5 Dariya News

ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਵੱਲੋਂ ਅੰਮ੍ਰਿਤਸਰ ਵਿਖੇ ਵਿਸ਼ਾਲ ਰੈਲੀ

ਸੇਵਾ ਮੁਕਤੀ ਉਮਰ 65 ਸਾਲ ਕਰਨ ਅਤੇ ਪੈਨਸ਼ਨ ਦੇਣ ਦੀ ਮੰਗ

5 Dariya News

ਅੰਮ੍ਰਿਤਸਰ 16-Apr-2024

ਪੰਜਾਬ ਸਰਕਾਰ ਵੱਲੋਂ 58 ਸਾਲ ਤੋਂ ਵੱਡੀ ਉਮਰ ਦੀਆਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਅਚਾਨਕ ਵਿਭਾਗ ਤੋਂ ਫ਼ਾਰਗ ਕਰਨ ਦੇ ਵਿਰੋਧ ਵਿੱਚ ਡੈਮੋਕ੍ਰੇਟਿਕ ਆਸ਼ਾ ਵਰਕਰਜ਼ ਫੈਸਿਲੀਟੇਟਰ ਯੂਨੀਅਨ ਜ਼ਿਲ੍ਹਾ ਅੰਮ੍ਰਿਤਸਰ ਵੱਲੋਂ ਅੱਜ ਸਿਵਲ ਸਰਜਨ ਦਫ਼ਤਰ ਅੰਮ੍ਰਿਤਸਰ ਵਿਖੇ ਜ਼ਿਲ੍ਹਾ ਪੱਧਰੀ ਵਿਸ਼ਾਲ ਰੈਲੀ ਕੀਤੀ ਗਈ ਅਤੇ ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ ਰਾਹੀਂ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। 

ਰੈਲੀ ਵਿੱਚ ਬੋਲਦਿਆਂ ਸੂਬਾ ਆਗੂ ਪਰਮਜੀਤ ਕੌਰ ਮਾਨ ਅਤੇ ਜ਼ਿਲ੍ਹਾ ਪ੍ਰਧਾਨ ਸਰਬਜੀਤ ਕੌਰ ਛੱਜਲਵੱਡੀ ਤੋਂ ਇਲਾਵਾ ਡੀ.ਐਮ.ਐਫ. ਦੇ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਅਤੇ ਅਸ਼ਵਨੀ ਅਵਸਥੀ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਆਸ਼ਾ ਵਰਕਰਾਂ ਤੇ ਫੈਸਿਲੀਟੇਟਰਾਂ ਵੱਲੋਂ ਕੀਤੀ ਗਈ 17 ਸਾਲ ਦੀ ਲੰਬੀ ਸੇਵਾ ਨੂੰ ਅਣਗੌਲਿਆਂ ਕਰਕੇ ਦੀ ਸੇਵਾ ਮੁਕਤੀ ਦੀ ਉਮਰ 58 ਸਾਲ ਤਹਿ ਕਰਕੇ 31 ਮਾਰਚ ਤੋਂ ਬਾਅਦ ਖਾਲੀ ਹੱਥ ਘਰੀਂ ਤੋਰਨ ਦਾ ਫੁਰਮਾਨ ਜਾਰੀ ਕਰ ਦਿੱਤਾ ਗਿਆ ਹੈ ਜਿਸ ਨਾਲ ਪੰਜਾਬ ਅੰਦਰ ਹਜ਼ਾਰਾਂ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਜ਼ਬਰਦਸਤ ਧੱਕਾ ਵੱਜਾ ਹੈ। 

