ਪ੍ਰਧਾਨ ਮੰਤਰੀ ਦੇ ਨਫ਼ਰਤੀ ਭਾਸ਼ਨਾਂ ਦੇ ਵਿਰੋਧ 'ਚ ਜਨਤਕ ਜਮਹੂਰੀ ਜਥੇਬੰਦੀਆਂ ਨੇ ਨਰਿੰਦਰ ਮੋਦੀ ਦੀ ਅਰਥੀ ਫੂਕੀ
5 Dariya News
ਲਹਿਰਾਗਾਗਾ 04-May-2024
ਬੀਤੇ ਕੱਲ੍ਹ ਸ਼ਾਮ ਨੂੰ ਨਹਿਰ ਦੇ ਪਲ 'ਤੇ ਇਲਾਕੇ ਦੀਆਂ ਜਨਤਕ ਜਮਹੂਰੀ ਜਥੇਬੰਦੀਆਂ ਵੱਲੋਂ ਬੀਤੇ ਦਿਨੀਂ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਆਪਣੀਆਂ ਚੋਣ ਰੈਲੀਆਂ ਵਿੱਚ ਦੇਸ਼ ਦੀਆਂ ਘੱਟ ਗਿਣਤੀਆਂ ਖਾਸ ਕਰਕੇ ਮੁਸਲਿਮ ਭਾਈਚਾਰੇ ਖਿਲਾਫ਼ ਨਫਰਤੀ, ਅਪਮਾਨਜਨਕ ਤੇ ਭੜਕਾਊ ਟਿੱਪਣੀਆਂ ਖਿਲਾਫ਼ ਰੋਸ ਪ੍ਰਗਟ ਕਰਨ ਲਈ ਨਰਿੰਦਰ ਮੋਦੀ ਦੀ ਅਰਥੀ ਸਾੜੀ ਗਈ। ਇਸ ਮੌਕੇ ਭਾਰੀ ਗਿਣਤੀ ਵਿੱਚ ਜੁੜੇ ਜਥੇਬੰਦੀਆਂ ਦੇ ਵਰਕਰਾਂ ਨੇ ਨਰਿੰਦਰ ਮੋਦੀ ਅਤੇ ਭਾਜਪਾ ਖਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਇਕੱਤਰ ਹੋਏ ਲੋਕਾਂ ਨੂੂੰ ਸੰਬੋਧਨ ਕਰਦਿਆਂ ਜਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਵਜੋਂ ਨਰਿੰਦਰ ਮੋਦੀ (ਪ੍ਰਧਾਨ ਮੰਤਰੀ) ਵਲੋਂ ਘੱਟ ਗਿਣਤੀ ਧਾਰਮਿਕ ਫਿਰਕੇ ਨੂੰ ਨਿਸ਼ਾਨਾ ਬਣਾਉਂਦਿਆਂ ਧਾਰਮਿਕ ਭਾਵਨਾਵਾਂ ਭੜਕਾਉਣ ਵਾਲੇ ਬਿਆਨ ਦਿੱਤੇ ਹਨ ਜਿਨ੍ਹਾਂ ਦਾ ਇੱਕੋ ਇੱਕ ਮਕਸਦ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਲਈ ਬਹੁਗਿਣਤੀ ਭਾਈਚਾਰੇ ਦੀਆਂ ਵੋਟਾਂ ਵਟੋਰਨਾ ਹੈ। ਉਨ੍ਹਾਂ ਕਿਹਾ ਕਿ ਇੰਝ ਨੀਵੀਂ ਪੱਧਰ ਦੇ ਭਾਸ਼ਨਾਂ ਨਾਲ ਨਾ ਸਿਰਫ਼ ਪ੍ਰਧਾਨ ਮੰਤਰੀ ਦੇ ਅਹੁਦੇ ਦੀ ਮਰਿਯਾਦਾ ਭੰਗ ਕੀਤੀ ਹੈ ਸਗੋਂ ਚੋਣ ਕਮਿਸ਼ਨ ਦੇ ਨਿਯਮਾਂ ਨੂੰ ਵੀ ਪੈਰਾਂ ਹੇਠ ਲਿਤਾੜਿਆ ਹੈ।
