5 Dariya News

ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਅਤੇ ਐਸਐਸਪੀ ਵੱਲੋਂ ਗਿਣਤੀ ਕੇਂਦਰਾਂ ਦਾ ਦੌਰਾ

5 Dariya News

ਫਾਜ਼ਿਲਕਾ 01-May-2024

ਫਾਜ਼ਿਲਕਾ ਦੇ ਜ਼ਿਲ੍ਹਾ ਚੋਣ ਅਫ਼ਸਰ ਕਮ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਆਈਏਐਸ ਅਤੇ ਐਸਐਸਪੀ ਡਾ: ਪ੍ਰਗਿਆ ਜੈਨ ਨੇ ਅੱਜ ਇੱਥੋਂ ਦੇ ਸਰਕਾਰੀ ਸੀਨਿਅਰ ਸੈਕੰਡਰੀ ਸਕੂਲ ਲੜਕੇ ਫਾਜ਼ਿਲਕਾ ਵਿਖੇ ਲੋਕ ਸਭਾ ਚੋਣਾਂ ਸਬੰਧੀ ਬਣਨ ਵਾਲੇ ਗਿਣਤੀ ਕੇਂਦਰਾਂ ਦਾ ਦੌਰਾ ਕਰਕੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇੱਥੇ ਫਾਜ਼ਿਲਕਾ ਅਤੇ ਜਲਾਲਾਬਾਦ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਹੋਵੇਗੀ ਜਦ ਕਿ ਬੱਲੂਆਣਾ ਤੇ ਅਬੋਹਰ ਵਿਧਾਨ ਸਭਾ ਹਲਕਿਆਂ ਦੀ ਗਿਣਤੀ ਅਬੋਹਰ ਵਿਖੇ ਹੋਵੇਗੀ। 

ਜਿਕਰਯੋਗ ਹੈ ਕਿ 1 ਜੂਨ 2024 ਨੂੰ ਲੋਕ ਸਭਾ ਚੋਣਾਂ ਲਈ ਪੈਣ ਵਾਲੀਆਂ ਵੋਟਾਂ ਦੀ ਗਿਣਤੀ 4 ਜੂਨ 2024 ਨੂੰ ਹੋਣੀ ਹੈ। ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਗਿਣਤੀ ਕੇਂਦਰ ਅਤੇ ਸਟਰਾਂਗ ਰੂਮ ਪੂਰੀ ਤਰਾਂ ਸੀਸੀਟੀਵੀ ਕੈਮਰਿਆਂ ਦੀ ਨਿਗਰਾਨੀ ਹੇਠ ਹੋਣਗੇ ਅਤੇ ਇੱਥੇ ਤਿੰਨ ਪਰਤੀ ਸੁਰੱਖਿਆ ਵਿਵਸਥਾ ਕੀਤੀ ਜਾਵੇਗੀ। 

ਉਨ੍ਹਾਂ ਨੇ ਕਿਹਾ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਕਿਹਾ ਕਿ ਲੋਕ ਸਭਾ ਚੋਣਾਂ ਦੀ ਗਿਣਤੀ ਸਬੰਧੀ ਕੀਤੀਆਂ ਜਾਣ ਵਾਲੀਆਂ ਤਿਆਰੀਆਂ ਹੁਣੇ ਹੀ ਆਰੰਭ ਦਿੱਤੀਆਂ ਜਾਣ। ਉਨ੍ਹਾਂ ਦੇ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਕਮ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ, ਐਸਪੀ ਸ੍ਰੀ ਰਮਨੀਸ਼ ਚੌਧਰੀ, ਐਸਡੀਐਮ ਸ੍ਰੀ ਵਿਪਨ ਭੰਡਾਰੀ, ਡੀਐਸਪੀ ਸੁਬੇਗ ਸਿੰਘ, ਨਾਇਬ ਤਹਿਸੀਲਦਾਰ ਸ੍ਰੀ ਹਰਪ੍ਰੀਤ ਸਿੰਘ ਗਿੱਲ ਵੀ ਹਾਜਰ ਸਨ।