5 Dariya News

ਖੁਸ਼ਬੂਆਂ ਵੰਡਦੀ ਲਾ-ਜਵਾਬ ਕਲਮ-ਵਰਿਆਮ ਸਿੰਘ ਬਟਾਲਵੀ

5 ਦਰਿਆ ਨਿਊਜ਼

ਪ੍ਰੀਤਮ ਲੁਧਿਆਣਵੀ 22-Apr-2014

ਮਰਹੂਮ ਸ਼ਾਇਰ ਸ਼ਿਵ ਬਟਾਲਵੀ ਦੀ ਜਨਮ ਭੂਮੀ, ਬਟਾਲਾ ਸ਼ਹਿਰ ਦਾ ਜਮਪਲ ਅਤੇ ਜ਼ਿੰਦਗੀ ਦੇ ਸਫਰ ਤੇ ਚੱਲਦਿਆਂ 'ਸ਼ਿਵ' ਨਾਲ ਕਾਫੀ ਦੂਰ ਤੱਕ ਕਦਮ ਮਿਲਾਕੇ ਚਲਦੇ ਰਹਿਣ ਦਾ ਮਾਣ ਹਾਸਲ-ਪ੍ਰਾਪਤ ਵਰਿਆਮ ਸਿੰਘ ਬਟਾਲਵੀ ਨਾਉਂ ਕਿਸੇ ਜਾਣ-ਪਛਾਣ ਦਾ ਮੁਹਥਾਜ ਨਹੀਂ। ਆਪਣੇ ਮੌਲਿਕ ਕਾਵਿ-ਸੰਗ੍ਰਿਹ 'ਕਾਵਿਕ ਰਿਸ਼ਮਾ' ਦੇ ਨਾਲ-ਨਾਲ 'ਮੂੰਹੋਂ ਬੋਲਦੀਆਂ ਕਲਮਾਂ', 'ਕਲਮਾਂ ਦੀ ਪਰਵਾਜ਼', 'ਸੁਰਖ ਸੁਨੇਹੇ', 'ਮਹਿਕਮੇ ਅੱਖਰ', 'ਤ੍ਰੈ-ਰੰਗ' ਅਤੇ  'ਮਖਮਲੀ ਬੋਲ' ਆਦਿ ਵੱਖ-ਵੱਖ ਸੰਸਥਾਵਾਂ ਦੀਆਂ ਦਰਜਨ ਦੇ ਕਰੀਬ ਸਾਂਝੀਆਂ ਕਾਵਿ-ਪ੍ਰਕਾਸ਼ਨਾਵਾਂ ਵਿੱਚ ਆਪਣੀ ਕਲਮ ਦਾ ਸਿੱਕਾ ਜਮਾਂ ਚੁੱਕਣ ਸਦਕਾ ਸਾਹਿਤਕ ਹਲਕਿਆਂ ਵਿੱਚ ਖੂਬ ਚਰਚਾ ਦਾ ਵਿਸ਼ਾ ਬਣ ਚੁੱਕਿਆ ਹੈ, ਉਸਦਾ ਨਾਉਂ। ਰੁਜ਼ਗਾਰ ਵਿਭਾਗ ਪੰਜਾਬ ਵਿਚੋਂ ਅਧਿਕਾਰੀ ਦੇ ਤੌਰ ਤੇ ਸੇਵਾ-ਨਵਿਰਤ ਬਟਾਲਵੀ ਦੀ ਲਗਭਗ ਸਾਰੀ ਸਰਕਾਰੀ ਸੇਵਾ ਮੁਲਾਜ਼ਮ ਜਥੇਬੰਦੀਆਂ ਵਿੱਚ ਇਕ ਸਰਗਰਮ ਅਤੇ ਉਘੇ ਇਮਾਨਦਾਰ ਆਗੂ ਵਜੋਂ ਵਿਚਰਦਿਆਂ ਹੀ ਨਿਕਲੀ ਹੈ। ਸਮੇਂ-ਸਮੇਂ ਦੀ ਮੰਗ ਅਨੁਸਾਰ ਮੁਲਾਜ਼ਮ ਵਰਗ ਵਿੱਚ ਜੋਸ਼-ਖਰੋਸ਼ ਦਾ ਮਾਦਾ ਭਰਨ ਦੀ ਭਾਵਨਾ ਨਾਲ ਸਹਿਜ-ਸੁਭਾਅ ਉਸਦੀ ਕਲਮ ਦਾ ਇਕ ਕੁਦਰਤੀ ਚਸ਼ਮੇ ਦੀ ਤਰ੍ਹਾਂ ਵਗ ਤੁਰਨਾ ਸੁਭਾਵਿਕ ਹੀ ਸੀ। ਜੋਸ਼ੀਲੀ ਆਵਾਜ਼ ਨਾਲ ਸਰੋਤਿਆਂ ਦਾ ਖੂਨ ਗਰਮਾਉਣ ਦਾ ਉਨ੍ਹਾਂ ਨੂੰ ਇੱਕ ਅੱਡਰਾ ਹੀ ਬੱਲ ਸੀ । ਫਿਰ ਕਲਮ ਦਾ ਚਸ਼ਮਾ ਫੁੱਟ ਪੈਣਾ ਹੋਰ ਵੀ ਸੋਨੇ ਤੇ ਸੁਹਾਗਾ ਹੋ ਨਿਬੜਿਆ। ਹਰ ਗਉ-ਗਰੀਬ ਦੀ ਢਾਲ ਬਣਕੇ ਖੜ੍ਹ ਜਾਣਾ, ਬਟਾਲਵੀ ਦੇ ਰੋਮ-ਰੋਮ ਵਿਚ ਸਮਾ ਚੁੱਕਿਆ ਉਨ੍ਹਾਂ ਦਾ ਅਮੀਰੀ ਗੁਣ ਹੈ। ਰਚਨਾਵਾਂ ਵਿਚ ਜਿੱਥੇ ਇਨਕਲਾਬੀ ਸੁਰ, ਪਾਠਕ-ਹਿਰਦਿਆਂ ਨੂੰ ਮੱਲੋ-ਮੱਲੀ ਟੁੰਭਦੀ ਹੈ, ਉਥੇ ਰੂਹਾਨੀਅਤ ਦਾ ਠਾਠਾ ਮਾਰਦਾ ਰੰਗ ਵੀ ਵੇਖਣ ਵਾਲਾ ਹੀ ਹੁੰਦਾ ਹੈ, ਰਚਨਾਵਾਂ ਵਿੱਚ। 'ਰਾਣਾ ਹੈਂਡੀ ਕਰਾਫਟਸ ਇੰਟਰਨੈਸ਼ਨਲ ਮੁਹਾਲੀ (ਰਜਿ:) (ਸਾਹਿਤਕ ਵਿੰਗ)'  ਦੇ ਪ੍ਰਧਾਨ ਅਤੇ 'ਸ਼੍ਰੋਮਣੀ ਪੰਜਾਬੀ ਲਿਖਾਰੀ ਸਭਾ ਪੰਜਾਬ (ਰਜਿ:) ਵਿੱਚ ਸਲਾਹਕਾਰ ਦੇ ਅਹੁਦੇ ਦੀਆਂ ਜਿੰਮੇਵਾਰੀਆਂ ਨੂੰ ਤਨ, ਮਨ ਅਤੇ ਧਨ ਨਾਲ ਨਿਭਾਉਂਦਿਆਂ ਕਲਾ, ਸਾਹਿਤ, ਸਭਿਆਚਾਰ ਅਤੇ ਸਮਾਜ ਦੀ ਸੇਵਾ ਵਿੱਚ ਜੁੱਟੇ ਹੋਏ ਵਰਿਆਮ ਸਿੰਘ ਬਟਾਲਵੀ ਵਿਚ ਅੱਜ ਵੀ ਨੌਜਵਾਨਾਂ ਜਿਹਾ ਅਗਾਂਹ-ਵਧੂ  ਜਜ਼ਬਾ ਵੇਖਣ ਨੂੰ ਮਿਲਦਾ ਹੈ। ਰੱਬ ਕਰੇ ਸਾਹਿਤ ਅਤੇ ਸਭਿਆਚਾਰ ਦਾ ਠਾਠਾ ਮਾਰਦਾ ਇਹ ਦਰਿਆ ਇਹ ਵੀ ਨਿਰੰਤਰ ਵਰਗਾ ਰਵ੍ਹੇ ਤੇ ਅਸੀਂ ਉਸ ਦੀਆਂ ਕਵਿਤਾ-ਰੂਪੀ ਮਨਮੋਹਕ ਲਹਿਰਾਂ, ਛੱਲਾਂ ਅਤੇ ਪਾਕਿ-ਪਵਿੱਤਰ ਜਲ ਦਾ ਅਨੰਦ ਮਾਣਦੇ ਰਹੀਏ! ਆਮੀਨ!