ਜਿਹੜਾ ਨਾ ਕਾਬਿਲੇ ਮੁਆਫ਼ ਗੁਣਾਹ ਹੈ।ਯਾਦ ਰਹੇ ਨਰੇਂਦਰ ਮੋਦੀ ਨੇ ਬਾਂਸਵਾੜਾ ਰਾਜਸਥਾਨ ਵਿਚ ਹਿੰਦੂ ਵੋਟਰਾਂ ਨੂੰ ਗੁੰਮਰਾਹ ਕਰਨ ਲਈ ਮੁਸਲਿਮ ਘੱਟ ਗਿਣਤੀ ਖਿਲਾਫ ਇਤਰਾਜ਼ ਯੋਗ ਸ਼ਬਦਾਵਲੀ ਵਰਤੀ ਜਿਹੜੀ ਚੋਣ ਆਚਾਰ ਸੰਹਿਤਾ ਦੀ ਉਲੰਘਣਾ ਹੈ ਅਤੇ ਉਸ ਬਿਆਨ ਦੇ ਅਧਾਰ ਉਤੇ ਜਨ ਪ੍ਰਤੀਨਿਧ ਐਕਟ 1951 ਦੀ ਧਾਰਾ 123 ( 3) ਅਤੇ 3 (A)ਤਹਿਤ ਕੇਸ ਦਰਜ ਕੀਤਾ ਜਾਣਾ ਚਾਹੀਦਾ ਹੈ। ਬੁਲਾਰਿਆਂ ਨੇ ਭਾਰਤ ਦੇ ਰਾਸ਼ਟਰਪਤੀ, ਚੋਣ ਕਮਿਸ਼ਨ ਤੇ ਸੁਪਰੀਮ ਕੋਰਟ ਤੋਂ ਮੋਦੀ ਦੇ ਇਨ੍ਹਾਂ ਬਿਆਨਾਂ ਦਾ ਸਖ਼ਤ ਨੋਟਿਸ ਲੈਣ ਅਤੇ ਬਣਦੀ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਤੇ ਨਫ਼ਰਤ ਫੈਲਾਉਣ ਵਾਲੇ ਪਰਚਾਰ ਦੇ ਅਧਾਰ ਉਤੇ ਚੋਣ ਕਮਿਸ਼ਨ ਤੁਰੰਤ ਕਰਵਾਈ ਕਰਦਿਆਂ ਉਹਨਾਂ ਦੇ ਚੋਣ ਰੈਲੀਆਂ ਵਿੱਚ ਬੋਲਣ ਉਤੇ ਪਾਬੰਦੀ ਲਾਵੇ।
ਇਸ ਮੌਕੇ ਲੋਕ ਚੇਤਨਾ ਮੰਚ ਦੇ ਪ੍ਰਧਾਨ ਗਿਆਨ ਚੰਦ ਸ਼ਰਮਾ, ਪਾਵਰਕਾਮ ਪੈਨਸ਼ਨਰਜ਼ ਐਸੋਸੀਏਸ਼ਨ ਦੇ ਗੁਰਚਰਨ ਸਿੰਘ, ਜਮਹੂਰੀ ਅਧਿਕਾਰ ਸਭਾ ਦੇ ਪ੍ਰਧਾਨ ਜਗਜੀਤ ਭੁਟਾਲ, ਖੇਤੀਬਾੜੀ ਤੇ ਕਿਸਾਨ ਵਿਕਾਸ ਫਰੰਟ ਦੇ ਮਹਿੰਦਰ ਸਿੰਘ, ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ) ਦੇ ਹਰਵਿੰਦਰ ਸਿੰਘ ਲਦਾਲ, ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਦੇ ਹਰਸੇਵਕ ਸਿੰਘ ਲਹਿਲ, ਕਿਰਤੀ ਕਿਸਾਨ ਯੂਨੀਅਨ ਵੱਲੋਂ ਨਿਰਭੈ ਸਿੰਘ, ਕੁੱਲ ਹਿੰਦ ਕਿਸਾਨ ਸਭਾ ਦੇ ਕਾਮਰੇਡ ਸਤਵੰਤ ਖੰਡੇਬਾਦ, ਡੀਟੀਐੱਫ ਦੇ ਮਾਸਟਰ ਮਨੋਜ ਕੁਮਾਰ, ਹਰਭਗਵਾਨ ਗੁਰਨੇ, ਸਵਿੱਤਰੀਬਾਈ ਫੂਲੇ ਲਾਇਬ੍ਰੇਰੀ, ਚੰਗਾਲੀਵਾਲਾ ਦੇ ਭਿੰਦਰ ਸਿੰਘ, ਫੀਲਡ ਵਰਕਰਜ਼ ਯੂਨੀਅਨ ਦੇ ਸੁਖਦੇਵ ਚੰਗਾਲੀਵਾਲਾ, ਮਜਦੂਰ ਮੁਕਤੀ ਮੋਰਚੇ ਦੇ ਬਿੱਟੂ ਖੋਖਰ ਨੇ ਕਿਹਾ ਕਿ ਭਾਜਪਾ ਦੇ ਆਗੂ ਦੇਸ਼ ਭਰ ਵਿਚ ਚੋਣ ਰੈਲੀਆਂ ਵਿੱਚ ਮੁਸਲਿਮ ਭਾਈਚਾਰੇ ਨੂੰ ਦਹਿਸ਼ਤਜ਼ਦਾ ਕਰ ਰਹੇ ਹਨ ਅਤੇ ਫਿਰਕੂ ਤਣਾਅ ਵਾਲਾ ਮਾਹੌਲ ਬਣਾ ਰਹੇ ਹਨ। ਦੇਸ਼ ਦੀਆਂ ਜਮਹੂਰੀ ਤੇ ਅਗਾਂਹਵਧੂ ਤਾਕਤਾਂ ਇਹਨੂੰ ਬਰਦਾਸ਼ਤ ਨਹੀਂ ਕਰਨਗੀਆਂ।