5 Dariya News

ਡਿਪਟੀ ਕਮਿਸ਼ਨਰ ਜਤਿੰਦਰ ਜੋਰਵਾਲ ਵੱਲੋਂ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਵਾਲੇ ਖੇਤਾਂ ਦਾ ਨਿਰੀਖਣ

ਸਰਫੇਸ ਸੀਡਰ ਰਾਹੀਂ ਹੋਈ ਬਿਜਾਈ ਨਾਲ ਕਣਕ ਦਾ ਵਧੀਆ ਝਾੜ ਪੈਦਾ ਹੋਇਆ: ਜਤਿੰਦਰ ਜੋਰਵਾਲ

5 Dariya News

ਬਡਰੁੱਖਾਂ/ਮਸਤੂਆਣਾ ਸਾਹਿਬ/ਸੰਗਰੂਰ 16-Apr-2024

ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਅੱਜ ਅਕਾਲ ਸੀਡ ਫਾਰਮ ਮਸਤੂਆਣਾ ਸਾਹਿਬ ਵਿਖੇ ਸਰਫੇਸ ਸੀਡਰ ਨਾਲ ਬੀਜੀ ਗਈ ਕਣਕ ਦੇ ਝਾੜ ਦੀ ਸਥਿਤੀ ਦਾ ਜਾਇਜ਼ਾ ਲਿਆ। ਇਸ ਮੌਕੇ ਉਨ੍ਹਾਂ ਖੁਸ਼ੀ ਪ੍ਰਗਟਾਉਂਦਿਆਂ ਕਿਹਾ ਕਿ ਸਰਫੇਸ ਸੀਡਰ ਰਾਹੀਂ ਹੋਈ ਬਿਜਾਈ ਨਾਲ ਵਧੀਆ ਝਾੜ ਪੈਦਾ ਹੋਇਆ ਹੈ। ਉਨ੍ਹਾਂ ਕਿਹਾ ਕਿ ਰਵਾਇਤੀ ਢੰਗਾਂ ਨਾਲ ਬੀਜੀ ਜਾਣ ਵਾਲੀ ਕਣਕ ਦੀ ਲਾਗਤ ਆਮ ਕਰਕੇ ਵਧੇਰੇ ਆਉਂਦੀ ਹੈ ਪਰ ਸਰਫੇਸ ਸੀਡਰ ਰਾਹੀਂ ਜਿੱਥੇ ਘੱਟ ਹਾਰਸ ਪਾਵਰ ਦੇ ਟਰੈਕਟਰ ਨਾਲ ਕਣਕ ਦੀ ਬਿਜਾਈ ਹੋ ਜਾਂਦੀ ਹੈ ਇਸ ਦੇ ਨਾਲ ਹੀ ਬਿਜਾਈ ਕਰਨ ਲਈ ਸਮੇਂ ਦੀ ਵੀ ਬਹੁਤ ਬੱਚਤ ਹੁੰਦੀ ਹੈ।

ਉਨ੍ਹਾਂ ਦੱਸਿਆ ਕਿ ਸਰਫੇਸ ਸੀਡਰ ਨਾਲ ਬੀਜੀ ਕਣਕ ਵਿੱਚ ਨਦੀਨਾਂ ਦੇ ਨਾ ਹੋਣ ਕਰਕੇ ਖੇਤੀ ਖਰਚਿਆਂ ਦੀ ਬੱਚਤ ਹੁੰਦੀ ਹੈ ਅਤੇ ਆਮ ਤਰੀਕੇ ਨਾਲ ਬੀਜੀਆਂ ਕਣਕਾਂ ਅਕਸਰ ਖਰਾਬ ਮੌਸਮ ਜਾਂ ਹੋਰ ਕਾਰਨਾਂ ਕਰਕੇ ਡਿੱਗ ਜਾਂਦੀਆਂ ਹਨ ਪਰ ਇਸ ਤਕਨੀਕ ਨਾਲ ਕਣਕ ਦੀ ਫਸਲ ਦਾ ਨਾ ਡਿੱਗਣਾ ਕਣਕ ਦੀ ਕਟਾਈ ਸਮੇਂ ਬਹੁਤ ਲਾਹੇਵੰਦ ਸਿੱਧ ਹੁੰਦਾ ਹੈ।

