ਸਿਹਤ ਵਿਭਾਗ ਨੇ ਡੇਂਗੂ ਸਬੰਧੀ ਜਾਗਰੂਕਤਾ ਪੋਸਟਰ ਕੀਤਾ ਜਾਰੀ
5 Dariya News
ਫਤਿਹਗੜ੍ਹ ਸਾਹਿਬ 22-May-2024
ਸਿਵਲ ਸਰਜਨ ਫਤਿਹਗੜ ਸਾਹਿਬ ਡਾ ਦਵਿੰਦਰਜੀਤ ਕੌਰ ਦੀ ਅਗਵਾਈ ਹੇਠ ਜਿਲਾ ਸਿਹਤ ਵਿਭਾਗ ਵੱਲੋਂ ਆਮ ਲੋਕਾਂ ਨੂੰ ਡੇਂਗੂ ਤੋਂ ਬਚਾਉਣ ਲਈ ਵਿੱਢੀ ਮੁਹਿੰਮ ਤਹਿਤ ਸਿਵਲ ਸਰਜਨ ਦਫਤਰ ਤੋਂ ਡੇਂਗੂ ਸਬੰਧੀ ਜਾਗਰੂਕਤਾ ਪੋਸਟਰ ਜਾਰੀ ਕੀਤਾ ਗਿਆ। ਪੋਸਟਰ ਜਾਰੀ ਕਰਦਿਆਂ ਸਿਵਲ ਸਰਜਨ ਡਾ ਦਵਿੰਦਰਜੀਤ ਕੌਰ ਨੇ ਕਿਹਾ ਕਿ ਡੇਂਗੂ ਸਬੰਧੀ ਜਾਗਰੂਕ ਹੋ ਕੇ ਇਸ ਬਿਮਾਰੀ ਨੂੰ ਕਾਬੂ ਵਿੱਚ ਰੱਖਿਆ ਜਾ ਸਕਦਾ ਹੈ।
ਉਹਨਾਂ ਕਿਹਾ ਕਿ ਮੱਛਰ ਦੀ ਪੈਦਾਇਸ਼ ਨੂੰ ਰੋਕਣ ਲਈ ਆਪਣੇ ਘਰਾਂ ਦੇ ਆਲੇ ਦੁਆਲੇ ਪਾਣੀ ਖੜਾ ਨਾ ਹੋਣ ਦਿਓ, ਟੁੱਟੇ ਫੁਟੇ ਵਰਤਣਾ, ਪੁਰਾਣੇ ਟਾਇਰਾਂ, ਫਰਿਜ ਦੀ ਪਿਛਲੀ ਟਰੇ, ਕੂਲਰਾਂ , ਗਮਲਿਆਂ, ਅਤੇ ਹੋਰ ਪਾਣੀ ਖੜਾ ਹੋਣ ਵਾਲੀਆਂ ਥਾਵਾਂ ਨੂੰ ਘੱਟੋ ਘੱਟ ਹਫਤੇ ਵਿਚ ਇੱਕ ਵਾਰੀ ਖਾਲੀ ਕਰਕੇ ਸੁਕਾ ਦਿਓ, ਕਿਉਂਕਿ ਡੇਂਗੂ ਦਾ ਮੱਛਰ ਖੜੇ ਸਾਫ ਪਾਣੀ ਵਿੱਚ ਪੈਦਾ ਹੁੰਦਾ ਹੈ ਅਤੇ ਦਿਨ ਵੇਲੇ ਸਵੇਰੇ ਸ਼ਾਮ ਕੱਟਦਾ ਹੈ। ਉਹਨਾਂ ਕਿਹਾ ਕਿ ਮੱਛਰ ਦੇ ਕੱਟਣ ਤੋਂ ਬਚਣ ਲਈ ਸਰੀਰ ਨੂੰ ਪੂਰਾ ਢੱਕਣ ਵਾਲੇ ਕੱਪੜੇ ਪਹਿਨੋ, ਮੱਛਰ ਭਜਾਉਣ ਵਾਲੇ ਜੰਤਰਾਂ , ਸਪਰੇ, ਜਾਲੀ ਵਾਲੇ ਦਰਵਾਜੇ, ਮੱਛਰਦਾਨੀਆਂ ਆਦਿ ਦਾ ਇਸਤੇਮਾਲ ਕਰੋ ਕੋਈ ਵੀ ਬੁਖਾਰ ਹੋਣ ਦੀ ਸੂਰਤ ਵਿੱਚ ਆਪਣੇ ਆਪ ਦਵਾਈ ਨਾ ਲਓ ਅਤੇ ਨੇੜੇ ਦੀ ਸਿਹਤ ਸੰਸਥਾ ਵਿਖੇ ਖੂਨ ਦੀ ਜਾਂਚ ਕਰਾਓ।
