5 Dariya News

ਲੋਕ ਸਭਾ ਚੋਣਾਂ 2024 : ਮਤਦਾਨ ਵਾਲੇ ਦਿਨ ਗਰਮੀ ਤੋਂ ਬਚਾਅ ਲਈ ਵਿਓਂਤਬੰਦੀ ਕੀਤੀ ਜਾ ਰਹੀ ਹੈ, ਜ਼ਿਲ੍ਹਾ ਚੋਣ ਅਫ਼ਸਰ ਪੂਨਮਦੀਪ ਕੌਰ

ਮਤਦਾਨ ਕੇਂਦਰਾਂ 'ਚ ਸ਼ਾਮਿਆਨੇ, ਪੀਣ ਵਾਲਾ ਪਾਣੀ, ਛਬੀਲਾਂ, ਪੱਖੇ, ਕੂਲਰ, ਟਾਇਲਟ ਪ੍ਰਬੰਧਾਂ ਬਾਰੇ ਕੀਤੀ ਗਈ ਵਿਸ਼ੇਸ਼ ਬੈਠਕ

5 Dariya News

ਬਰਨਾਲਾ 16-Apr-2024

ਲੋਕ ਸਭਾ ਚੋਣਾਂ 2024 ਦੇ ਮੱਦੇਨਜ਼ਰ 1 ਜੂਨ ਨੂੰ ਪੰਜਾਬ 'ਚ ਹੋਣ ਵਾਲੇ ਮਤਦਾਨ ਦੌਰਾਨ ਗਰਮੀ ਤੋਂ ਬਚਾਅ ਲਈ ਵਿਓਂਤਬੰਦੀ ਸ਼ੁਰੂ ਕਰ ਦਿੱਤੀ ਗਈ ਹੈ। ਇਸ ਦਾ ਮੁੱਖ ਮੰਤਵ ਮਤਦਾਤਾ ਨੂੰ ਗਰਮੀ ਦੇ ਮੌਸਮ 'ਚ ਗਰਮੀ ਅਤੇ ਲੂ ਤੋਂ ਬਚਾਅ ਕੇ ਰੱਖਣਾ ਹੋਵੇਗਾ। ਇਸ ਗੱਲ ਦਾ ਪ੍ਰਗਟਾਵਾਂ ਜ਼ਿਲ੍ਹਾ ਚੋਣ ਅਫ਼ਸਰ-ਕਮ-ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਅੱਜ ਇਸ ਸਬੰਧੀ ਬੁਲਾਈ ਵਿਸ਼ੇਸ਼ ਬੈਠਕ ਨੂੰ ਸੰਬੋਧਨ ਕਰਦਿਆਂ ਕੀਤਾ। 

ਉਨ੍ਹਾਂ ਦੱਸਿਆ ਕਿ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਹਰ ਇੱਕ ਮਤਦਾਨ ਕੇਂਦਰ ਵਿਖੇ ਪੀਣ ਵਾਲੇ ਪਾਣੀ, ਟਾਇਲਟ, ਬਿਜਲੀ, ਪੱਖੇ ਅਤ ਕੂਲਰ ਦਾ ਪ੍ਰਬੰਧ, ਲੋੜ ਅਨੁਸਾਰ ਇਨਵਰਟਰ / ਜਰਨੇਟਰ ਦਾ ਪ੍ਰਬੰਧ, ਬਜ਼ੁਰਗ, ਵਿਸ਼ੇਸ ਲੋੜਾਂ ਵਾਲੇ ਅਤੇ ਮਹਿਲਾਵਾਂ ਲਈ ਵੇਟਿੰਗ ਹਾਲ, ਦਿਵਿਆਂਗਜਨਾਂ ਲਈ ਵੀਹਲ ਚੇਅਰ ਆਦਿ ਦਾ ਪ੍ਰਬੰਧ ਕੀਤਾ ਜਾਵੇਗਾ। ਉਨ੍ਹਾਂ ਸਹਾਇਕ ਰਿਟਰਨਿੰਗ ਅਫ਼ਸਰਾਂ ਨੂੰ ਹਦਾਇਤ ਕੀਤੀ ਕਿ ਉਹ ਆਪਣੇ - ਆਪਣੇ ਵਿਧਾਨ ਸਭਾ ਖੇਤਰਾਂ 'ਚ ਲੋੜ ਮੁਤਾਬਿਕ ਇਨ੍ਹਾਂ ਚੀਜ਼ਾਂ ਦਾ ਪ੍ਰਬੰਧ ਰੱਖਣਾ ਤਾਂ ਜੋ ਮਤਦਾਤਾ ਨੂੰ ਕਿਸੇ ਕਿਸਮ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। 

