'84 ਕਤਲੇਆਮ ਦੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣਾ ਐਨ.ਡੀ.ਏ ਦੀ ਐਨ.ਡੀ.ਏ ਦੇ ਮੁੱਖ ਏਜੰਡੇ 'ਚ ਸ਼ਾਮਿਲ-ਸੁਖਬੀਰ ਸਿੰਘ ਬਾਦਲ
ਕੋਬਰਾ ਸਟਿੰਗ ਓਪਰੇਸ਼ਨ '84 ਕਤਲੇਆਮ ਦੇ ਦੋਸ਼ੀਆਂ ਵਿਰੁੱਧ ਦੇਸ਼ ਅੰਦਰ ਸ਼ੁਰੂ ਹੋ ਚੁੱਕੀ ਜ਼ੋਰਦਾਰ ਮੁਹਿੰਮ ਦਾ ਪ੍ਰਤੀਕ
5 ਦਰਿਆ ਨਿਊਜ਼
ਬਠਿੰਡਾ 23-Apr-2014
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਪੰਜਾਬ ਸੁਖਬੀਰ ਸਿੰਘ ਬਾਦਲ ਨੇ ਅੱਜ ਇਥੇ ਕਿਹਾ ਕਿ '84 ਦੇ ਸਿੱਖ ਕਤਲੇਆਮ ਦੇ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣਾ ਕੌਮੀ ਜਮਹੂਰੀ ਗਠਜੋੜ (ਐਨ.ਡੀ.ਏ) ਦੇ ਮੁੱਖ ਏਜੰਡੇ 'ਚ ਸ਼ਾਮਿਲ ਹੈ। ਉਨ੍ਹਾਂ ਕਿਹਾ ਕਿ ਐਨ.ਡੀ.ਏ ਸਰਕਾਰ ਵੱਲੋਂ ਫਾਸਟ ਟਰੈਕ ਅਦਾਲਤਾਂ ਦਾ ਗਠਨ ਕਰਕੇ ਆਜ਼ਾਦ ਭਾਰਤ ਦੇ ਇਸ ਸੱਭ ਤੋਂ ਘਿਨਾਉਣੇ ਅਪਰਾਲ ਦੇ ਸਾਰੇ ਦੋਸ਼ੀਆਂ ਨੂੰ ਸਲਾਖਾਂ ਦੇ ਪਿੱਛੇ ਧੱਕਿਆ ਜਾਵੇਗਾ।ਅੱਜ ਇਥੇ ਰੈਕਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਵੱਲੋਂ ਕਰਵਾਈ ਗਈ ਇੱਕ ਰੈਲੀ ਨੂੰ ਸੰਬੋਧਨ ਕਰਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦਿੰਦਿਆਂ ਸ. ਬਾਦਲ ਨੇ ਕਿਹਾ ਕਿ ਕੋਬਰਾਪੋਸਟ ਵੱਲੋਂ ਕਰਵਾਏ ਗਿਆ ਸਟਿੰਗ ਓਪਰੇਸ਼ਨ ਇਸ ਗੱਲ ਦਾ ਪ੍ਰਤੀਕ ਹੈ ਕਿ ਇਸ 30 ਸਾਲ ਪੁਰਾਣੇ ਸਿੱਖ ਕਤਲੇਆਮ ਦੇ ਪੀੜਤਾਂ ਨੂੰ ਇਨਸਾਫ ਦਿਵਾਉਣ ਲਈ ਦੇਸ਼ ਅੰਦਰ ਇੱਕ ਜ਼ਬਰਦਸਤ ਲਹਿਰ ਚੱਲ ਪਈ ਹੈ। ਉਨ੍ਹਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਵੱਲੋਂ ਇਨਸਾਫ ਦੀ ਇਹ ਲੜਾਈ ਬੀਤੇ 3 ਦਹਾਕਿਆਂ ਤੋਂ ਲੜੀ ਜਾ ਰਹੀ ਹੈ ਪਰ ਕਾਂਗਰਸ ਪਾਰਟੀ ਵੱਲੋਂ ਦੇਸ਼ ਦੀ ਰਾਜਧਾਨੀ 'ਚ ਆਪਣੇ ਆਤੰਕ ਸਦਕਾ ਸਮੇਂ-ਸਮੇਂ 'ਤੇ ਇਨਸਾਫ ਲਈ ਕੀਤੀਆਂ ਜਾਂਦੀਆਂ ਕੋਸ਼ਿਸ਼ਾਂ ਨੂੰ ਦਬਾਇਆ ਜਾਂਦਾ ਰਿਹਾ ਹੈ। ਸ. ਬਾਦਲ ਨੇ ਅੱਗੇ ਕਿਹਾ, ''ਕੋਬਰਾਪੋਸਟ ਵੱਲੋਂ ਕਾਬਿਲ-ਏ-ਤਾਰੀਫ਼ ਕੰਮ ਕੀਤਾ ਗਿਆ ਹੈ। ਅਸੀਂ ਸਾਰੀਆਂ ਮੀਡੀਆ ਅਤੇ ਮਨੁੱਖੀ ਅਧਿਕਾਰਾਂ ਸਬੰਧੀ ਸੰਸਥਾਵਾਂ ਨੂੰ ਵੀ ਅਪੀਲ ਕਰਦੇ ਹਾਂ ਕਿ ਉਹ ਇਸ ਦਿਸ਼ਾ 'ਚ ਆਪਣੇ ਕੰਮ 'ਚ ਤੇਜੀ ਲਿਆਉਣ। ਹੁਣ ਦੇਸ਼ 'ਚੋਂ ਕਾਂਗਰਸ ਖ਼ਤਮ ਹੋਣ ਜਾ ਰਹੀ ਹੈ ਅਤੇ ਇਸ 'ਚ ਇੰਨੀ ਤਾਕਤ ਨਹੀਂ ਰਹੀ ਕਿ ਹੁਣ ਇਹ ਆਪਣੇ ਆਗੂਆਂ ਨੂੰ ਇਨਸਾਫ ਦੇ ਹੱਥਾਂ ਤੋਂ ਬਚਾ ਸਕੇ। ਅਸੀਂ ਬੜੀ ਉਤਸੁਕਤਾ ਨਾਲ ਕੇਂਦਰ 'ਚ ਐਨ.ਡੀ.ਏ ਦੀ ਸਰਕਾਰ ਸਥਾਪਤ ਹੋਣ ਦੀ ਉਡੀਕ ਕਰ ਰਹੇ ਹਾਂ ਤਾਂ ਕਿ ਸਰਕਾਰ ਬਣਦਿਆਂ ਸਾਰ ਹੀ ਸਾਰੇ ਦੋਸ਼ੀਆਂ ਨੂੰ ਮਿਸਾਲੀ ਸਜ਼ਾਵਾਂ ਦਿਵਾਉਣ ਲਈ ਫਾਸਟ ਟਰੈਕ ਕਾਨੂੰਨੀ ਪ੍ਰਕ੍ਰਿਆ ਆਰੰਭੀ ਜਾ ਸਕੇ''।
ਇੱਕ ਹੋਰ ਸਵਾਲ ਦੇ ਜਵਾਬ 'ਚ ਸ. ਬਾਦਲ ਵਿਸ਼ਵਾਸ ਪ੍ਰਗਟ ਕੀਤਾ ਕਿ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਬਠਿੰਡਾ ਲੋਕ ਸਭਾ ਹਲਕੇ ਤੋਂ 2 ਲੱਖ ਤੋਂ ਵੱਧ ਵੋਟਾਂ ਨਾਲ ਜਿੱਤ ਪ੍ਰਾਪਤ ਕਰਨਗੇ। ਉਨ੍ਹਾਂ ਕਿਹਾ ਕਿ ਕੋਈ ਵੀ ਹਲਕੇ ਦੇ ਕਿਸੇ ਇੱਕ ਵੀ ਅਜਿਹੇ ਪਿੰਡ ਜਾਂ ਕਸਬੇ ਦਾ ਨਾਂਅ ਨਹੀ ਗਿਣਾ ਸਕਦਾ ਜਿਸ ਦਾ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਬੀਤੇ ਸਾਲਾਂ ਦੌਰਾਨ ਦੌਰਾ ਨਾ ਕੀਤਾ ਹੋਵੇ। ਉਨ੍ਹਾਂ ਕਿਹਾ ਕਿ ਬਤੌਰ ਸੰਸਦ ਮੈਂਬਰ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਹਲਕੇ ਦੇ ਪਿੰਡ-ਪਿੰਡ ਅਤੇ ਕਸਬੇ-ਕਸਬੇ 'ਚ ਵਿਚਰਦਿਆਂ ਜਿੱਥੇ ਲੋਕਾਂ ਦੀਆਂ ਸ਼ਿਕਾਇਤਾਂ ਦਾ ਨਿਵਾਰਨ ਕੀਤਾ ਉਥੇ ਵਿਕਾਸ ਦੇ ਨਵੇਂ ਪ੍ਰੋਜੈਕਟ ਆਰੰਭ ਕਰਵਾਏ। ਉਨ੍ਹਾਂ ਕਿਹਾ ਕਿ ਸ੍ਰੀਮਤੀ ਬਾਦਲ ਵੱਲੋਂ ਸੰਸਦ ਅੰਦਰ ਜਿਸ ਤਰ੍ਹਾਂ ਪ੍ਰਭਾਵਸ਼ਾਲੀ ਢੰਗ ਨਾਲ ਇਲਾਕੇ ਅਤੇ ਸੂਬੇ ਦੇ ਮੁੱਦੇ ਉਠਾਏ ਗਏ ਹਨ ਉਸ ਤੋਂ ਵੀ ਸਾਰੇ ਭਲੀਭਾਂਤ ਜਾਣੂੰ ਹਨ। ਉਨ੍ਹਾਂ ਕਿਹਾ ਕਿ ਅਕਾਲੀ-ਭਾਜਪਾ ਗਠਜੋੜ ਬਠਿੰਡਾ ਤੋਂ ਵੱਡੀ ਜਿੱਤ ਹਾਸਿਲ ਕਰਨ ਹੀ ਜਾ ਰਿਹਾ ਹੈ ਅਤੇ ਹਲਕੇ ਦੇ ਲੋਕਾਂ ਦਾ ਮੁੱਖ ਨਿਸ਼ਾਨਾ ਗਠਜੋੜ ਦੇ ਉਮੀਦਵਾਰ ਨੂੰ ਦੇਸ਼ ਭਰ 'ਚ ਸੱਭ ਤੋਂ ਵੱਧ ਫਰਕ ਨਾਲ ਜਿਤਾਉਣ ਦਾ ਹੈ।
ਇਸ ਤੋਂ ਪਹਿਲਾਂ ਰੈਲੀ ਨੂੰ ਸੰਬੋਧਨ ਕਰਦਿਆਂ ਸ. ਬਾਦਲ ਨੇ ਪੰਜਾਬ ਦੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ ਸੂਬੇ ਦੀ ਤਰੱਕੀ ਲਈ, ਕੇਂਦਰ ਤੋਂ ਵਧੀਆ ਪੈਕੇਜ਼ ਲੈਣ ਲਈ ਅਤੇ ਦੇਸ਼ ਨੂੰ ਸ਼ਾਂਤੀ, ਖੁਸ਼ਹਾਲੀ ਅਤੇ ਤਰੱਕੀ ਦੀ ਰਾਹ 'ਤੇ ਅੱਗੇ ਲਿਜਾਣ ਲਈ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਨੂੰ ਵੋਟ ਪਾਉਣ। ਉਨ੍ਹਾਂ ਪਹਿਲੀ ਵਾਰ ਵੋਟ ਦੀ ਵਰਤੋਂ ਕਰਨ ਜਾ ਰਹੇ ਨੌਜਵਾਨਾਂ ਨੂੰ ਵੀ ਅਪੀਲ ਕੀਤੀ ਕਿ ਉਹ ਪਾਰਟੀ ਦੇ ਉਮੀਦਵਾਰਾਂ ਦੇ ਹੱਕ 'ਚ ਵੋਟ ਪਾਉਣ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਸ਼ੁਰੂ ਤੋਂ ਲੈ ਕੇ ਹੁਣ ਤੱਕ ਹਮੇਸ਼ਾਂ ਵਿਕਾਸ ਅਤੇ ਸਮਾਜ ਭਲਾਈ ਲਈ ਹੀ ਕੰਮ ਕਰਦਾ ਆ ਰਿਹਾ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਦੀ ਕੇਂਦਰ ਸਰਕਾਰ ਦੇ ਮਤਰਏ ਰਵੱਈਏ ਦਾ ਬਾਵਜੂਦ ਅਕਾਲੀ-ਭਾਜਪਾ ਸਰਕਾਰ ਨੇ ਸੂਬੇ ਦੇ ਸੀਮਤ ਸਾਂਧਨਾ ਦੀ ਸੁਚੱਜੀ ਵਰਤੋਂ ਕਰਦਿਆਂ ਪੰਜਾਬ ਨੂੰ ਵਿਕਾਸ ਦੀਆਂ ਬੁਲੰਦੀਆਂ ਵੱਲ ਤੋਰਿਆ ਹੈ। ਉਨ੍ਹਾਂ ਵਾਅਦਾ ਕੀਤਾ ਕਿ ਕੇਂਦਰ 'ਚ ਐਨ.ਡੀ.ਏ ਸਰਕਾਰ ਦੇ ਗਠਨ ਉਪਰੰਤ ਸ੍ਰੀ ਨਰਿੰਦਰ ਮੋਦੀ, ਸ. ਪ੍ਰਕਾਸ਼ ਸਿੰਘ ਬਾਦਲ ਅਤੇ ਸ੍ਰੀ ਅਰੁਣ ਜੇਤਲੀ ਪੰਜਾਬ ਦੇ ਵਿਕਾਸ 'ਚ 10 ਗੁਣਾਂ ਤੇਜੀ ਲੈ ਆਉਣਗੇ।
ਇਸੇ ਦੌਰਾਨ ਰੈਕਗਨਾਈਜ਼ਡ ਐਂਡ ਐਫੀਲੀਏਟਿਡ ਸਕੂਲ ਐਸੋਸੀਏਸ਼ਨ ਪੰਜਾਬ ਵੱਲੋਂ ਐਸੋਸੀਏਸ਼ਨ ਦੇ ਪ੍ਰਧਾਨ ਸ. ਰਵਿੰਦਰ ਸਿੰਘ ਮਾਨ, ਜਨਰਲ ਸਕੱਤਰ ਸ੍ਰੀ ਕੁਲਵੰਤ ਰਾਏ ਸ਼ਰਮਾ ਦੀ ਅਗਵਾਈ ਹੇਠ ਅਕਾਲੀ-ਭਾਜਪਾ ਗਠਜੋੜ ਦੇ ਸਾਰੇ ਦੇ ਸਾਰੇ 13 ਉਮੀਦਵਾਰਾਂ ਦੀ ਹਿਮਾਇਤ ਦਾ ਐਲਾਨ ਕੀਤਾ। ਉਨ੍ਹਾਂ ਤੋਂ ਇਲਾਵਾ ਕਾਰਡੀਨੇਟਰ ਸੀ.ਬੀ.ਐਸ.ਈ ਸਕੂਲ ਯੂਨੀਅਨ ਸ੍ਰੀ ਵਿਨੋਦ ਸ਼ਰਮਾ, ਸਕੂਲ ਬਸ ਯੂਨੀਅਨ ਦੇ ਪ੍ਰਧਾਨ ਸ. ਗੁਰਪ੍ਰੀਤ ਸਿੰਘ ਹੈਪੀ ਅਤੇ ਬਾਬਾ ਫਰੀਦ ਕਾਲਜ ਐਸੋਸੀਏਸ਼ਨ ਤੋਂ ਗੁਰਮੀਤ ਸਿੰਘ ਧਾਰੀਵਾਲ ਵੱਲੋਂ ਵੀ ਅਕਾਲੀ-ਭਾਜਪਾ ਗਠਜੋੜ ਦੇ ਉਮੀਦਵਾਰਾਂ ਦੀ ਹਿਮਾਇਤ ਐਲਾਨੀ ਗਈ। ਇਸ ਮੌਕੇ ਇੰਨ੍ਹਾ ਆਗੂਆਂ ਤੋਂ ਇਲਾਵਾ ਸ. ਸਿਕੰਦਰ ਸਿੰਘ ਮਲੂਕਾ ਵੱਲੋਂ ਵੀ ਰੈਲੀਆਂ ਨੂੰ ਸੰਬੋਧਨ ਕੀਤਾ ਗਿਆ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਗਠਜੋੜ 13 ਦੀਆਂ 13 ਸੀਟਾਂ 'ਤੇ ਸ਼ਾਨਦਾਰ ਜਿੱਤ ਪ੍ਰਾਪਤ ਕਰੇਗਾ।