ਹਲਕਾ ਦਾਖਾ ਦੇ ਵੱਖ-ਵੱਖ ਪਿੰਡਾਂ 'ਚੋ ਨਿੱਕਲਿਆ ਬੈਂਸ ਦਾ ਵਿਸ਼ਾਲ ਰੋਡ ਸ਼ੋਅ
ਵਿਸ਼ਾਲ ਕਾਫਿਲੇ ਨੇ ਲਗਾਈ ਬੈਂਸ ਦੀ ਇੱਕਤਰਫਾ ਜਿੱਤ 'ਤੇ ਮੋਹਰ,31 ਪਿੰਡਾਂ 'ਚੋ ਨਿੱਕਲੇ ਕਾਫਿਲੇ ਨੇ ਕੀਤਾ ਹਲਕਾ ਦਾਖਾ ਫ਼ਤਿਹ
5 ਦਰਿਆ ਨਿਊਜ਼ (ਅਜੈ ਪਾਹਵਾ)
ਲੁਧਿਆਣਾ 23-Apr-2014
ਲੋਕ ਸਭਾ ਹਲਕਾ ਲੁਧਿਆਣਾ ਤੋ ਆਜ਼ਾਦ ਉਮੀਦਵਾਰ ਸਿਮਰਜੀਤ ਸਿੰਘ ਬੈਂਸ ਦੀ ਚੋਣ ਮੁਹਿੰਮ ਦਿਨੋ ਦਿਨ ਭਖਦੀ ਜਾ ਰਹੀ ਹੈ ਅਤੇ ਦਿਨੋ ਦਿਨ ਸਿਮਰਜੀਤ ਸਿੰਘ ਬੈਂਸ ਦੇ ਹੱਕ ਵਿੱਚ ਵਿਸ਼ਾਲ ਰੂਪ 'ਚ ਸੰਗਤ ਦਾ ਹੋ ਰਿਹਾ ਇਕੱਠ ਪੰਜਾਬ ਦੀ ਧਰਤੀ 'ਤੇ ਨਵਾਂ ਇਤਿਹਾਸ ਸਿਰਜਣ ਦੀ ਗਵਾਹੀ ਭਰ ਰਿਹਾ ਹੈ। ਅੱਜ ਹਲਕਾ ਦਾਖੀ ਅਧੀਨ ਪੈਂਦੇ ਪਿੰਡਾਂ ਝਾਂਡੇ, ਬੱਦੋਵਾਲ, ਪਮਾਲ, ਪਮਾਲੀ, ਹਸਨਪੁਰ, ਭਨੌੜ, ਰੁੜਕਾ, ਮੋਹੀ, ਜਾਂਗਪੁਰ, ਰਕਬਾ, ਬੋਪਾਰਾਏ ਕਲਾਂ, ਜੱਸੋਵਾਲ, ਕੁਲਾਰ, ਸੂਜਾਪੁਰ, ਪੱਬੀਆਂ, ਸੋਹੀਆਂ, ਚੌਕੀਮਾਨ, ਗੁੜੇ, ਸਵੱਦੀ, ਵਿਰਕ, ਤਲਵੰਡੀ ਕਲਾਂ, ਮੁੱਲਾਂਪੁਰ, ਗਹੌਰ, ਦੇਤਵਾਲ, ਬੀਰਮੀ ਆਦਿ ਪਿੰਡਾਂ ਵਿੱਚੋ ਗੁਜ਼ਰਦੇ ਹੋਏ ਸ. ਸਿਮਰਜੀਤ ਸਿੰਘ ਬੈਂਸ ਨੇ ਵੱਡੀ ਗਿਣਤੀ 'ਚ ਹਾਜ਼ਿਰ ਸਮਰਥਕਾਂ ਅਤੇ ਇਲਾਕਾ ਨਿਵਾਸੀਆਂ ਦੀ ਹਾਜ਼ਿਰੀ ਵਿੱਚ ਰੋਡ ਸ਼ੋ ਕੱਢਿਆ ਜੋ ਕੁਝ ਹੀ ਪਲਾਂ ਵਿੱਚ ਮਹਾਂ ਰੈਲੀ ਦਾ ਰੂਪ ਧਾਰਨ ਕਰ ਗਿਆ। ਰੋਡ ਸ਼ੋ ਦੌਰਾਨ ਵੱਖ-ਵੱਖ ਪਿੰਡਾਂ ਵਿੱਚ ਸ. ਸਿਮਰਜੀਤ ਸਿੰਘ ਬੈਂਸ ਨੂੰ ਸਨਮਾਨਿਤ ਕੀਤਾ ਗਿਆ ਜਿੱਥੇ ਵੱਡੀ ਗਿਣਤੀ 'ਚ ਹਾਜ਼ਿਰ ਇਲਾਕਾ ਨਿਵਾਸੀਆਂ ਨੇ ਸ. ਸਿਮਰਜੀਤ ਸਿੰਘ ਬੈਂਸ ਦੇ ਹੱਕ 'ਚ ਜਿੱਤ ਦਾ ਨਾਅਰਾ ਮਾਰਦਿਆਂ ਉਹਨਾਂ ਨੂੰ ਸਿਰੋਪਾਓ ਅਤੇ ਹਾਰਾਂ ਨਾਲ ਨੱਕੋ-ਨੱਕੋ ਲੱਦ ਦਿੱਤਾ। ਵਿਸ਼ਾਲ ਕਾਫਿਲੇ ਦੇ ਰੂਪ ਵਿੱਚ ਇਕੱਠੇ ਹੋਏ ਬੈਂਸ ਸਮਰਥਕ ਆਪਣੇ ਮਹਿਬੂਬ ਨੇਤਾ ਦੀ ਉਤਸੁਕਤਾ ਨਾਲ ਉਡੀਕ ਕਰ ਰਿਹਾ ਸੀ।
ਇਸ ਮੌਕੇ ਸਟੇਜ ਉੱਪਰੋ ਸੰਗਤਾਂ ਦੇ ਵਿਸ਼ਾਲ ਹਜ਼ੂਮ ਨੂੰ ਸੰਬੋਧਨ ਕਰਦਿਆਂ ਸ. ਸਿਮਰਜੀਤ ਸਿੰਘ ਬੈਂਸ ਨੇ ਕਿਹਾ ਕਿ ਅੱਜ ਦੇ ਰੋਡ ਸ਼ੋਅ ਵਿੱਚ ਮੌਜੂਦ ਸਾਰੇ ਹੀ ਇਲਾਕਾ ਨਿਵਾਸੀਆਂ ਦਾ ਹਮੇਸ਼ਾ ਕਰਜ਼ਦਾਰ ਰਹਾਂਗਾ ਕਿਉਂਕਿ ਉਹਨਾਂ ਦੇ ਕਾਫਿਲੇ ਵਿੱਚ ਆਮ ਲੋਕ ਹਨ ਜਿਹੜੇ ਬਿਨਾਂ ਕਿਸੇ ਲਾਲਚ ਅਤੇ ਬਿਨਾਂ ਕਿਸੇ ਡਰ ਤੋ ਹੱਕ-ਸੱਚ ਦੀ ਆਵਾਜ਼ ਬੁਲੰਦ ਕਰਨ ਲਈ ਤਗੜੇ ਹੋ ਕੇ ਨਿੱਤਰੇ ਹਨ। ਜ਼ਿਕਰਯੋਗ ਹੈ ਕਿ ਇਸ ਤੋ ਪਹਿਲਾਂ ਲੁਧਿਆਣਾ ਦੇ ਚੌੜਾ ਬਾਜ਼ਾਰ, ਘੁਮਾਰ ਮੰਡੀ, ਜਗਰਾਂਓ, ਮੁੱਲਾਂਪੁਰ ਅਤੇ ਸਿੱਧਵਾਂ ਬੇਟ ਇਲਾਕਿਆਂ ਵਿਖੇ ਵੀ ਸ. ਸਿਮਰਜੀਤ ਸਿੰਘ ਬੈਂਸ ਵੱਲੋ ਰੋਡ ਸ਼ੋਅ ਕੱਢਿਆ ਗਿਆ ਸੀ ਜਿਸਦੇ ਠਾਠਾਂ ਮਾਰਦੇ ਇਕੱਠ ਨੇ ਵਿਰੋਧੀ ਉਮੀਦਵਾਰਾਂ ਨੂੰ ਹਿਲਾ ਕੇ ਰੱਖ ਦਿੱਤਾ ਸੀ ਅਤੇ ਅੱਜ ਹਲਕਾ ਦਾਖਾ ਦੇ ਪਿੰਡਾਂ ਵਿੱਚੋ ਨਿੱਕਲੇ ਵਿਸ਼ਾਲ ਰੋਡ ਸ਼ੋਅ ਨੇ ਵਿਰੋਧੀ ਉਮੀਦਵਾਰਾਂ ਦੇ ਖੋਖਲੇ ਜਿੱਤ ਦੇ ਦਾਅਵਿਆਂ ਦੀ ਹਵਾ ਕੱਢ ਕੇ ਰੱਖ ਦਿੱਤੀ ਹੈ।