5 Dariya News

ਵਿਸ਼ਵ ਤੰਬਾਕੂ ਰਹਿਤ ਦਿਵਸ ਮੌਕੇ ਜਾਗਰੂਕਤਾ ਸਮਾਗਮ ਦਾ ਆਯੋਜਨ

5 Dariya News

ਰੂਪਨਗਰ 31-May-2024

ਰਾਸ਼ਟਰੀ ਤੰਬਾਕੂ ਕੰਟਰੋਲ ਪ੍ਰੋਗਰਾਮ ਤਹਿਤ ਮਿਤੀ 31 ਮਈ 2024 ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਦੇ ਮੋਕੇ ਉਤੇ ਸਿਵਲ ਸਰਜਨ ਰੂਪਨਗਰ ਡਾ. ਮਨੂ ਵਿਜ ਦੇ ਦਿਸ਼ਾ ਨਿਰਦੇਸ਼ਾਂ ਹੇਠ “ ਬੱਚਿਆਂ ਨੂੰ ਤੰਬਾਕੂ ਉਦਯੋਗ ਦੇ ਦਖਲ ਤੋਂ ਬਚਾਉਣਾ ” ਦੇ ਥੀਮ ਤਹਿਤ ਜਾਗਰੂਕਤਾ ਸਮਾਗਮ ਦਾ ਆਯੋਜਨ ਸਥਾਨਕ ਡੈਂਟਲ ਓ.ਪੀ.ਡੀ. ਸਿਵਲ ਹਸਪਤਾਲ ਰੂਪਨਗਰ ਵਿਖੇ ਕੀਤਾ ਗਿਆ। ਇਸ ਮੌਕੇ ਜਾਣਕਾਰੀ ਦਿੰਦਿਆਂ ਡਾ. ਰਿਕੀ ਬਾਂਸਲ ਬੱਚਿਆਂ ਦੇ ਦੰਦਾਂ ਦੇ ਰੋਗਾਂ ਦੇ ਮਾਹਿਰ ਨੇ ਦੱਸਿਆ ਕਿ ਤੰਬਾਕੂ ਦੇ ਸੇਵਨ ਨਾਲ ਹੋਣ ਵਾਲੇ ਨੁਕਸਾਨਾਂ ਬਾਰੇ ਜਾਗਰੂਕਤਾ ਪੈਦਾ ਕਰਨ ਲਈ 31 ਮਈ ਨੂੰ ਵਿਸ਼ਵ ਤੰਬਾਕੂ ਰਹਿਤ ਦਿਵਸ ਮਨਾਇਆ ਜਾਂਦਾ ਹੈ। 

ਤੰਬਾਕੂ ਦਾ ਸੇਵਨ ਕਰਨ ਨਾਲ ਹਰ ਸਾਲ ਦੁਨੀਆ ਭਰ ਵਿੱਚ 80 ਲੱਖ ਤੋਂ ਵੱਧ ਲੋਕਾਂ ਦੀ ਮੌਤ ਹੋ ਜਾਂਦੀ ਹੈ। ਮਨੁੱਖੀ ਖਰਚੇ ਤੋਂ ਇਲਾਵਾ, ਤੰਬਾਕੂ ਦਾ ਸੇਵਨ ਵੀ ਵਾਤਾਵਰਣ ਨੂੰ ਖਰਾਬ ਕਰਨ ਦਾ ਕਾਰਨ ਬਣਦਾ ਹੈ। ਉਨ੍ਹਾਂ ਦੱਸਿਆ ਕਿ ਤੰਬਾਕੂ ਖਾਣ ਨਾਲ ਤਕਰੀਬਨ 90 ਪ੍ਰਤੀਸ਼ਤ ਮੂੰਹ ਦੇ ਕੈਂਸਰ ਹੁੰਦੇ ਹਨ। ਇਸ ਤੋਂ ਇਲਾਵਾ ਕੈਂਸਰ, ਦਿਲ ਦੇ ਰੋਗ ਅਤੇ ਫੇਫੜ੍ਹੇ ਆਦਿ ਦੀਆਂ ਬਿਮਾਰੀਆਂ ਦਾ ਸਭ ਤੋਂ ਵੱਡਾ ਕਾਰਨ ਤੰਬਾਕੂ ਦੀ ਵਰਤੋਂ ਹੀ ਹੈ। 