ਉਨ੍ਹਾਂ ਕਿਹਾ ਕਿ ਕਣਕ ਦੇ ਬੂਟੇ ਦੇ ਕੱਦ ਵੀ ਵੱਡਾ ਹੈ ਅਤੇ ਦੇਖਣ ਵਿੱਚ ਇਹ ਮਹਿਸੂਸ ਹੋ ਰਿਹਾ ਕਿ ਉਤਪਾਦਨ ਵੀ ਜਿਆਦਾ ਹੋਵੇਗਾ। ਉਨ੍ਹਾਂ ਕਿਹਾ ਕਿ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਨੂੰ ਅੱਗ ਲਗਾਉਣ ਕਾਰਨ ਜਿੱਥੇ ਵਾਤਾਵਰਣ ਵਿੱਚ ਜ਼ਹਿਰੀਲੀਆਂ ਗੈਸਾਂ ਕਾਰਨ ਸਿਹਤ ਨੂੰ ਨੁਕਸਾਨ ਹੁੰਦਾ ਹੈ ਉੱਥੇ ਹੀ ਜ਼ਮੀਨ ਵਿਚਲੇ ਮਿੱਤਰ ਕੀੜੇ ਮਰ ਜਾਂਦੇ ਹਨ ਜਿਸ ਨਾਲ ਜ਼ਮੀਨ ਦੀ ਉਪਜਾਊ ਸ਼ਕਤੀ ਘਟ ਜਾਂਦੀ ਹੈ ਅਤੇ ਹਾੜ੍ਹੀ ਸੀਜ਼ਨ ਦੌਰਾਨ ਕਣਕ ਦੀ ਬਿਜਾਈ ਵੀ ਲੇਟ ਹੋ ਜਾਂਦੀ ਹੈ ਜਿਸ ਦਾ ਝਾੜ ਉੱਪਰ ਵੀ ਅਸਰ ਪੈਂਦਾ ਹੈ।

ਡਿਪਟੀ ਕਮਿਸ਼ਨਰ ਜਤਿੰਦਰ ਜ਼ੋਰਵਾਲ ਨੇ ਦੱਸਿਆ ਕਿ ਅਜਿਹੀਆਂ ਸਮੱਸਿਆਵਾਂ ਨਾਲ ਨਜਿੱਠਣ ਲਈ ਹਾੜ੍ਹੀ ਸੀਜ਼ਨ ਦੌਰਾਨ ਜ਼ਿਲ੍ਹਾ ਸੰਗਰੂਰ ਅੰਦਰ 50 ਏਕੜ ਰਕਬੇ ਵਿੱਚ ਕਣਕ ਦੀ ਬਿਜਾਈ ਸਰਫੇਸ ਸੀਡਰ ਨਾਲ ਕੀਤੀ ਗਈ ਸੀ। ਡਿਪਟੀ ਕਮਿਸ਼ਨਰ ਨੇ ਅੱਜ ਅਕਾਲ ਸੀਡ ਫਾਰਮ, ਮਸਤੂਆਣਾ ਸਾਹਿਬ ਵਿਖੇ ਖੇਤੀਬਾੜੀ ਅਤੇ ਕਿਸਾਨ ਭਲਾਈ ਵਿਭਾਗ, ਸੰਗਰੂਰ ਦੇ ਸਹਿਯੋਗ ਨਾਲ ਸਰਫੇਸ ਸੀਡਰ ਨਾਲ ਬੀਜੀ ਕਣਕ ਦੇ ਪੱਕਣ ਸਮੇਂ ਨਿਰੀਖਣ ਕੀਤਾ।

ਇਸ ਮੌਕੇ ਮੁੱਖ ਖੇਤੀਬਾੜੀ ਅਫਸਰ ਡਾ. ਹਰਬੰਸ ਸਿੰਘ ਚਹਿਲ, ਅਗਾਂਹਵਧੂ ਕਿਸਾਨ ਹਾਕਮ ਸਿੰਘ, ਪ੍ਰੋਫੈਸਰ ਜਸਪ੍ਰੀਤ ਸਿੰਘ, ਡਾ. ਅਮਰਜੀਤ ਸਿੰਘ ਬਲਾਕ ਖੇਤੀਬਾੜੀ ਅਫਸਰ, ਰਜਿੰਦਰ ਸਿੰਘ ਖੇਤੀਬਾੜੀ ਵਿਸਥਾਰ ਅਫਸਰ ਲੌਂਗੋਵਾਲ ਵੀ ਮੌਜੂਦ ਸਨ।