5 Dariya News

ਆਰ.ਟੀ.ਓ ਨੇ ਸੈਂਟ ਕਾਰਮਲ ਤੇ ਸਤਲੁਜ ਪਬਲਿਕ ਸਕੂਲ ਦੀਆਂ 6 ਬੱਸਾਂ ਦੇ ਚਲਾਨ ਕੀਤੇ ਤੇ 2 ਨੂੰ ਕੀਤਾ ਇੰਪਾਉਂਡ

7 ਦਿਨਾਂ ਦੇ ਅੰਦਰ ਸਕੂਲਾਂ ਨੂੰ 'ਸੇਫ਼ ਸਕੂਲ ਵਾਹਨ ਪਾਲਿਸੀ' ਦੀਆਂ ਸ਼ਰਤਾਂ ਪੂਰੀਆਂ ਕਰਨ ਸਬੰਧੀ ਹਲਫਨਾਮਾ ਦੇਣ ਦੀ ਹਦਾਇਤ

5 Dariya News

ਰੂਪਨਗਰ 24-Apr-2024

ਆਰ.ਟੀ.ਓ ਰੂਪਨਗਰ ਸ. ਗੁਰਵਿੰਦਰ ਸਿੰਘ ਜੌਹਲ ਵੱਲੋ ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਮੰਤਵ ਨਾਲ ਅੱਜ ਸਵੇਰੇ 10 ਸਕੂਲ ਵਾਹਨਾਂ ਦੀ ਚੈਕਿੰਗ ਕੀਤੀ ਗਈ ਜਿਸ ਤਹਿਤ ਸੈਂਟ ਕਾਰਮਲ ਤੇ ਸਤਲੁਜ ਪਬਲਿਕ ਸਕੂਲ ਦੀਆਂ 6 ਸਕੂਲ ਬੱਸਾਂ ਦੇ ਚਲਾਨ ਕੀਤੇ ਗਏ ਅਤੇ 2 ਨੂੰ ਇੰਮਪਾਉਂਡ ਕੀਤਾ ਗਿਆ।

ਇਸ ਮੌਕੇ ਗੱਲਬਾਤ ਕਰਦਿਆਂ ਗੁਰਵਿੰਦਰ ਸਿੰਘ ਜੌਹਲ ਨੇ ਕਿਹਾ ਕਿ ਸਕੂਲ ਵਾਹਨਾਂ ਦੀ ਚੈਕਿੰਗ ਦੌਰਾਨ ਜ਼ਿਆਦਾਤਰ ਬੱਸਾਂ ਸੇਫ ਸਕੂਲ ਵਾਹਨ ਪਾਲਿਸੀ ਦੀਆਂ ਸ਼ਰਤਾਂ ਨੂੰ ਪੂਰੀਆਂ ਨਹੀਂ ਕਰਦੀਆਂ ਸਨ ਜਿਸ ਤਹਿਤ ਕਈ ਡਰਾਈਵਰਾਂ ਕੋਲ ਲਾਇਸੰਸ ਹੀ ਨਹੀਂ ਸਨ ਕਈ ਬੱਸਾਂ ਵਿਚ ਮਹਿਲਾ ਅਟੈਂਟਡੈਂਟ ਮੌਜੂਦ ਨਹੀਂ ਪਾਏ ਗਏ ਅਤੇ ਕਈਆਂ ਵਿਚ ਫਸਟ ਏਡ ਕਿੱਟਾਂ ਦੀ ਮਿਆਦ ਖਤਮ ਪਾਈ ਗਈ।

ਉਨ੍ਹਾਂ ਦੱਸਿਆ ਕਿ ਪਿਛਲੇ ਹਫਤੇ ਸਕੂਲ ਮੈਨੇਜਮੈਂਟਾਂ ਅਤੇ ਸਕੂਲ ਬੱਸ ਓਪਰੇਟਰਾਂ ਦੇ ਨਾਲ ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਦੀ ਹਾਜ਼ਰੀ ਵਿਚ ਇਕ ਉੱਚ ਪੱਧਰੀ ਮੀਟਿੰਗ ਕੀਤੀ ਗਈ ਸੀ ਜਿਸ ਵਿਚ ਸਮੂਹ ਸਕੂਲਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਦੀ ਹਦਾਇਤ ਦਿੱਤੀ ਗਈ ਸੀ ਪਰ ਇਸ ਦੇ ਬਾਵਜੂਦ ਵੀ ਅੱਜ ਸਵੇਰੇ ਕੀਤੀ ਗਈ ਚੈਕਿੰਗ ਵਿਚ ਵੱਡੇ ਪੱਧਰ ਉਤੇ ਬੱਸ ਓਪਰੇਟਰਾਂ ਵਲੋਂ ਉਲੰਘਣਾ ਕੀਤੀ ਜਾ ਰਹੀ ਸੀ। ਗੁਰਵਿੰਦਰ ਜੌਹਲ ਨੇ ਕਿਹਾ ਕਿ ਜ਼ਿਲ੍ਹਾ ਰੂਪਨਗਰ ਦੇ ਸਮੂਹ ਸਕੂਲ ਦੇ ਪ੍ਰਿੰਸਪਲਾਂ ਨੂੰ ਹਦਾਇਤ ਜਾਰੀ ਕੀਤੀ ਗਈ ਹੈ ਕਿ ਉਹ ਸੇਫ ਸਕੂਲ ਵਾਹਨ ਪਾਲਿਸੀ ਨੂੰ 7 ਦਿਨਾਂ ਅੰਦਰ ਲਾਗੂ ਕਰਨ ਲਈ ਆਪਣੇ ਵਲੋਂ ਇੱਕ ਹਲਫਨਾਮਾ ਦੇਣਗੇ ਅਤੇ ਜਿਸ ਉਪਰੰਤ ਨਿਯਮਾਂ ਦੀ ਉਲੰਘਣਾਂ ਕਰਨ ਵਾਲੇ ਸਕੂਲ ਵਾਹਨਾਂ ਦੇ ਭਾਰੀ ਜ਼ੁਰਮਾਨੇ ਕੀਤੇ ਜਾਣਗੇ। 

ਆਰ.ਟੀ.ਓ ਨੇ ਦੱਸਿਆ ਕਿ ਸੇਫ ਸਕੂਲ ਵਾਹਨ ਪਾਲਿਸੀ ਨੂੰ ਪੂਰੇ ਜ਼ਿਲ੍ਹੇ ਵਿਚ ਲਾਗੂ ਕਰਨ ਲਈ ਸਮੂਹ ਐਸ.ਡੀ.ਐਮਜ਼ ਵਲੋਂ ਵਿਸ਼ੇਸ਼ ਮੁਹਿੰਮ ਚਲਾਈ ਗਈ ਹੈ ਜਿਸ ਤਹਿਤ ਸਕੂਲਾਂ ਵਿਚ ਲੱਗੇ ਵਾਹਨਾਂ ਦੀ ਵਿਆਪਕ ਪੱਧਰ ਉਤੇ ਚੈਕਿੰਗ ਕੀਤੀ ਜਾਵੇਗੀ ਅਤੇ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਯਕੀਨੀ ਤੌਰ ਉਤੇ ਲਾਗੂ ਕਰਵਾਇਆ ਜਾਵੇਗਾ।