ਉਨ੍ਹਾਂ ਕਿਹਾ ਕਿ ਤੰਬਾਕੂ ਇੰਡਸਟਰੀ ਦਾ ਬੱਚਿਆਂ ਦੀ ਜ਼ਿੰਦਗੀ  ਵਿੱਚ ਦਖਲ ਰੋਕਣ ਲਈ ਜਰੂਰੀ ਹੈ ਕਿ ਉਨ੍ਹਾਂ ਨੂੰ ਤੰਬਾਕੂ ਦੇ ਮਾੜੇ ਪ੍ਰਭਾਵਾਂ ਬਾਰੇ ਵੱਧ ਤੋਂ ਵੱਧ ਜਾਗਰੂਕ ਕੀਤਾ ਜਾਵੇ, ਗਰੀਬ ਬੱਚਿਆਂ ਨੂੰ ਸਿੱਖਿਆ ਪ੍ਰਤੀ ਪ੍ਰੇਰਿਤ ਕੀਤਾ ਜਾਵੇ। ਇਸ ਦੇ ਨਾਲ ਹੀ ਸਕੂਲ ਕਾਲਜ ਪੜ੍ਹਨ ਵਾਲੇ ਬੱਚਿਆਂ ਦੀ ਸੰਗਤ ਤੇ ਵੀ ਮਾਪਿਆਂ ਵੱਲੋਂ ਨਿਗਾ ਰੱਖੀ ਜਾਵੇ।

ਇਸ ਮੌਕੇ ਹੋਰ ਜਾਣਕਾਰੀ ਸਾਂਝੀ ਕਰਦਿਆਂ ਡਾ. ਰਮਨਦੀਪ ਕੌਰ ਦੰਦਾਂ ਦੇ ਰੋਗਾਂ ਦੇ ਮਾਹਿਰ ਨੇ ਕੋਟਪਾ ਐਕਟ ਬਾਰੇ ਦੱਸਿਆ ਕਿ ਕੋਟਪਾ ਐਕਟ ਤਹਿਤ ਵੱਖ-ਵੱਖ ਧਰਾਵਾਂ ਤਹਿਤ ਤੰਬਾਕੂ ਵੇਚਣ ਅਤੇ ਸੇਵਨ ਕਰਨ ਦੀ ਮਨਾਹੀ ਹੈ, ਜਿਵੇ ਕਿ ਜਨਤਕ ਥਾਵਾਂ ਉਤੇ ਸਿਗਰਟਨੋਸੀ, ਈ. ਸਿਗਰੇਟ ਦੀ ਵਰਤੋ, ਦੁਕਾਨਦਾਰਾਂ ਵੱਲੋ ਖੁਲੀ ਸਿਗਰੇਟ ਵੇਚਣਾ, ਗੁਟਖਾ-ਪਾਨ ਮਸਾਲਾ ਵੇਚਣਾ, ਤੰਬਾਕੂ ਪਦਾਰਥਾਂ ਦੀ ਪੈਕਿੰਗ ਤੇ 85% ਸਿਹਤ ਨੁਕਸਾਨ ਸਬੰਧੀ ਚਿਤਾਵਨੀ ਤੇ ਸਕੂਲਾਂ ਦੇ 100 ਗਜ ਦੇ ਘੇਰੇ ਦੇ ਅੰਦਰ ਤੰਬਾਕੂ ਵੇਚਣ ਤੇ ਪੂਰਨ ਤੌਰ ਤੇ ਪਾਬੰਦੀ ਹੈ ਤੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਖਿਲਾਫ ਵੱਖ-ਵੱਖ ਧਰਾਵਾਂ ਤਹਿਤ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਅਤੇ ਇਸ ਮੁਹਿੰਮ ਨੂੰ ਸਫਲਤਾ ਪੂਰਵਕ ਨੇਪਰੇ ਚਾੜ੍ਹਨ ਲਈ ਵੱਖ-ਵੱਖ ਵਿਭਾਗਾਂ ਅਤੇ ਸਵੈ-ਸੇਵੀ ਸੰਸਥਾਵਾਂ ਦਾ ਸਹਿਯੋਗ ਵੀ ਲਿਆ ਜਾ ਰਿਹਾ ਹੈ।

