5 Dariya News

ਡਿਪਟੀ ਕਮਿਸ਼ਨਰ ਬਰਨਾਲਾ ਪੂਨਮਦੀਪ ਕੌਰ ਵੱਲੋਂ ਸਰਕਾਰੀ ਸਕੂਲ ਭੈਣੀ ਜੱਸਾ ਦਾ ਤੀਸਰਾ ਮੈਗਜ਼ੀਨ ਰਿਲੀਜ਼

5 Dariya News

ਬਰਨਾਲਾ 03-Apr-2024

ਡਿਪਟੀ ਕਮਿਸ਼ਨਰ ਬਰਨਾਲਾ ਸ਼੍ਰੀਮਤੀ ਪੂਨਮਦੀਪ ਕੌਰ ਨੇ ਸਰਕਾਰੀ ਹਾਈ ਸਕੂਲ ਭੈਣੀ ਜੱਸਾ ਦਾ ਸਾਲਾਨਾ ਮੈਗਜ਼ੀਨ ‘ਪ੍ਰੇਰਨਾ’ ਰਿਲੀਜ਼ ਕਰਦਿਆਂ ਕਿਹਾ ਕਿ ਸਾਹਿਤ ਇੱਕ ਕੋਮਲ ਕਲਾ ਹੈ ਜੋ ਜੀਵਨ ਵਿੱਚ ਗਿਆਨ ਤੇ ਵਿਚਾਰਾਂ ਦੇ ਤੌਰ ‘ਤੇ ਸਦੀਵੀਂ ਸਾਡਾ ਚਾਨਣ ਮੁਨਾਰਾ ਬਣਦੀ ਹੈ। ਉਨ੍ਹਾਂ ਕਿਹਾ ਕਿ ਮਨੁੱਖੀ ਖਿਆਲਾਂ ਰਾਹੀਂ ਕਲਮ ਦੀ ਮਦਦ ਨਾਲ ਜੋ ਕਾਗਜ਼ ‘ਤੇ ਉੱਕਰਿਆ ਜਾਂਦਾ ਹੈ ਉਹ ਗੌਰਵਮਈ ਇਤਿਹਾਸ ਬਣ ਜਾਂਦਾ ਹੈ।

ਸਕੂਲੀ ਬੱਚਿਆਂ ਲਈ ਤਾਂ ਸਾਹਿਤ ਨਾਲ ਜੁੜਣਾ ਵੱਡੀ ਪ੍ਰਾਪਤੀ ਹੈ। ਉਨ੍ਹਾ ਕਿਹਾ ਕਿ ਸਰਕਾਰੀ ਸਕੂਲਾਂ ਅੰਦਰ ਤਿਆਰ ਕੀਤੇ ਜਾਣ ਵਾਲੇ ਅਜਿਹੇ ਸਾਹਿਤਕ ਸਕੂਲੀ ਮੈਗਜ਼ੀਨ ਸੁਖਾਵਾਂ ਮਾਹੌਲ ਪੈਦਾ ਕਰਦੇ ਹਨ ਜਿਸ ਨਾਲ਼ ਵਿਦਿਆਰਥੀਆਂ ਵਿੱਚ ਲਾਇਬ੍ਰੇਰੀ ਜਾਣ, ਕਿਤਾਬਾਂ ਪੜ੍ਹਨ ਅਤੇ ਮੌਲਿਕ ਰਚਨਾਵਾਂ ਵੱਲ ਰੁਚਿਤ ਹੋਣ ਦੀ ਖਿੱਚ ਪੈਦਾ ਹੁੰਦੀ ਹੈ। ਡਿਪਟੀ ਕਮਿਸ਼ਨਰ ਵੱਲੋਂ ਸਕੂਲ ਮੁਖੀ ਸ੍ਰੀ ਚੇਤਵੰਤ ਸਿੰਘ, ਮੈਗਜ਼ੀਨ ਸੰਪਾਦਕ ਸ੍ਰੀ ਹਰਜੀਤ ਸਿੰਘ ਮਲੂਕਾ ਅਤੇ ਸੰਪਾਦਕੀ ਮੰਡਲ ਦੇ ਸ੍ਰੀ ਅੰਮ੍ਰਿਤਪਾਲ ਸਿੰਘ ਨੂੰ ਮੈਗਜ਼ੀਨ ਤਿਆਰ ਕਰਨ ਤੇ ਵਧਾਈ ਦਿੱਤੀ। 

