5 Dariya News

ਈ-ਸਿਗਰੇਟ ਨੂੰ ਵਰਤਣ ਤੇ ਵੇਚਣ ਉੱਪਰ ਪੂਰਨ ਪਾਬੰਦੀ, ਸਜ਼ਾ ਤੇ ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ-ਡਿਪਟੀ ਕਮਿਸ਼ਨਰ

ਵਿਭਾਗਾਂ ਦੀ ਮੀਟਿੰਗ ਜਰੀਏ ਤੰਬਾਕੂ ਕੰਟਰੋਲ ਐਕਟ ਦੇ ਨਿਯਮਾਂ ਦੀ ਉਲੰਘਣਾ ਵਾਲਿਆਂ ਦੇ ਚਲਾਨ ਕਰਨ ਦੇ ਦਿੱਤੇ ਨਿਰਦੇਸ਼

5 Dariya News

ਮੋਗਾ 25-Apr-2024

ਸਬੰਧਤ ਵਿਭਾਗ ਤੰਬਾਕੂ ਕੰਟਰੋਲ ਐਕਟ ਅਤੇ ਕੋਟਪਾ ਐਕਟ ਦੇ ਨਿਯਮਾਂ ਦੀ ਇੰਨ ਬਿੰਨ ਪਾਲਣਾ ਨੂੰ ਯਕੀਨੀ ਬਣਾਉਣ ਲਈ ਆਪਣੇ ਯਤਨ ਜਾਰੀ ਰੱਖਣ। ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਸਬੰਧਤ ਵਿਭਾਗ ਨਿਯਮਾਂ ਅਨੁਸਾਰ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ। ਇਹ ਪ੍ਰਗਟਾਵਾ ਡਿਪਟੀ ਕਮਿਸ਼ਨਰ ਮੋਗਾ ਸ੍ਰ. ਕੁਲਵੰਤ ਸਿੰਘ ਨੇ ਅੱਜ ਤੰਬਾਕੂ ਕੰਟਰੋਲ ਐਕਟ ਅਤੇ ਨੈਸ਼ਨਲ ਵੈਕਟਰ ਬੋਰਨ ਡਿਜ਼ੀਜ਼ ਕੰਟਰੋਲ ਪ੍ਰੋਗਰਾਮ ਸਬੰਧੀ ਬੁਲਾਈ ਗਈ ਮੀਟਿੰਗ ਦੌਰਾਨ ਕੀਤਾ। 

ਇਸ ਮੀਟਿੰਗ ਵਿੱਚ ਐਸ.ਡੀ.ਐਮ. ਮੋਗਾ ਸ੍ਰ. ਸਾਰੰਗਪ੍ਰੀਤ ਸਿੰਘ, ਸਿਹਤ ਵਿਭਾਗ, ਪੁਲਿਸ ਵਿਭਾਗ, ਆਬਕਾਰੀ ਵਿਭਾਗ, ਸਿੱਖਿਆ ਵਿਭਾਗ, ਸਥਾਨਕ ਸਰਕਾਰਾਂ ਵਿਭਾਗ, ਪੇਂਡੂ ਵਿਕਾਸ ਤੇ ਪੰਚਾਇਤ ਵਿਭਾਗ ਤੋਂ ਇਲਾਵਾ ਜ਼ਿਲ੍ਹੇ ਦੀਆਂ ਐਨ.ਜੀ.ਓ.ਜ਼ ਨੇ ਹਿੱਸਾ ਲਿਆ।ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਇਸ ਐਕਟ ਅਧੀਨ ਤੰਬਾਕੂ ਉਤਪਾਦਾਂ ਦੀ ਇਸ਼ਤਿਹਾਰਬਾਜ਼ੀ ਦੀ ਵੀ ਮਨਾਹੀ ਹੈ ਅਤੇ 18 ਸਾਲ ਤੋਂ ਘੱਟ ਉਮਰ ਦੇ ਵਿਅਕਤੀ ਨੂੰ ਤੰਬਾਕੂ ਉਤਪਾਦਾਂ ਦੀ ਵਿਕਰੀ ਨਹੀਂ ਕੀਤੀ ਜਾ ਸਕਦੀ।

ਇਸੇ ਤਰ੍ਹਾਂ ਵਿਦਿਅਕ ਸੰਸਥਾਵਾਂ ਦੇ 100 ਗਜ਼ ਘੇਰੇ ਅੰਦਰ ਤੰਬਾਕੂ ਉਤਪਾਦਾਂ ਨੂੰ ਵੇਚਣ ਦੀ ਮਨਾਹੀ ਹੈ। ਉਨ੍ਰਾਂ ਦੱਸਿਆ ਕਿ  ਪ੍ਰੋਹਿਬਸ਼ਨ ਆਫ਼ ਈ ਸਿਗਰੇਟ ਐਕਟ 2019 ਤਹਿਤ ਲੋਕਾਂ ਨੂੰ ਨੁਕਸਾਨ ਤੋਂ ਬਚਾਉਣ ਲਈ ਅਤੇ ਇਸ ਨਾਲ ਜੁੜੇ ਜਾਂ ਇਸ ਨਾਲ ਸਬੰਧਤ ਮਾਮਲਿਆਂ ਲਈ ਜਨਤਕ ਸਿਹਤ ਦੇ ਹਿੱਤ ਵਿੱਚ ਇਲੈਕਟ੍ਰਾਨਿਕ ਸਿਰਗੇਟ ਦੇ ਉਤਪਾਦਨ, ਨਿਰਮਾਣ, ਆਯਾਤ, ਨਿਰਯਾਤ, ਆਵਾਜਾਈ ਵਿਕਰੀ, ਵੰਡ, ਸਟੋਰੇਜ਼ ਅਤੇ ਇਸ਼ਤਿਹਾਰਬਾਜ਼ੀ ਉੱਪਰ ਮੁਕੰਮਲ ਪਾਬੰਦੀ ਹੈ।ਇਸ ਨੂੰ ਵੇਚਣ ਵਾਲਿਆਂ ਜਾਂ ਵਰਤਣ ਵਾਲਿਆਂ ਨੂੰ ਸਜਾ, ਜੁਰਮਾਨਾ ਜਾਂ ਦੋਨੋਂ ਹੋ ਸਕਦੇ ਹਨ।

ਸਿਹਤ ਵਿਭਾਗ ਦੇ ਨੁਮਾਇੰਦਿਆਂ ਨੇ ਡਿਪਟੀ ਕਮਿਸ਼ਨਰ ਨੂੰ ਦੱਸਿਆ ਕਿ ਪਿਛਲੇ ਸਾਲ ਕੋਟਪਾ ਐਕਟ ਦੀ ਉਲੰਘਣਾ ਕਰਨ ਵਾਲੇ ਵੱਖ ਵੱਖ ਵਿਅਕਤੀਆਂ ਦੇ ਲਗਭਗ 410 ਚਲਾਨ ਕੀਤੇ ਗਏ ਸਨ ਅਤੇ ਇਸ ਤਹਿਤ ਚੈਕਿੰਗਾਂ ਨਿਰੰਤਰ ਜਾਰੀ ਰੱਖੀਆਂ ਜਾ ਰਹੀਆਂ ਹਨ। ਉਲੰਘਣਾ ਕਰਨ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾ ਰਿਹਾ।ਉਨ੍ਹਾਂ ਸਮੂਹ ਵਿਭਾਗਾਂ ਦੇ ਮੁਖੀਆਂ ਨੂੰ ਤੰਬਾਕੂ ਕੰਟਰੋਲ ਐਕਟ ਦੀ ਉਲੰਘਣਾ ਕਰਨ ਤੇ ਜੁਰਮਾਨੇ ਵਸੂਲਣ ਲਈ ਕਿਹਾ ਅਤੇ ਲੋਕਾਂ ਨੂੰ ਤੰਬਾਕੂ ਉਤਪਾਦਾਂ ਦੇ ਸੇਵਨ ਦੇ ਸਿਹਤ ਤੇ ਮਾੜੇ ਪ੍ਰਭਾਵਾਂ ਸਬੰਧੀ ਜਾਂਗਰੂਕ ਕਰਨ ਲਈ ਕਿਹਾ।