ਇਸਦੇ ਨਾਲ ਹੀ ਤੰਬਾਕੂ ਵਿਰੁੱਧ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕਰਨ ਲਈ ਸਮੇਂ-ਸਮੇਂ ਸਿਰ ਇਨਫਾਰਸਮੈਂਟ ਮੁਹਿੰਮ ਚਲਾਈ ਜਾਂਦੀ ਹੈ। ਪੰਜਾਬ ਵਿੱਚ ਸਥਾਪਿਤ ਸਾਰੇ ਸਰਕਾਰੀ ਦਫਤਰਾਂ ਨੂੰ ਵੀ ਪੂਰਨ ਤੌਰ ਤੇ ਤੰਬਾਕੂ ਮੁਕਤ ਘੋਸ਼ਿਤ ਕੀਤਾ ਗਿਆ ਹੈ। ਤੰਬਾਕੂ ਦੀ ਵਰਤੋਂ ਦੇ ਕਾਰਨਾਂ ਬਾਰੇ ਚਰਚਾ ਕਰਦਿਆਂ ਉਨ੍ਹਾਂ ਦੱਸਿਆ ਕਿ ਇਸ ਲਈ ਵਿਅਕਤੀ ਦੀ ਸੰਗਤ, ਨਿੱਜੀ ਕਾਰਣ , ਕੰਮ ਦਾ ਤਣਾਅ ਆਦਿ ਕਾਰਨ ਹੋ ਸਕਦੇ ਹਨ। ਹੋਲੀ-ਹੋਲੀ ਤੰਬਾਕੂ ਸੇਵਨ ਇੱਕ ਆਦਤ ਬਣ ਜਾਂਦੀ ਹੈ। 

ਇਸ ਲਈ ਜਰੂਰੀ ਹੈ ਕਿ ਅਸੀਂ ਆਪਣੇ ਸੰਗਤ ਵਿਚਲੇ ਸਾਥੀਆਂ ਦੀ ਚੋਣ ਵੀ ਸੋਚ ਕੇ ਕਰੀਏ।ਉਨ੍ਹਾਂ ਦੱਸਿਆ ਕਿ ਰੂਪਨਗਰ ਦੇ ਜਿਲ੍ਹਾ ਹਸਪਤਾਲ, ਸਬ ਡਵਿਜ਼ਨਲ ਹਸਪਤਾਲ ਅਤੇ ਡਰੱਗ ਡੀ-ਅਡਿਕਸ਼ਨ ਸੈਂਟਰਾਂ ਵਿਖੇ ਤੰਬਾਕੂ ਛਡਾਉਣ ਸੰਬੰਧੀ ਮੁਫਤ ਸੇਵਾਵਾਂ ਉਪਲੱਬਧ ਹਨ। 

ਉਨ੍ਹਾਂ ਇਹ ਵੀ ਦੱਸਿਆ ਕਿ ਜ਼ੋ ਲੋਕ ਤੰਬਾਕੂ ਦੀ ਆਦਤ ਛੱਡਣਾ ਚਹੁੰਦੇ ਹਨ ਉਨ੍ਹਾਂ ਨੂੰ ਸਰਕਾਰੀ ਹਸਪਤਾਲਾਂ ਵਿੱਚ ਕਾਉੰਸਲਿੰਗ ਸੁਵਿਧਾਵਾਂ ਦਿੱਤੀਆਂ ਜਾ ਰਹੀਆਂ ਹਨ। ਇਸ ਮੌਕੇ ਐਸ.ਆਈ. ਲਖਵੀਰ ਸਿੰਘ, ਬੀ.ਸੀ.ਸੀ. ਸੁਖਜੀਤ ਕੰਬੋਜ, ਮਲਟੀਪਰਪਜ ਹੈਲਥ ਵਰਕਰਜ ,ਓ. ਪੀ. ਡੀ. ਵਿੱਚ ਆਏ ਆਮ ਲੋਕ ਮੌਜੂਦ ਸਨ।