5 Dariya News

ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ 37.50 ਲੱਖ ਦੀ ਲਾਗਤ ਵਾਲੀਆਂ 5 ਨਵੀਂਆਂ ਟਾਟਾ ਏਸ ਗੱਡੀਆਂ ਹਰੀ ਝੰਡੀ ਦਿਖਾ ਕੇ ਰਵਾਨਾ

ਸੰਗਰੂਰ ਸ਼ਹਿਰ ਨੂੰ ਕੂੜਾ ਕਰਕਟ ਤੋਂ ਮੁਕਤ ਕਰਨ ਲਈ ਸਾਰਥਕ ਉਪਰਾਲੇ ਜਾਰੀ: ਨਰਿੰਦਰ ਕੌਰ ਭਰਾਜ

5 Dariya News

ਸੰਗਰੂਰ 21-Jun-2024

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਅੱਜ ਸੰਗਰੂਰ ਸ਼ਹਿਰ ਨੂੰ ਕੂੜਾ ਕਰਕਟ ਤੋਂ ਮੁਕਤ ਕਰਨ ਲਈ ਚੁੱਕੇ ਜਾ ਰਹੇ ਸਾਰਥਕ ਕਦਮਾਂ ਦੀ ਅਹਿਮ ਕੜੀ ਵਜੋਂ 5 ਨਵੀਂਆਂ ਟਾਟਾ ਏਸ ਗੱਡੀਆਂ ਨੂੰ ਹਰੀ ਝੰਡੀ ਦਿਖਾ ਕੇ ਰਵਾਨਾ ਕੀਤਾ। ਉੱਪਲੀ ਰੋਡ ’ਤੇ ਸਥਿਤ ਫਾਇਰ ਬ੍ਰਿਗੇਡ ਦਫ਼ਤਰ ਤੋਂ ਗੱਡੀਆਂ ਨੂੰ ਰਵਾਨਾ ਕਰਨ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਦਿਸ਼ਾ ਨਿਰਦੇਸ਼ਾਂ ਹੇਠ ਸੰਗਰੂਰ ਹਲਕੇ ਨੂੰ ਹਰ ਪੱਖੋਂ ਮੋਹਰੀ ਬਣਾਉਣ ਦੀ ਦਿਸ਼ਾ ਵਿੱਚ ਅਸੀਂ ਨਿਰੰਤਰ ਕਾਰਜਸ਼ੀਲ ਹਾਂ ।

ਇਸੇ ਕੜੀ ਤਹਿਤ ਸੰਗਰੂਰ ਸ਼ਹਿਰ ਵਿੱਚ ਕੂੜੇ ਦੇ ਉਚਿਤ ਨਿਪਟਾਰੇ ਤੇ ਯੋਜਨਾਬੱਧ ਪ੍ਰਬੰਧਨ ਲਈ ਅੱਜ 37.50 ਲੱਖ ਰੁਪਏ ਦੀ ਲਾਗਤ ਵਾਲੀਆਂ 5 ਹੋਰ ਟਾਟਾ ਏਸ ਨਗਰ ਕੌਂਸਲ ਨੂੰ ਸੌਂਪ ਦਿੱਤੀਆਂ ਗਈਆਂ ਹਨ ਜੋ ਕਿ ਸ਼ਹਿਰੀ ਵਾਰਡਾਂ ਵਿੱਚ ਜਾ ਕੇ ਸੁੱਕਾ ਤੇ ਗਿੱਲਾ ਕੂੜਾ ਇਕੱਤਰ ਕਰਨਗੀਆਂ ਅਤੇ ਇਸ ਨਾਲ ਸੈਕੰਡਰੀ ਡੰਪਾਂ ਵਿੱਚੋਂ ਕੂੜੇ ਦਾ ਉਚਿਤ ਨਿਪਟਾਰਾ ਹੋਵੇਗਾ ਤੇ ਲਗਭਗ 50 ਫੀਸਦੀ ਹਿੱਸਾ ਪੂਰੀ ਤਰ੍ਰਾਂ ਕੂੜਾ ਰਹਿਤ ਹੋ ਸਕੇਗਾ। 

