5 Dariya News

ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਵੱਲੋਂ ਵੱਖ-ਵੱਖ ਦਾਣਾ ਮੰਡੀਆ ਦਾ ਅਚਨਚੇਤ ਦੌਰਾ

ਕਣਕ ਦੀ ਖਰੀਦ ਪ੍ਕਿਰਿਆ ਦੇ ਪ੍ਰਬੰਧਾਂ ਦਾ ਲਿਆ ਜਾਇਜਾ

5 Dariya News

ਤਰਨ ਤਾਰਨ 20-Apr-2024

ਡਿਪਟੀ ਕਮਿਸ਼ਨਰ ਤਰਨ ਤਾਰਨ ਸੰਦੀਪ ਕੁਮਾਰ ਨੇ ਅੱਜ ਜ਼ਿਲੇ ਦੀਆ ਵੱਖ-ਵੱਖ ਦਾਣਾ ਮੰਡੀਆ  ਦਾ ਅਚਨਚੇਤ ਦੌਰਾ ਕਰਕੇ ਕਣਕ ਦੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਅਤੇ ਕਣਕ ਵਿੱਚ ਮੌਜੂਦ ਨਮੀ ਦੀ ਮਾਤਰਾ ਵੀ ਚੈੱਕ ਕੀਤੀ। ਇਸ ਮੌਕੇ ਉਨ੍ਹਾਂ ਖਰੀਦ ਏਜੰਸੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਜਾਰੀ ਕਰਦਿਆਂ ਕਿਹਾ ਕਿ ਕਣਕ ਦੀ ਖਰੀਦ, ਅਦਾਇਗੀ ਅਤੇ ਲਿਫਟਿੰਗ ਦੇ ਕੰਮ ਵਿਚ ਹੋਰ ਤੇਜੀ ਲਿਆਂਦੀ ਜਾਵੇ। 

ਉਨ੍ਹਾਂ ਨੇ ਮਾਰਕਿਟ ਕਮੇਟੀਆਂ ਦੇ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਖਰੀਦ ਕੇਂਦਰਾਂ ਵਿੱਚ ਛਾਂ, ਪਾਣੀ, ਸਾਫ ਸਫਾਈ ਅਤੇ ਤਰਪਾਲਾਂ ਆਦਿ ਦੇ ਇੰਤਜਾਮ ਪੂਰੇ ਹੋਣ। ਉਨ੍ਹਾਂ ਨੇ ਕਿਹਾ ਕਿ ਮੰਡੀਆਂ ਵਿੱਚ ਕਿਸਾਨਾਂ, ਆੜਤੀਆਂ ਜਾਂ ਮਜ਼ਦੂਰਾਂ ਨੂੰ ਕੋਈ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ ਇਸ ਲਈ ਹਰ ਤਰ੍ਹਾਂ ਦੇ  ਪੁਖ਼ਤਾ ਪ੍ਰਬੰਧ ਹੋਣ।

ਉਨ੍ਹਾਂ ਸਬੰਧਿਤ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਮੰਡੀਆਂ ਵਿੱਚ ਆਉਣ ਵਾਲੀ ਫਸਲ ਦੀ ਨਾਲੋਂ-ਨਾਲ ਖਰੀਦ ਕੀਤੀ ਜਾਵੇ ਅਤੇ ਖਰੀਦੀ ਗਈ ਫਸਲ ਦੀ ਤੇਜ਼ੀ ਨਾਲ ਮੰਡੀਆਂ ਵਿਚੋਂ ਚੁਕਾਈ ਕੀਤੀ ਜਾਵੇ ਤਾਂ ਜੋ ਹੋਰ ਫਸਲ ਲਿਆਉਣ ਲਈ ਮੰਡੀਆਂ ਵਿੱਚ ਥਾਂ ਦੀ ਕੋਈ ਘਾਟ ਪੈਦਾ ਨਾ ਹੋਵੇ। ਉਨ੍ਹਾਂ ਜ਼ਿਲ੍ਹੇ ਦੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਮੰਡੀਆਂ ਵਿਚ ਪੂਰੀ ਪੱਕੀ ਹੋਈ ਕਣਕ ਹੀ ਲੈ ਕੇ ਆਉਣ ਤਾਂ ਜੋ ਉਨ੍ਹਾਂ ਨੂੰ ਕਿਸੇ ਵੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ।