5 Dariya News

'ਸੇਫ਼ ਸਕੂਲ ਵਾਹਨ ਪਾਲਿਸੀ' ਤਹਿਤ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਕਿਸੇ ਵੀ ਪੱਧਰ ਉਤੇ ਸਮਝੌਤਾ ਨਹੀਂ: ਡਿਪਟੀ ਕਮਿਸ਼ਨਰ

ਕੋਤਾਹੀ ਵਰਤਣ ਵਾਲਿਆਂ ਨਾਲ ਕਰੜੇ ਹੱਥੀ ਨਜਿੱਠਿਆ ਜਾਵੇਗਾ, ਸਕੂਲ ਮੁਖੀਆਂ ਨੂੰ ਸਵੈ ਘੋਸ਼ਣਾ ਪੱਤਰ ਜਮ੍ਹਾਂ ਕਰਵਾਉਣ ਲਈ ਵੀ ਕਿਹਾ

5 Dariya News

ਰੂਪਨਗਰ 18-Apr-2024

ਡਿਪਟੀ ਕਮਿਸ਼ਨਰ ਡਾ. ਪ੍ਰੀਤੀ ਯਾਦਵ ਵੱਲੋ ਵਿਦਿਆਰਥੀਆਂ ਦੀ ਸੁਰੱਖਿਆ ਲਈ 'ਸੇਫ਼ ਸਕੂਲ ਵਾਹਨ ਪਾਲਿਸੀ' ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਉਣ ਲਈ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੀਆਂ ਮੈਨੇਜਮੈਂਟ ਅਤੇ ਬੱਸ ਓਪਰੇਟਰਾਂ ਨੂੰ ਹਦਾਇਤਾਂ ਜਾਰੀ ਕੀਤੀਆਂ ਕਿ ਬੱਚਿਆਂ ਦੀ ਸੁਰੱਖਿਆ ਨੂੰ ਲੈਕੇ ਕਿਸੇ ਵੀ ਪੱਧਰ ਉਤੇ ਸਮਝੌਤਾ ਨਾ ਕੀਤਾ ਜਾਵੇ ਅਤੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਲੋਂ ਜਾਰੀ ਹਦਾਇਤਾਂ ਦੀ ਪਾਲਣਾ ਕੀਤੀ ਜਾਵੇ।

ਮੀਟਿੰਗ ਦੀ ਅਗਵਾਈ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਹਰਿਆਣਾ ਵਿਚ ਹੋਏ ਸਕੂਲ ਬੱਸ ਦੇ ਦਰਦਨਾਕ ਹਾਦਸੇ ਨੂੰ ਧਿਆਨ ਵਿਚ ਰੱਖਦੇ ਹੋਏ ਪੂਰੇ ਸੂਬੇ ਵਿਚ ਸਕੂਲ ਬੱਸਾਂ ਦੇ ਪ੍ਰਬੰਧਾਂ ਦੀ ਸਮੀਖਿਆ ਕੀਤੀ ਜਾ ਰਹੀ ਹੈ ਜਿਸ ਤਹਿਤ ਆਰ.ਟੀ.ਏ. (ਰੀਜ਼ਨਲ ਟ੍ਰਾਂਸਪੋਰਟ ਅਥਾਰਟੀ) ਅਤੇ ਐਸ.ਡੀ.ਐਮਜ਼ ਵਲੋਂ ਬੱਸਾਂ ਦੀ ਚੈਕਿੰਗ ਕੀਤੀ ਗਈ, ਜਿਸ ਦੌਰਾਨ ਵੱਡੇ ਪੱਧਰ ਉਤੇ ਨਿਯਮਾਂ ਦੀ ਉਲੰਘਣਾ ਪਾਈ ਗਈ, ਇਹ ਵੀ ਦੇਖਣ ਵਿਚ ਆਇਆ ਹੈ ਕਿ ਕਈ ਬੱਸਾਂ ਵਿਚ ਮਹਿਲਾ ਅਟੇਂਡੈਂਟ ਹਾਜ਼ਰ ਨਹੀਂ ਸਨ ਅਤੇ ਸਕੂਲ ਮੈਨੇਜਮੈਂਟ ਅਤੇ ਬੱਸ ਓਪਰੇਟਰਾਂ ਵਲੋਂ ਵੱਡੇ ਪੱਧਰ ਉਤੇ ਨਿਯਮਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ।