ਮੈਗਜ਼ੀਨ ਦੇ ਰਿਲੀਜ਼ ਹੋਣ ਮੌਕੇ ਸਕੂਲ ਦੇ ਡੀ.ਡੀ.ਓ. ਪ੍ਰਦੀਪ ਕੁਮਾਰ ਅਤੇ ਸਕੂਲ ਮੁਖੀ ਚੇਤਵੰਤ ਸਿੰਘ ਨੇ ਕਿਹਾ ਕਿ ਸਾਹਿਤਕ ਰੁਚੀਆਂ ਰੱਖਣ ਵਾਲੇ ਵਿਦਿਆਰਥੀਆਂ ਨੂੰ ਜੇਕਰ ਥੋੜ੍ਹੀ ਬਹੁਤ ਸੇਧ ਦੇ ਦਿੱਤੀ ਜਾਵੇ ਤਾਂ ਉਹ ਆਪਣੀਆਂ ਕੁਸ਼ਲਤਾਵਾਂ ਅਤੇ ਕਲਾਵਾਂ ਨੂੰ ਨਿਖਾਰ ਕੇ ਬਹੁਤ ਚੰਗੀਆਂ ਰਚਨਾਵਾਂ ਲਿਖ ਕੇ ਸਾਹਿਤ ਵਿੱਚ ਉੱਤਮ ਭੂਮਿਕਾ ਨਿਭਾ ਸਕਦੇ ਹਨ। ਉਨ੍ਹਾਂ ਕਿਹਾ ਕਿ ਮੈਗਜ਼ੀਨ ਸੰਪਾਦਕ ਹਰਜੀਤ ਸਿੰਘ ਮਲੂਕਾ ਵੱਲੋਂ ਤਿਆਰ ਕੀਤਾ ਇਹ ਸਕੂਲ ਦਾ ਤੀਸਰਾ ਮੈਗਜ਼ੀਨ ਹੈ ਜਿਸ ਦਾ ਸਾਰਾ ਕੰਮ ਬਹੁਤ ਉੱਤਮ ਤਰੀਕੇ ਨਾਲ ਕੀਤਾ ਹੈ। 

ਮੈਗਜ਼ੀਨ ਸੰਪਾਦਕ ਹਰਜੀਤ ਸਿੰਘ ਮਲੂਕਾ ਨੇ ਕਿਹਾ ਕਿ ਇਸ ਸਾਹਿਤਕ ਮੈਗਜ਼ੀਨ ਵਿੱਚ ਵਿਦਿਆਰਥੀਆਂ ਅਤੇ ਅਧਿਆਪਕਾਂ ਨੇ ਆਪਣੀਆਂ ਰਚਨਾਵਾਂ ਅਤੇ ਸੰਸਥਾ ਦੇ ਚਾਲੂ ਸੈਸ਼ਨ ਦੀਆਂ ਗਤੀਵਿਧੀਆਂ ਨੂੰ ਖੂਬਸੂਰਤ ਤਰੀਕੇ ਨਾਲ ਅੰਕਿਤ ਕੀਤਾ ਹੈ। ਮੈਗਜ਼ੀਨ ਦੇ ਰਿਲੀਜ਼ ਮੌਕੇ ਸਮੂਹ ਸਕੂਲ ਸਟਾਫ ਨੇ ਡਿਪਟੀ ਕਮਿਸ਼ਨਰ ਸ੍ਰੀ ਪੂਨਮਦੀਪ ਕੌਰ ਦਾ ਵਿਸ਼ੇਸ ਧੰਨਵਾਦ ਕਰਦਿਆਂ ਉਨ੍ਹਾ ਨੂੰ ਮੈਗਜ਼ੀਨ ਦੀਆਂ ਕਾਪੀਆਂ ਭੇਂਟ ਕੀਤੀਆਂ। ਇਸ ਮੌਕੇ ਡੀ.ਸੀ ਦਫ਼ਤਰ ਦੇ ਸ੍ਰੀ ਵਿੱਕੀ ਡਾਵਲਾ ਅਤੇ ਸਕੂਲ ਦਾ ਸਟਾਫ ਹਾਜਰ ਸੀ।