5 Dariya News

ਲੋਕ ਸਭਾ ਚੋਣਾਂ ਦੌਰਾਨ ਸੁਰੱਖਿਆ ਪ੍ਰਬੰਧਾਂ ਅਤੇ ਗਰਮੀ ਦੇ ਪ੍ਰਭਾਵ ਤੋਂ ਮਤਦਾਤਾਵਾਂ ਨੂੰ ਬਚਾਉਣ ਲਈ ਬੈਠਕ

5 Dariya News

ਫਾਜ਼ਿਲਕਾ 25-Apr-2024

ਡਿਪਟੀ ਕਮਿਸ਼ਨਰ ਕਮ ਜ਼ਿਲ੍ਹਾ ਚੋਣ ਅਫਸਰ ਡਾ ਸੇਨੂ ਦੁੱਗਲ ਦੀ ਅਗਵਾਈ ਵਿੱਚ ਲੋਕ ਸਭਾ ਚੋਣਾਂ ਦੀਆਂ ਤਿਆਰੀਆਂ ਅਤੇ ਸੁਰੱਖਿਆ ਪ੍ਰਬੰਧਾਂ ਸਬੰਧੀ ਇੱਕ ਬੈਠਕ ਹੋਈ। ਬੈਠਕ ਵਿੱਚ ਐਸਐਸਪੀ ਡਾ: ਪ੍ਰਗਿਆ ਜੈਨ ਵੀ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ। ਇਸ ਮੌਕੇ ਡਿਪਟੀ ਕਮਿਸ਼ਨਰ ਨੇ ਆਖਿਆ ਕਿ ਲੋਕ ਸਭਾ ਚੋਣਾਂ ਦੇ ਮੱਦੇ ਨਜ਼ਰ ਸਾਰੀਆਂ ਤਿਆਰੀਆਂ ਸਮੇਂ ਸਿਰ ਪੂਰੀਆਂ ਕੀਤੀਆਂ ਜਾਣ।

ਉਹਨਾਂ ਨੇ ਕਿਹਾ ਕਿ ਵੱਖ-ਵੱਖ ਥਾਵਾਂ ਤੇ ਜੋ ਨਾਕੇ ਲਗਾਏ ਗਏ ਹਨ ਉਹਨਾਂ ਤੇ ਪੂਰੀ ਚੌਕਸੀ ਰੱਖੀ ਜਾਵੇ ਅਤੇ ਉੜਨ ਦਸਤਿਆਂ ਨੂੰ ਵੀ ਪੂਰਾ ਕਾਰਜਸ਼ੀਲ ਰੱਖਿਆ ਜਾਵੇ। ਉਨਾਂ ਨੇ ਹਦਾਇਤ ਕੀਤੀ ਕਿ 1 ਜੂਨ ਮਤਦਾਨ ਵਾਲੇ ਦਿਨ ਬਹੁਤ ਗਰਮੀ ਹੋਣ ਦੀ ਸੰਭਾਵਨਾ ਹੈ ਇਸ ਲਈ ਪੋਲਿੰਗ ਬੂਥਾਂ ਤੇ ਵੋਟਰਾਂ ਦੀ ਸਹੂਲਤ ਲਈ ਛਾਂ ਦਾ ਪ੍ਰਬੰਧ ਕੀਤਾ ਜਾਵੇ ਅਤੇ ਪੱਖੇ, ਕੁਰਸੀਆਂ, ਪੀਣ ਦਾ ਪਾਣੀ ਆਦਿ ਦੀ ਵਿਵਸਥਾ ਕੀਤੀ ਜਾਵੇ ਤਾਂ ਜੋ ਮਤਦਾਨ ਕਰਨ ਲਈ ਵੱਡੀ ਗਿਣਤੀ ਵਿੱਚ ਵੋਟਰ ਆ ਸਕਣ।

ਉਨ੍ਹਾਂ ਨੇ ਕਿਹਾ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਅਨੁਸਾਰ ਮਾਡਲ ਪੋਲਿੰਗ ਬੂਥ ਵੀ ਬਣਾਏ ਜਾਣ। ਉਹਨਾਂ ਨੇ ਆਖਿਆ ਕਿ ਵੋਟਰਾਂ ਜਾਗਰੂਕਤਾ ਲਈ ਵੀ ਗਤੀਵਿਧੀਆਂ ਲਗਾਤਾਰ ਜਾਰੀ ਰੱਖੀਆਂ ਜਾਣ। ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ਼੍ਰੀ ਰਾਕੇਸ਼ ਕੁਮਾਰ ਪੋਪਲੀ, ਵਧੀਕ ਡਿਪਟੀ ਕਮਿਸ਼ਨਰ ਵਿਕਾਸ ਸ਼੍ਰੀ ਅਮਰਿੰਦਰ ਸਿੰਘ ਮੱਲ੍ਹੀ, ਐਸਡੀਐਮ ਸ੍ਰੀ ਵਿਪਨ ਭੰਡਾਰੀ, ਸ੍ਰੀ ਪੰਕਜ ਬਾਂਸਲ ਅਤੇ ਬਲਕਰਨ ਸਿੰਘ , ਡੀਐਸਪੀ ਸੁਬੇਗ ਸਿੰਘ, ਅਰੁਣ ਮੁੰਡਨ ਅਤੇ ਏਆਰ ਸ਼ਰਮਾ ਵੀ ਹਾਜ਼ਰ ਸਨ।