ਡਾ. ਪ੍ਰੀਤੀ ਯਾਦਵ ਨੇ ਮੀਟਿੰਗ ਵਿਚ ਹਾਜ਼ਰ ਸਕੂਲ ਮੈਨੇਜਮੈਂਟ ਦੇ ਨੁਮਾਇੰਦਿਆਂ ਅਤੇ ਬੱਸ ਓਪਰੇਟਰਾਂ ਨੂੰ ਜਾਣਕਾਰੀ ਦਿੰਦਿਆਂ ਦੱਸਿਆ ਗਿਆ ਕਿ ਹਰ ਮਹੀਨੇ ਸਕੂਲ ਪੱਧਰੀ ਟ੍ਰਾਂਸਪੋਰਟ ਕਮੇਟੀ ਦੀ ਮੀਟਿੰਗ ਕਰਨਾ ਲਾਜ਼ਮੀ ਹੈ ਜਿਸ ਦਾ ਮੁੱਖ ਕਾਰਜ ਬੱਚਿਆਂ ਦੀ ਸੁਰੱਖਿਆ ਨੂੰ ਯਕੀਨੀ ਕਰਨ ਲਈ ਨਿਯਮਾਂ ਦੀ ਇੰਨ-ਬਿੰਨ ਪਾਲਣਾ ਕਰਵਾਉਣਾ ਹੁੰਦਾ ਹੈ ਅਤੇ ਕਾਮਿਆਂ ਨੂੰ ਦੂਰ ਕਰਨਾ ਹੁੰਦਾ ਹੈ ਅਤੇ ਸੇਫ ਸਕੂਲ ਵਾਹਨ ਸਕੀਮ ਤਹਿਤ ਬੱਸਾਂ ਦਾ ਰੱਖ ਰਖਾਅ ਕਰਨਾ ਹੁੰਦਾ ਹੈ।ਇਨ੍ਹਾਂ ਮੀਟਿੰਗ ਵਿਚ ਸਕੂਲ ਸਿੱਖਿਆ ਵਿਭਾਗ ਦੇ ਅਧਿਕਾਰੀਆਂ ਭਾਗ ਅਤੇ ਮੋਟਰ ਵਹੀਕਲ ਇੰਸਪੈਕਟਰ ਦਾ ਹਾਜ਼ਰ ਹੋਣਾ ਵੀ ਜ਼ਰੂਰੀ ਹੈ ਅਤੇ ਹਰ ਮਹੀਨੇ ਮੀਟਿੰਗ ਕਰਨਾ ਜਰੂਰੀ ਹੈ।

ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਸਭ ਤੋਂ ਵੱਡੀ ਤਰਜੀਹ ਹੈ ਅਤੇ ਪ੍ਰਸ਼ਾਸਨ ਇਸ ਸਬੰਧ ਵਿੱਚ ਕਿਸੇ ਵੀ ਤਰ੍ਹਾਂ ਦੀ ਅਣਗਹਿਲੀ/ਬਹਾਨਾ ਬਰਦਾਸ਼ਤ ਨਹੀਂ ਕਰੇਗਾ। ਆਉਣ ਵਾਲੇ ਸਮੇਂ ਵਿੱਚ ਪ੍ਰਸ਼ਾਸਨ ਦੀ ਕਾਰਵਾਈ ਤੋਂ ਬਚਣ ਲਈ ਸਕੂਲਾਂ ਨੂੰ ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਸਖ਼ਤੀ ਨਾਲ ਲਾਗੂ ਕਰਨਾ ਹੋਵੇਗਾ।ਸੇਫ਼ ਸਕੂਲ ਵਾਹਨ ਪਾਲਿਸੀ ਨੂੰ ਲਾਗੂ ਕਰਨ ਲਈ ਸਕੂਲ ਪ੍ਰਬੰਧਕਾਂ ਨੂੰ ਸਕੂਲ ਪੱਧਰ 'ਤੇ ਕਮੇਟੀਆਂ ਬਣਾਉਣ ਦੇ ਨਿਰਦੇਸ਼ ਦਿੰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਵਿਦਿਆਰਥੀਆਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣਾ ਸਕੂਲਾਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਸ. ਗੁਰਵਿੰਦਰ ਸਿੰਘ ਜੌਹਲ ਨੇ ਦੱਸਿਆ ਕਿ ਸੇਫ਼ ਸਕੂਲ ਵਾਹਨ ਪਾਲਿਸੀ ਦੇ ਮਾਪਦੰਡਾਂ ਅਨੁਸਾਰ ਇਹ ਲਾਜ਼ਮੀ ਹੈ ਕਿ ਬੱਸ ਉਤੇ ਸਕੂਲ ਦਾ ਨਾਮ ਕਾਲੇ ਰੰਗ ਵਿਚ ਲਿਖਿਆ ਹੋਣਾ, ਬੱਸ ਵਿਚ ਅਟੈਂਡੈਂਟ/ਮਹਿਲਾ ਅਟੈਂਡੈਂਟ/ਸਕੂਲ ਵਲੋਂ ਸ਼ਨਾਖਤ ਕਾਰਡ ਤੇ ਵਰਦੀ, ਵੈਲਿਡ ਆਰ.ਸੀ./ਬੀਮਾ, ਬੱਚੇ ਬੱਸ ਦੀ ਸੀਟਿੰਗ ਸਮਰੱਥਾ ਅਨੁਸਾਰ, ਵਾਹਨਾਂ 'ਚ ਅੱਗ ਬੁਝਾਊ ਯੰਤਰ ਹੋਵੇ, ਸਪੀਡ ਗਵਰਨਰ, ਫਾਇਰ ਸਟੇਸ਼ਨ ਅਤੇ ਪੁਲਿਸ ਆਦਿ ਦਾ ਸੰਪਰਕ ਨੰਬਰ, ਸਕੂਲੀ ਬੱਸਾਂ ਵਿੱਚ ਸਫ਼ਰ ਕਰਨ ਵਾਲੀਆਂ ਵਿਦਿਆਰਥਣਾਂ ਲਈ ਮਹਿਲਾ ਅਟੈਂਡੈਂਟ ਹੋਣਾ ਲਾਜ਼ਮੀ, ਹੋਰ ਨਿਯਮਾਂ ਦੇ ਨਾਲ ਫਸਟ ਏਡ ਕਿੱਟਾਂ ਆਦਿ ਸ਼ਾਮਲ ਹੈ।

