾਜ਼ਰ ਹੋਏ।