5 Dariya News

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਕਾਰੀ ਸਕੂਲਾਂ ’ਚ ਦਾਖਲਾ ਦਰ ਵਧਾਉਣ ਲਈ ਸਰਗਰਮ ਯੋਗਦਾਨ ਪਾਉਣ ਵਾਲੇ ਅਧਿਆਪਕ ਸਨਮਾਨਿਤ

5 Dariya News

ਸੰਗਰੂਰ 24-Apr-2024

ਮੌਜੂਦਾ ਵਿਦਿਅਕ ਵਰ੍ਹੇ ਲਈ ਸਰਕਾਰੀ ਸਕੂਲਾਂ ਵਿੱਚ 6ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ ਦੀ ਦਾਖਲਾ ਦਰ ਵਧਾਉਣ ਲਈ ਜ਼ਮੀਨੀ ਪੱਧਰ ’ਤੇ ਸਾਰਥਕ ਉਪਰਾਲੇ ਕਰਨ ਵਾਲੇ ਅਗਾਂਹਵਧੂ ਅਧਿਆਪਕਾਂ ਨੂੰ ਅੱਜ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਵਿਸ਼ੇਸ਼ ਤੌਰ ’ਤੇ ਸਨਮਾਨਿਤ ਕੀਤਾ। ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਆਯੋਜਿਤ ਮੀਟਿੰਗ ਦੌਰਾਨ ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਨੇ ਕਿਹਾ ਕਿ ਜ਼ਿਲ੍ਹੇੇ ਅਧੀਨ ਆਉਂਦੇ 9 ਸਿੱਖਿਆ ਬਲਾਕਾਂ ਦੇ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਨੂੰ ਦਾਖਲੇ ਲਈ ਨਿਯਮਤ ਤੌਰ ’ਤੇ ਪ੍ਰੇਰਿਤ ਕਰਨ ਵਿੱਚ ਦਿਲਚਸਪੀ ਦਿਖਾਉਣ ਵਾਲੇ ਸਕੂਲ ਮੁਖੀ ਤੇ ਅਧਿਆਪਕ ਵਧਾਈ ਦੇ ਪਾਤਰ ਹਨ ਕਿਉਂਜੋ ਅਧਿਆਪਕ ਵਰਗ ਹੀ ਰਾਹ ਦਸੇਰਾ ਬਣ ਕੇ ਜਿੰਦਗੀ ਨੂੰ ਰੌਸ਼ਨ ਕਰਨ ਦੇ ਸਮਰੱਥ ਬਣਾਉਂਦਾ ਹੈ। 

ਡਿਪਟੀ ਕਮਿਸ਼ਨਰ ਨੇ ਇਨਰੋਲਮੈਂਟ ਮੁਹਿੰਮ ਵਿੱਚ ਸਰਗਰਮ ਸਹਿਯੋਗ ਦੇਣ ਲਈ ਜ਼ਿਲ੍ਹਾ ਨੋਡਲ ਅਫ਼ਸਰ ਪ੍ਰਿੰਸੀਪਲ ਬਿਪਨ ਚਾਵਲਾ, ਸਹਾਇਕ ਜਿਲ੍ਹਾ ਨੋਡਲ ਅਫ਼ਸਰ ਹੈਡ ਮਿਸਟ੍ਰੈਸ ਸ਼ੀਨੂੰ, ਬਲਾਕ ਨੋਡਲ ਅਫ਼ਸਰ ਹਰਪ੍ਰੀਤ ਸਿੰਘ, ਪ੍ਰਿੰਸੀਪਲ ਦਿਲਦੀਪ ਕੌਰ ਲਹਿਰਾਗਾਗਾ, ਪ੍ਰਿੰਸੀਪਲ ਨੀਲਮ ਰਾਣੀ ਬਲਾਕ ਨੋਡਲ ਅਫ਼ਸਰ ਸੁਨਾਮ-1, ਪ੍ਰਿੰਸੀਪਲ ਰਵਿੰਦਰ ਕੌਰ ਛੱਤਵਾਲ ਬਲਾਕ ਨੋਡਲ ਅਫ਼ਸਰ ਸੁਨਾਮ-2, ਪ੍ਰਿੰਸੀਪਲ ਪ੍ਰਦੀਪ ਕੁਮਾਰ ਬਲਾਕ ਨੋਡਲ ਅਫ਼ਸਰ ਮੂਨਕ, ਹੈਡਮਾਸਟਰ ਵਿਪਨ ਕੁਮਾਰ ਗਰਗ ਬਲਾਕ ਨੋਡਲ ਅਫ਼ਸਰ ਧੂਰੀ, ਹੈਡਮਾਸਟਰ ਅਸ਼ੋਕ ਕੁਮਾਰ ਬਲਾਕ ਨੋਡਲ ਅਫਸਰ ਸ਼ੇਰਪੁਰ, ਹੈਡਮਾਸਟਰ ਕੁਲਵੀਰ ਸਿੰਘ ਬਲਾਕ ਨੋਡਲ ਅਫਸਰ ਸੰਗਰੂਰ-2, ਹੈਡਮਾਸਟਰ ਸੁਖਦੀਪ ਸਿੰਘ ਡੀਐਸਐਮ ਤੇ ਹੈਡਮਿਸਟ੍ਰੈਸ ਮਨਜੋਤ ਕੌਰ ਨੂੰ ਸਨਮਾਨਿਤ ਕੀਤਾ ਗਿਆ ਅਤੇ ਭਵਿੱਖ ਲਈ ਸੁਭਕਾਮਨਾਵਾਂ ਦਿੱਤੀਆਂ ਗਈਆਂ।ਇਸ ਮੌਕੇ ਜ਼ਿਲਾ ਸਿੱਖਿਆ ਅਫਸਰ ਪ੍ਰਾਇਮਰੀ ਬਲਜਿੰਦਰ ਕੌਰ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਪ੍ਰੀਤਇੰਦਰ ਘਈ ਵੀ ਹਾਜ਼ਰ ਸਨ।