ਸਖ਼ੀ ਐਪਲੀਕੇਸ਼ਨ ਨਾਲ ਸ਼ਿਕਾਇਤ ਰਜਿਸਟ੍ਰੇਸ਼ਨ ਵਿੱਚ 24 ਫ਼ੀਸਦੀ ਵਾਧਾ ਹੋਇਆ - ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ
ਸਖੀ ਐਪਲੀਕੇਸ਼ਨ ਨਾਲ ਸਬੰਧੀਤ ਵੱਖ-ਵੱਖ 19 ਵਿਭਾਗਾਂ ਨੂੰ ਟ੍ਰੇਨਿੰਗ ਦਿੱਤੀ
5 Dariya News
ਰੂਪਨਗਰ 19-Jun-2024
ਹਿੰਸਾ ਤੋਂ ਪੀੜਤ ਮਹਿਲਾਵਾਂ ਨੂੰ ਇੱਕੋ ਛੱਤ ਹੇਠਾਂ ਵੱਖ-ਵੱਖ ਤਰ੍ਹਾਂ ਦੀਆਂ ਐਮਰਜੈਂਸੀ ਸੇਵਾਵਾਂ, ਮਨੋ-ਸਮਾਜਿਕ ਸਲਾਹ, ਪੁਲਿਸ ਸਹਾਇਤਾ, ਮੈਡੀਕਲ ਸਹਾਇਤਾ, ਕਾਨੂੰਨੀ ਸਹਾਇਤਾ ਅਤੇ ਵੱਧ ਤੋਂ ਵੱਧ 5 ਦਿਨ ਤੱਕ ਦਾ ਅਸਥਾਈ ਆਸਰਾ ਪ੍ਰਦਾਨ ਕਰਨ ਲਈ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਵੱਲੋਂ ਸਖੀ ਐਪਲੀਕੇਸ਼ਨ ਤਿਆਰ ਕੀਤੀ ਗਈ ਹੈ, ਜਿਸਦੀ ਅੱਜ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਪ੍ਰਧਾਨਗੀ ਹੇਠ 19 ਵੱਖ-ਵੱਖ ਸਬੰਧੀਤ ਵਿਭਾਗਾਂ ਨੂੰ ਟ੍ਰੇਨਿੰਗ ਦਿੱਤੀ ਗਈ।
ਇਸ ਟ੍ਰੇਨਿੰਗ ਦੀ ਪ੍ਰਧਾਨਗੀ ਕਰਦਿਆਂ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਨੇ ਕਿਹਾ ਕਿ ਇਸ ਐਪਲੀਕੇਸ਼ਨ ਦਾ ਮੁੱਖ ਉਦੇਸ਼ ਕਮਜ਼ੋਰ ਸਮੂਹਾਂ ਖਾਸ ਤੌਰ 'ਤੇ ਪੀੜਤ ਔਰਤਾਂ, ਬੱਚਿਆਂ, ਅਪਾਹਜ ਵਿਅਕਤੀਆਂ ਅਤੇ ਬਜ਼ੁਰਗ ਨਾਗਰਿਕਾਂ ਦੀਆਂ ਸ਼ਿਕਾਇਤਾਂ ਨੂੰ ਸਮੇਂ ਸਿਰ ਪ੍ਰਭਾਵੀ ਸਹਾਇਤਾ ਪ੍ਰਦਾਨ ਕਰਕੇ ਹੱਲ ਕਰਨਾ ਹੈ। ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਇਸ ਐਪਲੀਕੇਸ਼ਨ ਨਾਲ ਸ਼ਿਕਾਇਤ ਰਜਿਸਟ੍ਰੇਸ਼ਨ ਵਿੱਚ 24 ਫ਼ੀਸਦੀ ਵਾਧਾ ਹੋਇਆ ਹੈ, ਇਹ ਵਾਧਾ ਸ਼ਿਕਾਇਤਾਂ ਨੂੰ ਤੁਰੰਤ ਕੁਸ਼ਲਤਾ ਨਾਲ ਹੱਲ ਕਰਨ ਅਤੇ ਇਨਸਾਫ ਦੇਣ ਵਿੱਚ ਐਪਲੀਕੇਸ਼ਨ ਦੀ ਪ੍ਰਭਾਵਸ਼ੀਲਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਪਾਇਲਟ ਪੜਾਅ ਦੌਰਾਨ ਮਿਲੀ ਇਸ ਸਫਲਤਾ ਦੇ ਮੱਦੇਨਜ਼ਰ ਸਾਡਾ ਮੰਨਣਾ ਹੈ ਕਿ ਸਖੀ ਐਪਲੀਕੇਸ਼ਨ ਵਿੱਚ ਪੰਜਾਬ ਭਰ ਦੀ ਵੱਡੀ ਆਬਾਦੀ ਨੂੰ ਲਾਭ ਪਹੁੰਚਾਉਣ ਦੀ ਸਮਰੱਥਾ ਹੈ। ਉਨ੍ਹਾਂ ਕਿਹਾ ਕਿ ਸਖੀ ਐਪਲੀਕੇਸ਼ਨ ਇੱਕ ਇਹੋ ਜਿਹਾ ਡਿਜੀਟਲ ਪਲੇਟਫਾਰਮ ਹੈ ਜਿਸਤੇ ਇਕੋਂ ਸਥਾਨ ਤੇ ਪ੍ਰਭਾਵਸ਼ਾਲੀ ਢੰਗ ਨਾਲ ਇਨਸਾਫ਼ ਦੇਣ ਲਈ 19 ਸੰਬਧਿਤ ਵਿਭਾਗ ਇਕੱਠੇ ਕੰਮ ਕਰਦੇ ਹਨ।
ਉਨ੍ਹਾਂ ਦੱਸਿਆ ਕਿ ਇਸ ਐਪਲੀਕੇਸ਼ਨ ਦੀਆਂ ਮੁੱਖ ਵਿਸ਼ੇਸ਼ਤਾਵਾਂ ਵਿੱਚ ਇੱਕ ਪੀੜ੍ਹਤ ਲਈ ਸਮੇਂ ਤੇ ਪਹੁੰਚਯੋਗ, ਬਹੁ-ਵਿਭਾਗੀ ਏਕੀਕਰਣ ਜੋ ਸੰਪੂਰਨ ਸਹਾਇਤਾ ਪ੍ਰਦਾਨ ਕਰਨ ਲਈ ਸਰਕਾਰੀ ਸੰਸਥਾਵਾਂ ਵਿਚਕਾਰ ਤਾਲਮੇਲ ਤੇ ਸਹਿਯੋਗ ਨੂੰ ਸਮਰੱਥ ਬਣਾਉਂਦਾ ਹੈ, ਸਮੇਂ ਸਿਰ ਅੱਪਡੇਟ ਪ੍ਰਾਪਤ ਕਰਨ ਦੀ ਆਗਿਆ, ਤੁਰੰਤ ਸਹਾਇਤਾ ਦੀ ਪੇਸ਼ਕਸ਼ ਕਰਦਾ ਹੈ, ਇਸ ਦੇ ਨਾਲ ਅਧਿਕਾਰੀਆਂ ਨਾਲ ਗੱਲਬਾਤ ਕਰਨ ਲਈ ਵੀਡੀਓ ਕਾਲਿੰਗ ਦੀ ਵਿਸ਼ੇਸ਼ਤਾ ਅਤੇ ਲੰਬੇ ਸਮੇਂ ਦੀ ਸਹਾਇਤਾ ਜੋ ਪੀੜਤ ਦੀ ਮੁੜ ਵਸੇਬੇ ਲਈ ਵੀ ਸਹਾਇਤਾ ਪ੍ਰਦਾਨ ਕਰਦਾ ਹੈ।