ਆਵਾਜਾਈ ਦੇ ਅਸੁਰੱਖਿਅਤ ਢੰਗਾਂ ਜਿਵੇਂ ਕਿ ਓਵਰਲੋਡ ਈ-ਰਿਕਸ਼ਾ ਆਦਿ ਬਾਰੇ ਗੱਲ ਕਰਦਿਆਂ, ਡਾ. ਪ੍ਰੀਤੀ ਯਾਦਵ ਨੇ ਸਕੂਲ ਪ੍ਰਬੰਧਕਾਂ ਨੂੰ ਵਿਦਿਆਰਥੀਆਂ ਦੀ ਸੁਰੱਖਿਆ ਪ੍ਰਤੀ ਮਾਪਿਆਂ ਨੂੰ ਜਾਗਰੂਕ ਕਰਨ ਅਤੇ ਆਪਣੇ ਬੱਚਿਆਂ ਨੂੰ ਸੁਰੱਖਿਅਤ ਆਵਾਜਾਈ ਰਾਹੀਂ ਸਕੂਲਾਂ ਵਿੱਚ ਭੇਜਣ ਲਈ ਕਿਹਾ। ਜੇਕਰ ਸਕੂਲ ਨੂੰ ਮਾਪਿਆਂ ਵੱਲੋਂ ਵਿਦਿਆਰਥੀਆਂ ਲਈ ਆਵਾਜਾਈ ਦੇ ਅਸੁਰੱਖਿਅਤ ਢੰਗ ਅਪਣਾਏ ਜਾਣ ਬਾਰੇ ਪਤਾ ਲੱਗਦਾ ਹੈ ਤਾਂ ਸਕੂਲ ਪ੍ਰਬੰਧਕਾਂ ਨੂੰ ਇਸ ਬਾਰੇ ਪ੍ਰਸ਼ਾਸਨ ਨੂੰ ਵੀ ਜਾਣੂ ਕਰਵਾਉਣਾ ਚਾਹੀਦਾ ਹੈ ਅਤੇ ਅਧਿਕਾਰੀਆਂ ਵੱਲੋਂ ਲੋੜੀਂਦੀ ਕਾਰਵਾਈ ਕੀਤੀ ਜਾਵੇਗੀ ਅਤੇ ਅਸੁਰੱਖਿਅਤ ਵਾਹਨਾਂ ਦੇ ਚਲਾਣ ਕੀਤੇ ਜਾਣਗੇ।

ਇਸ ਮੀਟਿੰਗ ਵਿੱਚ ਐਸ.ਡੀ.ਐਮ. ਸ੍ਰੀ ਚਮਕੌਰ ਸਾਹਿਬ ਸ. ਅਮਰੀਕ ਸਿੰਘ ਸਿੱਧੂ, ਐਸ.ਡੀ.ਐਮ. ਰੂਪਨਗਰ ਸ਼੍ਰੀ ਨਵਦੀਪ ਕੁਮਾਰ, ਐਸ ਡੀ ਐਮ ਅਨਮਜੋਤ ਕੌਰ, ਏ ਟੀ ਓ ਸਰਬਜੀਤ ਸਿੰਘ, ਜ਼ਿਲ੍ਹਾ ਬਾਲ ਸੁਰੱਖਿਆ ਅਫ਼ਸਰ ਸ੍ਰੀਮਤੀ ਰਾਜਿੰਦਰ ਕੌਰ, ਡੀ.ਐਸ.ਪੀ. ਸ. ਮਨਬੀਰ ਸਿੰਘ ਬਾਜਵਾ, ਜ਼ਿਲ੍ਹਾ ਸਿੱਖਿਆ ਅਫ਼ਸਰ (ਸੀ.ਸੈਕੰ.), ਜ਼ਿਲ੍ਹਾ ਸਿੱਖਿਆ ਅਫ਼ਸਰ (ਪ੍ਰਾਇਮਰੀ) ਸ਼੍ਰੀਮਤੀ ਰੰਜਨਾ ਕਤਿਆਲ, ਉਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ. ਸੁਰਿੰਦਰਪਾਲ ਸਿੰਘ, ਸਮੇਤ ਜ਼ਿਲ੍ਹੇ ਦੇ ਸਮੂਹ ਸਕੂਲਾਂ ਦੇ ਬੱਸ ਓਪਰੇਟਰ ਅਤੇ ਸਕੂਲ ਮੈਨੇਜਮੈਂਟ ਦੇ ਨੁਮਾਇੰਦੇ ਹਾਜ਼ਰ ਸਨ।