ਵਿਧਾਇਕ ਨੇ ਦੱਸਿਆ ਕਿ ਇਸ ਤੋਂ ਪਹਿਲਾਂ ਸ਼ਹਿਰ ਵਿੱਚ ਅਜਿਹੀਆਂ 10 ਟਾਟਾ ਏਸ ਚੱਲ ਰਹੀਆਂ ਹਨ ਅਤੇ ਜਲਦੀ ਹੀ 10 ਹੋਰ ਨਵੀਂਆਂ ਨੂੰ ਖਰੀਦਣ ਲਈ ਪ੍ਰੋਜੈਕਟ ਪ੍ਰਗਤੀ ਅਧੀਨ ਹੈ ਜਿਸ ਨਾਲ ਆਉਣ ਵਾਲੇ ਸਮੇਂ ਵਿੱਚ ਸੰਗਰੂਰ ਸ਼ਹਿਰ ਦੇ ਹਰ ਵਾਰਡ ਲਈ ਇੱਕ ਵੱਖਰੀ ਟਾਟਾ ਏਸ ਉਪਲਬਧ ਹੋ ਜਾਵੇਗੀ ਤੇ ਕੂੜੇ ਦਾ ਯੋਗ ਪ੍ਰਬੰਧਨ ਹੋ ਸਕੇਗਾ।ਉਨ੍ਹਾਂ ਸ਼ਹਿਰ ਵਾਸੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਸ਼ਹਿਰ ਨੂੰ ਕੂੜਾ ਮੁਕਤ ਕਰਨ ਲਈ ਚਲਾਈ ਜਾ ਰਹੀ ਇਸ ਮੁਹਿੰਮ ਵਿੱਚ ਆਪਣੀ ਸਰਗਰਮ ਭੂਮਿਕਾ ਨਿਭਾਉਣ ਤੇ ਘਰਾਂ ਵਿੱਚੋਂ ਹੀ ਸੁੱਕਾ ਤੇ ਗਿੱਲਾ ਕੂੜਾ ਵੱਖ ਵੱਖ ਤੌਰ ’ਤੇ ਇਨ੍ਹਾਂ ਵਾਹਨਾਂ ਵਿੱਚ ਪਾਉਣ ਤਾਂ ਜੋ ਸਾਫ਼ ਸਫਾਈ ਦੇ ਯਤਨਾਂ ਨੂੰ ਬੂਰ ਪੈ ਸਕੇ। 

ਵਿਧਾਇਕ ਨਰਿੰਦਰ ਕੌਰ ਭਰਾਜ ਨੇ ਕਿਹਾ ਕਿ ਸਫਾਈ ਕਰਮਚਾਰੀਆਂ ਅਤੇ ਵਾਹਨਾਂ ਲਈ ਡਰਾਇਵਰਾਂ ਦੀ ਘਾਟ ਨੂੰ ਦੂਰ ਕਰਨ ਲਈ ਵੀ ਉਪਰਾਲੇ ਚੱਲ ਰਹੇ ਹਨ ਅਤੇ ਜਲਦੀ ਹੀ ਨਗਰ ਕੌਂਸਲ ਸੰਗਰੂਰ ਵਿੱਚ ਢੁਕਵੀਂ ਮਸ਼ੀਨਰੀ ਤੇ ਮੈਨ ਪਾਵਰ ਮੁਹੱਈਆ ਕਰਵਾ ਦਿੱਤੀ ਜਾਵੇਗੀ ਤਾਂ ਜੋ ਭਵਿੱਖ ਵਿੱਚ ਇਸ ਸਮੱਸਿਆ ਦਾ ਸਥਾਈ ਹੱਲ ਹੋ ਸਕੇ। ਇਸ ਮੌਕੇ ਵਿਧਾਇਕ ਨਰਿੰਦਰ ਕੌਰ ਭਰਾਜ ਵੱਲੋਂ ਨਗਰ ਕੌਂਸਲ ਨੂੰ 2.20 ਲੱਖ ਰੁਪਏ ਦੀ ਲਾਗਤ ਵਾਲੀਆਂ ਦੋ ਫੌਗਿੰਗ ਮਸ਼ੀਨਾਂ ਵੀ ਸੌਂਪੀਆਂ ਗਈਆਂ ਤਾਂ ਜੋ ਮੱਛਰਾਂ ਦੁਆਰਾ ਫੈਲਾਈਆਂ ਜਾਣ ਵਾਲੀਆਂ ਬਿਮਾਰੀਆਂ ਦੀ ਰੋਕਥਾਮ ਹੋ ਸਕੇ।ਇਸ ਮੌਕੇ ਈ.ਓ ਨਗਰ ਕੌਂਸਲ ਮੋਹਿਤ ਸ਼ਰਮਾ ਅਤੇ ਪਾਰਟੀ ਦੇ ਆਗੂ ਵੀ ਹਾਜ਼ਰ ਸਨ।