5 Dariya News

ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਵੱਲੋਂ ਪਰਾਲੀ ਬਿਨ੍ਹਾਂ ਸਾੜੇ ਸਰਫੇਸ ਸੀਡਰ ਨਾਲ ਬੀਜੀ ਕਣਕ ਦੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ

ਪਰਾਲੀ ਨੂੰ ਅੱਗ ਨਾ ਲਗਾ ਕੇ ਵਾਤਾਵਰਣ ਦੇ ਰਾਖੇ ਬਣੇ ਅਗਾਂਹਵਧੂ ਕਿਸਾਨਾਂ ਨੂੰ ਵੰਡੇ ਪ੍ਰਸ਼ੰਸਾ ਪੱਤਰ

5 Dariya News

ਪਟਿਆਲਾ 16-Apr-2024

ਪਰਾਲੀ ਨੂੰ ਬਿਨ੍ਹਾਂ ਅੱਗ ਲਾਏ ਤੇ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਵਾਲੇ ਖੇਤਾਂ ਵਿੱਚ ਪੱਕ ਚੁੱਕੀ ਕਣਕ ਦੀ ਫ਼ਸਲ ਦਾ ਜਾਇਜ਼ਾ ਲੈਣ ਲਈ ਡਿਪਟੀ ਕਮਿਸ਼ਨਰ ਸ਼ੌਕਤ ਅਹਿਮਦ ਪਰੇ ਨੇ ਇੱਥੇ (ਪਿੰਡ ਬਡੂੰਗਰ) ਪਰਤਾਪ ਨਗਰ ਵਿਖੇ ਪ੍ਰਦਰਸ਼ਨੀ ਪਲਾਂਟ ਦਾ ਦੌਰਾ ਕੀਤਾ। ਇਸ ਮੌਕੇ ਉਨ੍ਹਾਂ ਨੇ ਪਰਾਲੀ ਨੂੰ ਅੱਗ ਨਾ ਲਗਾਕੇ ਸਰਫੇਸ ਸੀਡਰ ਨਾਲ ਕਣਕ ਦੀ ਬਿਜਾਈ ਕਰਕੇ ਵਾਤਾਵਰਣ, ਧਰਤੀ ਤੇ ਪਾਣੀ ਨੂੰ ਬਚਾਉਣ ਵਾਲੇ ਅਗਾਂਹਵਧੂ ਕਿਸਾਨਾਂ ਨੂੰ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਵੱਲੋਂ ਪ੍ਰਸ਼ੰਸਾ ਪੱਤਰ ਵੰਡੇ।

ਸ਼ੌਕਤ ਅਹਿਮਦ ਪਰੇ ਨੇ ਇਨ੍ਹਾਂ ਅਗਾਂਹਵਧੂ ਕਿਸਾਨਾਂ ਨਾਲ ਗੱਲਬਾਤ ਕਰਦਿਆਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਤੋਂ ਬਗੈਰ ਕਣਕ ਦੀ ਬਿਜਾਈ ਸਰਫੇਸ ਸੀਡਰ, ਹੈਪੀ ਸੀਡਰ ਤੇ ਸੁਪਰ ਸੀਡਰ ਮਸ਼ੀਨਾਂ ਨਾਲ ਕਰਨ ਲਈ ਵਧਾਈ ਦਿੱਤੀ ਅਤੇ ਇਨ੍ਹਾਂ ਕਿਸਾਨਾਂ ਨੂੰ ਵਾਤਾਵਰਣ ਦੇ ਰਾਖੇ ਅਤੇ ਹੋਰਨਾਂ ਲਈ ਰਾਹ ਦਸੇਰਾ ਦੱਸਿਆ। ਡਿਪਟੀ ਕਮਿਸ਼ਨਰ ਨੇ ਖੇਤੀਬਾੜੀ ਤੇ ਕਿਸਾਨ ਭਲਾਈ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤੇ ਕਿ ਉਹ ਹੋਰਨਾਂ ਕਿਸਾਨਾਂ ਨੂੰ ਵੀ ਝੋਨੇ ਦੀ ਪਰਾਲੀ ਖੇਤਾਂ ਵਿੱਚ ਹੀ ਵਾਹ ਕੇ ਕਣਕ ਦੀ ਬਿਜਾਈ ਵਾਲੇ ਪ੍ਰਦਰਸ਼ਨੀ ਪਲਾਂਟਾਂ ਦਾ ਦੌਰਾ ਕਰਵਾਉਣ ਤਾਂ ਕਿ ਬਾਕੀ ਕਿਸਾਨਾਂ ਨੂੰ ਵੀ ਪਤਾ ਲੱਗੇ ਕਿ ਸਰਫੇਸ ਸੀਡਰ ਉਨ੍ਹਾਂ ਲਈ ਲਾਹੇਵੰਦ ਹਨ।