ਡਾ. ਪ੍ਰੀਤੀ ਯਾਦਵ ਨੇ ਦੱਸਿਆ ਕਿ ਸਖੀ ਐਪਲੀਕੇਸ਼ਨ ਨੂੰ ਭਾਰਤ ਸਰਕਾਰ ਤੋਂ ਇੱਕ ਸਹਿਯੋਗੀ ਰਾਜ ਤੋਂ ਪਹਿਲਕਦਮੀ ਤਹਿਤ ਪ੍ਰਾਪਤ ਫੰਡਿੰਗ ਨਾਲ ਤਿਆਰ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਸਾਲਾਂ ਵਿੱਚ ਜ਼ਿਲ੍ਹਾ ਪ੍ਰਸ਼ਾਸਨ ਰੂਪਨਗਰ ਨੇ ਸਰਵੋਤਮ ਪ੍ਰਦਰਸ਼ਨ ਕਰਦੇ ਹੋਏ ਪੀੜ੍ਹਤਾਂ ਦੀ ਸੰਤੁਸ਼ਟੀ ਨੂੰ ਯਕੀਨੀ ਬਣਾਉਣ ਲਈ ਇਸ ਦੀਆਂ ਵਿਸ਼ੇਸ਼ਤਾਵਾਂ ਅਤੇ ਕਾਰਜਕੁਸ਼ਲਤਾਵਾਂ ਵਿੱਚ ਸੁਧਾਰ ਕਰਦੇ ਹੋਏ ਇਸ ਐਪਲੀਕੇਸ਼ਨ ਨੂੰ ਸਫਲਤਾਪੂਰਵਕ ਚਲਾਇਆ ਹੈ। ਇਸ ਤੋਂ ਇਲਾਵਾ ਇਹ ਐਪਲੀਕੇਸ਼ਨ ਡੀਜੀਆਰ ਸਰਵਰ 'ਤੇ ਹੋਸਟ ਕੀਤੀ ਗਈ ਹੈ ਜੋ ਕਿ ਡਾਟਾ ਨੂੰ ਸੁਰੱਖਿਅਤ ਅਤੇ ਪ੍ਰਾਈਵੇਸੀ ਨੂੰ ਯਕੀਨੀ ਬਣਾਉਂਦਾ ਹੈ।
ਇਸ ਟ੍ਰੇਨਿੰਗ ਵਿੱਚ ਜ਼ਿਲ੍ਹਾ ਪ੍ਰੋਗਰਾਮ ਅਫ਼ਸਰ ਨਿਖਿਲ ਆਹੂਜਾ, ਡੀ.ਡੀ.ਐਫ. ਗਿਰਜਾ ਸ਼ੰਕਰ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਰਵਿੰਦਰ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਰਾਜਿੰਦਰ ਕੌਰ, ਜ਼ਿਲ੍ਹਾ ਸੂਚਨਾ ਅਫ਼ਸਰ ਯੋਗੇਸ਼ ਕੁਮਾਰ, ਡੀ.ਐਸ.ਪੀ. ਮਨਬੀਰ ਸਿੰਘ ਬਾਜਵਾ, ਉਪ ਜ਼ਿਲ੍ਹਾ ਸਿੱਖਿਆ ਅਫਸਰ ਸੁਰਿੰਦਰਪਾਲ ਸਿੰਘ, ਪਲੇਸਮੈਂਟ ਅਫ਼ਸਰ ਮੀਨਾਕਸ਼ੀ ਬੇਦੀ, ਸੀ.ਡੀ.ਪੀ.ਓ. ਰਾਜਵਿੰਦਰਪਾਲ ਕੌਰ, ਸਕੱਤਰ ਰੈੱਡ ਕਰਾਸ ਗੁਰਸੋਹਣ ਸਿੰਘ, ਜ਼ਿਲ੍ਹਾ ਸਿਹਤ ਅਫਸਰ ਜਗਜੀਤ ਕੌਰ, ਸਿਟੀ ਮਿਸ਼ਨ ਮੈਨੇਜਰ ਪਰਵੀਨ ਡੋਗਰਾ, ਲੀਡ ਜ਼ਿਲ੍ਹਾ ਮੈਨੇਜਰ ਮਨੀਸ਼ ਤ੍ਰਿਪਾਠੀ ਅਤੇ ਜ਼ਿਲ੍ਹਾ ਪ੍ਰੋਗਰਾਮ ਮੈਨੇਜਰ ਸਿਮਰਨ ਕੌਰ ਹਾਜ਼ਰ ਹੋਏ।