5 Dariya News

ਸਿਵਲ ਸਰਜਨ ਦਫਤਰ ਵਿਖੇ ਕੰਨਿਆ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਪੈਦਾ ਕਰਨ ਸਬੰਧੀ ਨਵਜੰਮੀਆਂ ਬੱਚੀਆਂ ਦਾ ਕੰਜਕ ਪੂਜਨ ਕੀਤਾ

5 Dariya News

ਰੂਪਨਗਰ 16-Apr-2024

ਸਿਵਲ ਸਰਜਨ ਰੂਪਨਗਰ ਡਾ. ਮਨੂ ਵਿਜ ਦੇ ਦਿਸ਼ਾ ਨਿਰਦੇਸ਼ਾਂ ਹੇਠ ਪੀ.ਸੀ.-ਪੀ. ਐਨ.ਡੀ.ਟੀ. ਅਧੀਨ ਕੰਨਿਆ ਭਰੂਣ ਹੱਤਿਆ ਵਿਰੁੱਧ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਤਹਿਤ ਅੱਜ ਸਥਾਨਕ ਸਿਵਲ ਸਰਜਨ ਦਫਤਰ ਰੂਪਨਗਰ ਵਿਖੇ ਨਵਜੰਮੀਆਂ ਬੱਚੀਆਂ ਦਾ ਕੰਜਕ ਪੂਜਨ ਕੀਤਾ ਅਤੇ ਹਾਇਕ ਸਿਵਲ ਸਰਜਨ ਡਾਕਟਰ ਅੰਜੂ ਵੱਲੋਂ ਅੱਠ ਬੱਚੀਆਂ ਨੂੰ ਬੇਬੀ ਬਾਥ ਕਿੱਟ ਭੇਂਟ ਕੀਤੀਆਂ ਗਈਆਂ। 

ਇਸ ਮੌਕੇ ਉਹਨਾਂ ਵੱਲੋਂ ਪਰਿਵਾਰਿਕ ਮੈਂਬਰਾਂ ਨੂੰ ਵਧਾਈ ਦਿੰਦਿਆਂ ਕਿਹਾ ਗਿਆ ਕਿ ਉਹ ਬਹੁਤ ਖੁਸ਼ਕਿਸਮਤ ਹਨ ਜੋ ਉਹਨਾਂ ਦੇ ਘਰ ਧੀਆਂ ਨੇ ਜਨਮ ਲਿਆ ਹੈ ਤੇ ਨਾਲ ਹੀ ਉਹਨਾਂ ਕੰਨਿਆ ਭਰੂਣ ਹੱਤਿਆ ਵਿਰੁੱਧ ਅਪੀਲ ਕਰਦਿਆਂ ਕਿਹਾ ਕਿ ਸਾਡੇ ਸਮਾਜ ਦੀ ਲੜਕਾ-ਲੜਕੀ ਦੇ ਫਰਕ ਵਾਲੀ ਸੋਚ ਨੂੰ ਸਾਨੂੰ ਬਦਲਣ ਲਈ ਨਿਰੰਤਰ ਯਤਨ ਕਰਦੇ ਰਹਿਣਾ ਚਾਹੀਦਾ ਹੈ, ਜੇਕਰ ਦੇਖਿਆ ਜਾਵੇ ਤਾਂ ਲੜਕੀਆਂ ਅੱਜ ਦੇ ਦੌਰ ਵਿੱਚ ਲੜਕਿਆਂ ਨਾਲੋਂ ਕਿਸੇ ਵੀ ਖੇਤਰ ਦੇ ਵਿੱਚ ਘੱਟ ਨਹੀਂ ਹਨ ਸਗੋਂ ਜਦੋਂ ਜਦੋਂ ਉਹਨਾਂ ਨੂੰ ਅੱਗੇ ਵਧਣ ਦਾ ਮੌਕਾ ਮਿਲਿਆ ਹੈ ਉਹਨਾਂ ਨੇ ਹਮੇਸ਼ਾ ਨਾਮਣਾ ਖੱਟਿਆ ਹੈ।

ਉਨ੍ਹਾਂ ਕਿਹਾ ਕਿ ਪੀ.ਐਨ.ਡੀ.ਟੀ. ਅਧੀਨ ਸਿਹਤ ਵਿਭਾਗ ਰੂਪਨਗਰ ਵੱਲੋਂ ਵੱਖ-ਵੱਖ ਤਰੀਕਿਆਂ ਨਾਲ ਕੰਨਿਆ ਭਰੂਣ ਹੱਤਿਆ ਰੋਕਣ ਲਈ ਨਿਰੰਤਰ ਉਪਰਾਲੇ ਕੀਤੇ ਜਾਂਦੇ ਰਹਿੰਦੇ ਹਨ ਅਤੇ ਇਹ ਉਪਰਾਲੇ ਭਵਿੱਖ ਦੇ ਵਿੱਚ ਵੀ ਜਾਰੀ ਰਹਿਣਗੇ। ਇਸ ਮੌਕੇ ਜ਼ਿਲਾ ਸਮੂਹ ਸਿੱਖਿਆ ਤੇ ਸੂਚਨਾ ਅਫਸਰ ਮੈਡਮ ਰਾਜ ਰਾਣੀ, ਡਿਪਟੀ ਮਾਸ ਮੀਡੀਆ ਅਫਸਰ ਮੈਡਮ ਰਿਤੂ ਬੀ.ਸੀ.ਸੀ. ਕੋਆਰਡੀਨੇਟਰ ਸੁਖਜੀਤ ਕੰਬੋਜ, ਪੀਐਨਡੀਟੀ ਅਸਿਸਟੈਂਟ ਖੁਸ਼ਹਾਲ, ਕਰਮ ਸਿੰਘ, ਨਵਜਨਮੀਆਂ ਬੱਚੀਆਂ ਅਤੇ ਉਨਾਂ ਦੇ ਮਾਂ -ਬਾਪ ਤੇ ਰਿਸ਼ਤੇਦਾਰ ਮੌਜੂਦ ਸਨ।