ਇਸ ਮੌਕੇ ਆਪਣੇ ਤਜਰਬੇ ਸਾਂਝੇ ਕਰਦਿਆਂ ਪ੍ਰਤਾਪ ਨਗਰ ਵਿਖੇ ਕਰੀਬ 14 ਏਕੜ ਜਮੀਨ 'ਚ ਕਣਕ ਦੀ ਬਿਜਾਈ ਪਰਾਲੀ ਨੂੰ ਬਗੈਰ ਸਾੜੇ ਹੀ ਸਰਫੇਸ ਸੀਡਰ ਨਾਲ ਕਰਨ ਵਾਲੇ ਕਿਸਾਨ ਜਗਤਬੀਰ ਸਿੰਘ ਤੇ ਦਲਾਨਪੁਰ ਸੀਡ ਫਾਰਮ ਦੇ ਮੈਨੇਜਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਪਿਛਲੀ ਵਾਰ ਉਨ੍ਹਾਂ ਨੇ ਮਲਚਿੰਗ ਕਰਕੇ ਕਣਕ ਬੀਜੀ ਸੀ  ਅਤੇ ਇਸ ਵਾਰ ਸਰਫੇਸ ਸੀਡਰ ਨਾਲ ਕਣਕ ਬੀਜੀ ਹੈ। ਉਸਨੇ ਦੱਸਿਆ ਕਿ ਉਸਨੇ 40 ਤੋਂ 45 ਕਿਲੋ ਪ੍ਰਤੀ ਏਕੜ ਬੀਜ ਪਾਇਆ, ਇਸ ਨਾਲ ਖ਼ਰਚੇ ਵੀ ਕਾਫ਼ੀ ਘਟੇ ਹਨ, ਨਦੀਨ ਘੱਟ ਹੋਇਆ ਤੇ ਇਸ ਵਿੱਚ ਪਈ ਪਰਾਲੀ ਖਾਦ ਦਾ ਕੰਮ ਕਰਦੀ ਹੈ, ਜਿਸ ਕਰਕੇ ਦਵਾਈਆਂ ਦੀ ਮਾਤਰਾ ਬਹੁਤ ਘੱਟ ਜਾਣ ਕਰਕੇ ਇਹ ਇੱਕ ਤਰ੍ਹਾਂ ਦੀ ਆਰਗੈਨਿਕ ਕਣਕ ਬਣ ਜਾਂਦੀ ਹੈ।

ਕਿਸਾਨ ਜਸਪਾਲ ਸਿੰਘ ਸਵਾਜਪੁਰ ਨੇ ਦੱਸਿਆ ਕਿ ਉਹ ਪਿਛਲੇ ਦੋ ਦਹਾਕਿਆਂ ਤੋਂ ਪਰਾਲੀ ਨੂੰ ਅੱਗ ਨਾ ਲਗਾਕੇ ਸੁਪਰ ਸੀਡਰ, ਹੈਪੀ ਸੀਡਰ, ਰੋਟਾਵੇਟਰ ਨਾਲ ਕਣਕ ਦੀ ਬਿਜਾਈ ਕਰ ਰਹੇ ਹਨ ਤੇ ਇਸ ਵਾਰ ਸਰਫੇਸ ਸੀਡਰ ਨਾਲ ਕੁਝ ਜਮੀਨ 'ਤੇ ਕਣਕ ਦੀ ਬਿਜਾਈ ਦਾ ਤਜਰਬਾ ਵੀ ਸਫ਼ਲ ਰਿਹਾ ਹੈ। ਕੁਲੇਮਾਜਰਾ ਵਿਖੇ 25 ਏਕੜ ਜਮੀਨ 'ਚ ਪਰਾਲੀ ਬਿਨ੍ਹਾਂ ਸਾੜੇ ਕਣਕ ਬੀਜਣ ਵਾਲੇ ਕਿਸਾਨ ਤਰਸੇਮ ਕਾਂਸਲ ਨੇ ਦੱਸਿਆ ਕਿ ਕਣਕ ਦੇ ਛੱਟੇ ਨਾਲ ਬਿਜਾਈ ਜਾਦੂ ਦਾ ਕੰਮ ਕਰਦੀ ਹੈ।

ਇਸੇ ਤਰ੍ਹਾਂ ਕਿਸਾਨ ਅਵਤਾਰ ਸਿੰਘ ਚਲੈਲਾ, ਲਖਵਿੰਦਰ ਸਿੰਘ ਖਲੀਫ਼ੇਵਾਲਾ, ਕਰਮਜੀਤ ਸਿੰਘ ਕਲਿਆਣ, ਯਾਦਵਿੰਦਰ ਸਿੰਘ ਸੌਜਾ ਸਮੇਤ ਹੋਰ ਕਿਸਾਨਾਂ ਨੇ ਵੀ ਕਣਕ ਦੀ ਬਿਜਾਈ ਬਿਨ੍ਹਾਂ ਪਰਾਲੀ ਸਾੜੇ ਕਰਨ ਬਾਰੇ ਆਪਣੇ ਤਜਰਬੇ ਸਾਂਝੇ ਕੀਤੇ। ਇਸ ਦੌਰਾਨ ਮੁੱਖ ਖੇਤੀਬਾੜੀ ਅਫ਼ਸਰ ਡਾ. ਜਸਵਿੰਦਰ ਸਿੰਘ, ਖੇਤੀਬਾੜੀ ਵਿਭਾਗ ਦੇ ਅਧਿਕਾਰੀ ਗੁਰਦੇਵ ਸਿੰਘ, ਵਿਮਲਪ੍ਰੀਤ ਸਿੰਘ ਤੇ ਕਿਸਾਨ ਵੀ ਮੌਜੂਦ ਸਨ।