ਉਹਨਾ ਨੇ ਕਿਹਾ ਕਿ ਚੋਣਾਂ ਤੋਂ ਪਹਿਲਾਂ ਆਮ ਆਦਮੀ ਪਾਰਟੀ ਨੇ ਵਾਅਦਾ ਕੀਤਾ ਸੀ ਕਿ ਸਰਕਾਰ ਬਣਦਿਆਂ ਹੀ ਆਸ਼ਾ ਵਰਕਰਾਂ ਦੇ ਮਿਹਨਤਾਨੇ ਵਿੱਚ ਦੁੱਗਣਾ ਵਾਧਾ ਕੀਤਾ ਜਾਵੇਗਾ ਅਤੇ ਘੱਟੋ ਘੱਟ ਉਜ਼ਰਤਾਂ ਦੇ ਘੇਰੇ ਵਿੱਚ ਲਿਆਂਦਾ ਜਾਵੇਗਾ। ਪ੍ਰੰਤੂ ਦੁੱਗਣਾ ਵਾਧਾ ਕਰਨ ਦੀ ਬਜਾਏ ਆਸ਼ਾ ਵਰਕਰਾਂ ਅਤੇ ਫੈਸਿਲੀਟੇਟਰਾਂ ਨੂੰ ਖਾਲੀ ਹੱਥੀਂ ਘਰ ਤੋਰਨ ਦਾ ਫੁਰਮਾਨ ਜਾਰੀ ਕਰਕੇ ਉਹਨਾ ਨਾਲ ਦੁੱਗਣਾ ਧਰੋਹ ਕਮਾਇਆ ਹੈ। ਪੰਜਾਬ ਸਰਕਾਰ ਦੀ ਇਸ ਹੋਛੀ ਕਾਰਵਾਈ ਨਾਲ ਪੰਜਾਬ ਸਰਕਾਰ ਦਾ ਵਰਕਰ ਵਿਰੋਧੀ ਚਿਹਰਾ ਪੂਰੀ ਤਰ੍ਹਾਂ ਨੰਗਾ ਹੋ ਗਿਆ ਹੈ। 

ਜਥੇਬੰਦੀ ਦੀਆਂ ਆਗੂ ਰਣਜੀਤ ਦੁਲਾਰੀ, ਮਨਜੀਤ ਕੌਰ ਢਪੱਈਆਂ, ਗੁਰਵੰਤ ਕੌਰ ਲੋਪੋਕੇ, ਰਾਜਵਿੰਦਰ ਕੌਰ ਰਾਮਦਾਸ, ਬਲਜਿੰਦਰ ਕੌਰ ਵੇਰਕਾ, ਸੁਖਜਿੰਦਰ ਕੌਰ ਛੱਜਲਵੱਡੀ, ਹਰਪ੍ਰੀਤ ਕੌਰ ਬਾਬਾ ਬਕਾਲਾ, ਕੁਲਵੰਤ ਕੌਰ ਤਰਸਿੱਕਾ ਨੇ ਚਿਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਇਸ ਮਾਰੂ ਪੱਤਰ ਨੂੰ ਵਾਪਸ ਨਾ ਲਿਆ ਤਾਂ ਸੰਘਰਸ਼ ਨੂੰ ਤਿੱਖਾ ਕੀਤਾ ਜਾਵੇਗਾ। 

ਉਹਨਾਂ ਨੇ ਮੰਗ ਕੀਤੀ ਕਿ ਵਰਕਰਾਂ ਦੀ ਸੇਵਾਮੁਕਤੀ ਉਮਰ 65 ਸਾਲ ਕੀਤੀ ਜਾਵੇ, ਸੇਵਾ ਮੁਕਤੀ ਮੌਕੇ ਹਰ ਵਰਕਰ ਨੂੰ ਪੰਜ ਲੱਖ ਦੀ ਗਰੈਚੁਟੀ ਦਿੱਤੀ ਜਾਵੇ ਅਤੇ ਹਰ ਮਹੀਨੇ 10 ਹਜ਼ਾਰ ਰੁਪਏ ਪੈਨਸ਼ਨ ਦਿੱਤੀ ਜਾਵੇ। ਇਸ ਮੌਕੇ ਕੁਲਬੀਰ ਕੌਰ ਰਮਦਾਸ, ਬਲਵਿੰਦਰ ਕੌਰ ਝੀਤਾ, ਡੌਲੀ ਵਾਸਲ, ਅਰਸ਼ ਲੋਪੋਕੇ, ਨਰਿੰਦਰ ਕੌਰ ਤਨੇਲ, ਦਵਿੰਦਰ ਕੌਰ ਗੁਲਸ਼ਨ ਅਤੇ ਕਰਮਜੀਤ ਕੌਰ ਗਦਲੀ ਨੇ ਵੀ ਸੰਬੋਧਨ ਕੀਤਾ।