ਜਿਹੜੇ ਸਕੂਲਾਂ 'ਚ ਮਤਦਾਤਾ ਕੇਂਦਰ ਬਣੇ ਹਨ ਉਨ੍ਹਾਂ ਸਕੂਲਾਂ ਨੂੰ ਹਦਾਇਤ ਦਿੰਦਿਆਂ ਜ਼ਿਲ੍ਹਾ ਚੋਣ ਅਫ਼ਸਰ ਨੇ ਕਿਹਾ ਕਿ ਚੋਣ ਸਟਾਫ ਨੂੰ ਚੰਗਾ ਫਰਨੀਚਰ ਮੁਹੱਈਆ ਕਰਵਾਇਆ ਜਾਵੇ। ਚੋਣਾਂ ਦੌਰਾਨ ਨੌਜਵਾਨਾਂ, ਖ਼ਾਸਕਰ ਸਕੂਲੀ ਬੱਚਿਆਂ ਦੀ ਸ਼ਮੂਲੀਅਤ ਵਧਾਉਣ ਲਈ ਉਨ੍ਹਾਂ ਕਿਹਾ ਕਿ ਸਕੂਲਾਂ ਦੇ ਵਿਦਿਆਰਥੀਆਂ, ਐੱਨ.ਐੱਸ.ਐੱਸ. ਅਤੇ ਐੱਨ.ਸੀ.ਸੀ. ਵਲੰਟੀਅਰ, ਗੈਰ ਸਰਕਾਰ ਸੰਸਥਾਵਾਂ ਅਤੇ ਹੋਰਨਾਂ ਨੌਜਵਾਨਾਂ ਨੂੰ ਵਲੰਟੀਅਰ ਦੇ ਤੌਰ 'ਤੇ ਵੱਖ ਵੱਖ ਮਤਦਾਤਾ ਕੇਂਦਰਾਂ ਵਿਖੇ ਤਾਇਨਾਤ ਕੀਤਾ ਜਾਵੇ। 

ਇਹ ਨੌਜਵਾਨ ਮਤਦਾਤਾ ਦੀ ਵੱਖ ਵੱਖ ਥਾਂ ਉੱਤੇ ਮਦਦ ਕਰਨਗੇ ਅਤੇ ਨਾਲ ਹੀ ਜ਼ਿੰਦਗੀ ਦੇ ਅਹਿਮ ਪਹਿਲੂ ਬਾਰੇ ਸਿੱਖਣਗੇ। ਉਨ੍ਹਾਂ ਦੱਸਿਆ ਕਿ ਮਦਦ ਕਰਨ ਆਏ ਵਲੰਟੀਅਰ ਨੌਜਵਾਨਾਂ ਨੂੰ ਜ਼ਿਲ੍ਹਾ ਚੋਣ ਦਫ਼ਤਰ ਵੱਲੋਂ ਸਰਟੀਫਿਕੇਟ ਵੀ ਤਕਸੀਮ ਕੀਤੇ ਜਾਣਗੇ। ਉਨ੍ਹਾਂ ਸਿਹਤ ਵਿਭਾਗ ਨੂੰ ਹਦਾਇਤ ਕੀਤੀ ਕਿ ਉਹ ਹਰ ਇੱਕ ਹਲਕੇ 'ਚ ਆਪਣੇ ਦੋ - ਦੋ ਮੋਬਾਇਲ ਵੈੱਨਾਂ ਤਾਇਨਾਤ ਕਰਨ ਅਤੇ ਸਬੰਧਿਤ ਸਹਾਇਕ ਰਿਟਰਨਿੰਗ ਅਫ਼ਸਰ ਨਾਲ ਸੰਪਰਕ ਰੱਖਣ। ਸਿਹਤ ਵਿਭਾਗ ਨੂੰ ਨਾਲ ਹੀ ਹਦਾਇਤ ਕੀਤੀ ਗਈ ਕਿ ਮਤਦਾਨ ਕੇਂਦਰਾਂ ਵਿਖੇ ਜਿਹੜੀਆਂ ਸਿਹਤ ਕਿੱਟਾਂ ਮੁਹੱਈਆ ਕਰਵਾਈਆਂ ਜਾਣਗੀਆਂ ਉਨ੍ਹਾਂ 'ਚ ਵਧੇਰੇ ਓ. ਆਰ. ਐੱਸ. ਘੋਲ ਦੇ ਪੈਕਟ ਸ਼ਾਮਿਲ ਕੀਤੇ ਜਾਣ ਤਾਂ ਜੋ ਗਰਮੀ ਦੇ ਮੌਸਮ 'ਚ ਉਸ ਦਾ ਇਸਤਮਾਲ ਕੀਤਾ ਜਾ ਸਕੇ। 

ਇਸ ਮੌਕੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ ਸ਼੍ਰੀਮਤੀ ਅਨੁਪ੍ਰਿਤਾ ਜੋਹਲ, ਸਹਾਇਕ ਰਿਟਰਨਿੰਗ ਅਫ਼ਸਰ ਮਹਿਲ ਕਲਾਂ ਸ਼੍ਰੀ ਸਤਵੰਤ ਸਿੰਘ, ਸਹਾਇਕ ਰਿਟਰਨਿੰਗ ਅਫ਼ਸਰ ਤਪਾ ਡਾ. ਪੂਨਮਪ੍ਰੀਤ ਕੌਰ, ਸਹਾਇਕ ਰਿਟਰਨਿੰਗ ਅਫ਼ਸਰ ਬਰਨਾਲਾ ਸ਼੍ਰੀ ਵਰਿੰਦਰ ਸਿੰਘ, ਚੋਣ ਤਹਿਸੀਲਦਾਰ ਰਾਮ ਜੀ ਲਾਲ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਡਾ. ਬਲਜਿੰਦਰ ਸਿੰਘ, ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਸ਼੍ਰੀਮਤੀ ਵਸੁੰਧਰਾ ਕਪਿਲਾ, ਜ਼ਿਲ੍ਹਾ ਸਮਾਜਿਕ ਸੁਰੱਖਿਆ ਅਫ਼ਸਰ ਡਾ. ਤੇਅਵਾਸਪ੍ਰੀਤ ਕੌਰ ਅਤੇ ਹੋਰ ਅਫ਼ਸਰ ਸ਼ਾਮਿਲ ਸਨ।