ਜਿਲਾ ਐਪੀਡਿਮੋਲੋਜਿਸਟ ਡਾਕਟਰ ਗੁਰਪ੍ਰੀਤ ਕੌਰ ਨੇ ਕਿਹਾ ਕਿ ਸਾਨੂੰ ਡੇਂਗੂ ਪ੍ਰਤੀ ਜਾਗਰੂਕ ਹੋਣਾ ਚਾਹੀਦਾ ਹੈ ਕਿਉਂਕਿ ਡੇਂਗੂ ਹੋਣ ਦੀ ਸੂਰਤ ਵਿੱਚ ਇਸਦਾ ਇਲਾਜ ਸਮੇਂ ਸਿਰ ਕਰਨਾ ਬਹੁਤ ਜਰੂਰੀ ਹੁੰਦਾ ਹੈ। ਜਾਣਕਾਰੀ ਦੀ ਘਾਟ ਕਾਰਨ ਹਰ ਸਾਲ ਹਜ਼ਾਰਾਂ ਲੋਕ ਡੇਂਗੂ ਬੁਖਾਰ ਦੀ ਲਪੇਟ ਵਿੱਚ ਆ ਜਾਂਦੇ ਹਨ। ਉਹਨਾਂ ਦੱਸਿਆ ਕਿ ਡੇਂਗੂ ਏਡੀਜ ਅਜਿਪਟੀ ਨਾਮ ਦੇ ਮੱਛਰ ਦੇ ਕੱਟਣ ਨਾਲ ਫੈਲਦਾ ਹੈ ਏਡੀਜ ਡਿਪਟੀ ਮੱਛਰ ਦਿਨ ਵੇਲੇ ਸਵੇਰੇ ਸ਼ਾਮ ਕੱਟਦਾ ਹੈ।
ਡੇਂਗੂ ਤੋਂ ਬਚਣ ਲਈ ਸਭ ਤੋਂ ਜਿਆਦਾ ਜਰੂਰੀ ਹੈ ਕਿ ਮੱਛਰ ਦੀ ਪੈਦਾਵਾਰ ਨੂੰ ਹੀ ਰੋਕ ਦਿੱਤਾ ਜਾਵੇ ਉਹਨਾਂ ਕਿਹਾ ਕਿ ਡੇਂਗੂ ਦੇ ਲੱਛਣਾ ਵਿੱਚ ਤੇਜ਼ ਦਰਦ ,ਤੇਜ ਬੁਖਾਰ ,ਮਾਸ ਪੇਸੀਆਂ ਤੇ ਜੋੜਾਂ ਦਾ ਦਰਦ ,ਅੱਖਾਂ ਦੇ ਪਿਛਲੇ ਹਿੱਸੇ ਵਿੱਚ ਦਰਦ, ਉਲਟੀਆਂ, ਨੱਕ ਮੂੰਹ ਅਤੇ ਮਸੂੜਿਆਂ ਵਿਚੋਂ ਖੂਨ ਦਾ ਵਗਣਾ ਆਦਿ ਹੁੰਦੇ ਹਨ। ਇਸ ਮੌਕੇ ਤੇ ਉਹਨਾਂ ਡੇਂਗੂ ਦੇ ਇਲਾਜ ਬਾਰੇ ਵੀ ਵਿਸਥਾਰ ਸਹਿਤ ਜਾਣਕਾਰੀ ਦਿੱਤੀ। ਇਸ ਮੌਕੇ ਤੇ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਬਲਜਿੰਦਰ ਸਿੰਘ, ਗੁਰਦੀਪ ਸਿੰਘ, ਜਸਵਿੰਦਰ ਕੌਰ , ਸਿਹਤ ਸੁਪਰਵਾਈਜ਼ਰ ਇੰਦਰਜੀਤ ਸਿੰਘ,ਦਾਰਪਾਲ, ਇਨਸੈਕਟ ਕਲੈਕਟਰ ਮਨਦੀਪ ਕੌਰ ਤੋਂ ਇਲਾਵਾ ਸਮੂਹ ਮਲਟੀਪਰਪਜ਼ ਸਿਹਤ ਸੁਪਰਵਾਈਜ਼ਰ ਹਾਜ਼ਰ ਸਨ।